ਮੈਲਬੌਰਨ 8 ਜੁਲਾਈ (ਬਿੱਕਰ ਬਾਈ/ਵਰਲਡ ਪੰਜਾਬੀ ਟਾਈਮਜ਼)
ਸਾਹਿਤਕ ਸੱਥ ਮੈਲਬੌਰਨ ਵੱਲੋਂ ਹਰ ਸਾਲ ਕਰਵਾਇਆ ਜਾਣ ਵਾਲਾ ਅਦਬੀ ਅਤੇ ਕਲਾ ਉਤਸਵ ਮੈਲਬੌਰਨ ਵਿਖੇ ਮਿਤੀ 15 ਅਗਸਤ ਦਿਨ ਸ਼ਨੀਵਾਰ ਨੂੰ ਕਰਵਾਇਆ ਜਾਵੇਗਾ। ਇਸ ਦੇ ਮੁੱਖ ਮਹਿਮਾਨ ਆਦਰਯੋਗ ਪੰਜਾਬ ਭਵਨ ਸਰੀ ਕਨੇਡਾ ਦੇ ਸੰਸਥਾਪਕ ਸੁੱਖੀ ਬਾਠ ਜੀ ਹੋਣਗੇ। ਪ੍ਰਧਾਨਗੀ ਮੰਡਲ ਵਿਚ ਪੰਜਾਬੀ ਦੀ ਨਾਮਵਰ ਸ਼ਾਇਰਾ ਸੁਖਵਿੰਦਰ ਅੰਮ੍ਰਿਤ ਜੀ ਕਵੀ ਦਰਬਾਰ ਦੀ ਪ੍ਰਧਾਨਗੀ ਕਰਨਗੇ ਅਤੇ ਇਪਸਾ ਦੇ ਸੰਸਥਾਪਕ ਪ੍ਰਗਤੀਸ਼ੀਲ ਸ਼ਾਇਰ ਸਰਬਜੀਤ ਸੋਹੀ ਸਨਮਾਨ ਸਮਾਰੋਹ ਦੀ ਪ੍ਰਧਾਨਗੀ ਕਰਨਗੇ। ਪ੍ਰਧਾਨਗੀ ਮੰਡਲ ਵਿਚ ਪ੍ਰਸਿੱਧ ਖੇਡ ਹਸਤੀ ਡਾ: ਹਰਪ੍ਰੀਤ ਸ਼ੇਰਗਿੱਲ ਜੀ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਣਗੇ। ਇਸ ਸਾਲ ਦਾ ਸਾਹਿਤ ਦੇ ਖੇਤਰ ਵਿਚ ਜੀਵਨ ਭਰ ਦੀਆਂ ਪ੍ਰਾਪਤੀਆਂ ਅਤੇ ਸਾਹਿਤ ਲਈ ਪਾਏ ਯੋਗਦਾਨ ਲਈ ਦਿੱਤਾ ਜਾਣਾ ਵਾਲਾ ਵੱਕਾਰੀ ਪੁਰਸਕਾਰ ਨਾਮਵਰ ਆਲੋਚਕ ਡਾ: ਹਰਭਜਨ ਸਿੰਘ ਭਾਟੀਆ ਜੀ ਨੂੰ ਦਿੱਤਾ ਜਾਵੇਗਾ।
ਸਾਹਿਤਕ ਸੱਥ ਮੈਲਬੌਰਨ ਵੱਲੋਂ ਹਰ ਸਾਲ ਦਿੱਤੇ ਜਾਂਦੇ ਇਸ ਪੁਰਸਕਾਰ ਵਿਚ 1100 ਡਾਲਰ ਦੀ ਰਾਸ਼ੀ, ਸੋਵੀਨਾਰ ਅਤੇ ਇਕ ਲੋਈ ਸ਼ਾਮਲ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਸ਼ਾਇਰਾ ਸੁਖਵਿੰਦਰ ਅੰਮ੍ਰਿਤ, ਉਰਦੂ ਸ਼ਾਇਰ ਖੁਸ਼ਬੀਰ ਸਿੰਘ ਸ਼ਾਦ, ਕਵੀ ਅਤੇ ਚਿੰਤਕ ਜਸਵੰਤ ਜਫ਼ਰ ਅਤੇ ਸ਼ਾਇਰ ਸਰਬਜੀਤ ਸੋਹੀ ਨੂੰ ਇਹ ਪੁਰਸਕਾਰ ਦਿੱਤਾ ਜਾ ਚੁੱਕਾ ਹੈ। ਇਸ ਉਤਸਵ ਵਿੱਚ ਗੀਤਕਾਰੀ ਵਿਚ ਪਾਏ ਯੋਗਦਾਨ ਲਈ ਗੀਤਕਾਰ ਨਿਰਮਲ ਸਿੰਘ ਦਿਓਲ ਜੀ ਨੂੰ ਵੀ ਵਿਸ਼ੇਸ਼ ਸਨਮਾਨ ਪ੍ਰਦਾਨ ਕੀਤਾ ਜਾਵੇਗਾ।
ਹਰ ਸਾਲ ਆਯੋਜਿਤ ਹੁੰਦੇ ਇਸ ਸਮਾਗਮ ਵਿੱਚ ਸਾਹਿਤ ਤੋਂ ਇਲਾਵਾ ਲੋਕ-ਭਾਸ਼ਾ/ਖੋਜਕਾਰੀ, ਥੀਏਟਰ/ਫਿਲਮਕਾਰੀ, ਮੀਡੀਆ/ਪੱਤਰਕਾਰੀ ਅਤੇ ਲੋਕ ਨਾਚ/ਨ੍ਰਿਤਕਾਰੀ ਦੇ ਖੇਤਰਾਂ ਵਿੱਚ ਵੀ ਅਹਿਮ ਯੋਗਦਾਨ ਪਾਉਣ ਵਾਲਿਆਂ ਨੂੰ ਪੰਜਾਬ ਗੌਰਵ ਪੁਰਸਕਾਰ ਦਿੱਤੇ ਜਾਂਦੇ ਹਨ। ਇਸ ਸਾਲ ਤੋਂ ਪੰਜਵੀਂ ਕੈਟਾਗਰੀ ਲੋਕ-ਸੇਵਾ/ਪ੍ਰਬੰਧਕਾਰੀ ਵੀ ਇਸ ਪੁਰਸਕਾਰ ਨਾਲ ਜੋੜੀ ਗਈ ਹੈ। ਇਸ ਉਤਸਵ ਵਿਚ ਕਲਾ ਪ੍ਰਦਰਸ਼ਨੀ ਅਤੇ ਪੁਸਤਕ ਪ੍ਰਦਰਸ਼ਨੀ , ਲੋਕ ਸਾਜ਼ ਪ੍ਰਦਰਸ਼ਨੀ ਮੁੱਖ ਆਕਰਸ਼ਨ ਹੋਣਗੇ। ਸਮੂਹ ਮੈਂਬਰ ਸਾਹਿਤਕ ਸੱਥ ਮੈਲਬੌਰਨ ਤੁਹਾਡੀ ਸਭ ਦੀ ਹਾਜ਼ਰੀ ਦੀ ਆਦਰ ਸਹਿਤ ਉਡੀਕ ਕਰਨਗੇ। ਹੋਰ ਜਾਣਕਾਰੀ ਲਈ ਸੰਪਰਕ ਕਰ ਸਕਦੇ ਹੋ।
