ਦਰਿਆਵਾਂ ਵਿੱਚ ਕੀ ਕੁਝ ਰੁੜ੍ਹਿਆ ਰੱਤ ਦੇ ਤੁਪਕੇ ਬੋਲ ਰਹੇ ਨੇ।
ਬੀਤ ਗਏ ਦੀ ਦਰਦ ਕਹਾਣੀ, ਵਰਕਾ ਵਰਕਾ ਫੋਲ ਰਹੇ ਨੇ।
ਕੀ ਕੁਝ ਹੋਇਆ, ਕਿਸ ਨੇ ਕੀਤਾ ਸਰਬ ਸਮੇਂ ਦੀ ਹਿੱਕ ਤੇ ਲਿਖਿਆ,
ਸਬਕ ਲੈਣ ਦੀ ਥਾਂ ਤੇ “ਸੱਚ” ਨੂੰ ਹਾਕਮ ਫੇਰ ਮਧੋਲ ਰਹੇ ਨੇ।
ਇਹ ਕਿੱਧਰ ਦਾ ਸੱਚਾ ਸੌਦਾ, ਹੇ ਇਨਸਾਫ਼ ਤੂੰ ਕਿੱਥੇ ਲੁਕਿਆ,
ਕਾਤਲ ਤੇ ਮਕਤੂਲ ਨੂੰ ਮੁਨਸਿਫ ਇੱਕ ਤੱਕੜੀ ਵਿੱਚ ਤੋਲ ਰਹੇ ਨੇ।
ਅੰਨ੍ਹੀ ਤਾਕਤ ਦੇ ਵਿੱਚ ਅੰਨ੍ਹੇ ਇਸ ਗੱਲ ਨੂੰ ਕਿਉਂ ਭੁੱਲ ਜਾਂਦੇ ਨੇ,
ਹਥਿਆਰਾਂ ਦੇ ਨਾਲ ਕਮਾਏ ਤਾਜ ਸਦਾ ਕਿਸ ਕੋਲ਼ ਰਹੇ ਨੇ?
ਰਾਤਾਂ ਨੂੰ ਨਾ ਉੱਠ ਉੱਠ ਬਹਿੰਦੇ,ਓਹੀ ਆਪਣੀ ਨੀਂਦਰ ਸੌਂਦੇ,
ਤੇਜ਼ ਹਨ੍ਹੇਰੀ ਅੱਗੇ ਜਿਹੜੇ,ਸਾਬਤ ਕਦਮ ਅਡੋਲ ਰਹੇ ਨੇ।
ਬੜੇ ਸ਼ਿਕਾਰੀ ਆਏ, ਮਰ ਗਏ, ਹੋਰ ਬੜੇ ਵੀ ਲਾਉਣ ਨਿਸ਼ਾਨੇ,
ਸੁਪਨ-ਪਰਿੰਦੇ ਅੱਜ ਵੀ ਓਵੇ , ਅੰਬਰ ਵਿੱਚ ਪਰ ਤੋਲ ਰਹੇ ਨੇ।
ਸੂਲ਼ੀ ਟੰਗਿਆਂ ਦੇ ਧੀ ਪੁੱਤਰ, ਆਸ ਜਗਾ ਕੇ ਹੁਣ ਵੀ ਜਿਉਂਦੇ,
ਮੜ੍ਹੀਆਂ ਵਿੱਚੋਂ ਲਾਲ ਗੁਆਚੇ, ਦਿਨ ਤੇ ਰਾਤੀਂ ਟੋਲ਼ ਰਹੇ ਨੇ।
🔷
ਗੁਰਭਜਨ ਗਿੱਲ