ਨਾ ਧਰਤੀ ਨਾ ਅੰਬਰ ਝੱਲੇ, ਅੱਜ ਵੀ ਅਸੀਂ ਪਨਾਹੀਆਂ ਵਰਗੇ ।
ਘਸਦੇ ਘਸਦੇ ਘਸ ਚੱਲੇ ਆਂ, ਘਾਹੀਆਂ ਦੇ ਪੁੱਤ ਘਾਹੀਆਂ ਵਰਗੇ ।
ਬੜੇ ਸਲੀਕੇ ਵਾਲੇ ਘਰ ਵਿਚ, ਚੌਵੀ ਘੰਟੇ ਰਹੀਏ ਡਰ ਵਿਚ,
ਖ਼ਬਰੇ ਕਦ ਵਾਧੂ ਹੋ ਜਾਈਏ, ਵਸਤਾਂ ਕੁਝ ਅਣਚਾਹੀਆਂ ਵਰਗੇ ।
ਮਰ ਚੱਲੇ ਆਂ ਹੌਕੇ ਭਰਦੇ, ਅੰਬਰ ਕਾਲਾ ਸਾਡੇ ਕਰਕੇ,
ਹਿੱਕ ਵਿਚ ਦੱਬੀਆਂ ਚੀਕਾਂ ਜੀਕੂੰ, ਦਰਦਮੰਦਾਂ ਦੀਆਂ ਆਹੀਆਂ ਵਰਗੇ ।
ਰੱਜਿਆਂ ਖਾਤਰ ਸਾਲਣ ਬਣੀਏਂ, ਪੰਜੀਂ ਸਾਲੀਂ ਬਾਲਣ ਬਣੀਏ,
ਭੱਠੀ ਤਪਦੀ ਰੱਖਣ ਖਾਤਰ, ਦਰਿਆ ਕੰਢੇ ਕਾਹੀਆਂ ਵਰਗੇ ।
ਕੰਠ ਵਿਛੁੰਨੀਆਂ ਜੀਕੂੰ ਬੀਨਾਂ, ਅਣਖ਼ ਬਿਨਾ ਬੇਜਾਨ ਜ਼ਮੀਰਾਂ,
ਸੁਪਨੇ, ਖੇਤ, ਜ਼ਮੀਨਾਂ ਬੰਜਰ, ਵਾਹੀਆਂ ਤੇ ਅਣਵਾਹੀਆਂ ਵਰਗੇ ।
ਕਿਹੜੇ ਗਿਣੀਏ ਘਾਟੇ, ਵਾਧੇ, ਸੇਰੂ, ਪਾਵੇ ਘੁਣ ਨੇ ਖਾਧੇ,
ਵਾਣ ਪੁਰਾਣਾ ਹੋਇਆ ਜਿਸਦਾ, ਉਸ ਮੰਜੇ ਦੀਆਂ ਬਾਹੀਆਂ ਵਰਗੇ ।
ਰੱਖਣ ਸੋਚਾਂ ਫ਼ਰਜ਼ ਜਗਾਈ, ਗਿਆਨ ਦੀ ਡਾਢੀ ਸ਼ਾਮਤ ਆਈ,
ਆਉਂਦੇ ਜਾਂਦੇ ਸਾਹ ਵੀ ਜਾਪਣ, ਗਲ ਵਿਚ ਪਈਆਂ ਫਾਹੀਆਂ ਵਰਗੇ ।
ਗ਼ਰਜ਼ਾਂ ਦੀ ਪਰਿਕਰਮਾ ਕਰੀਏ, ਨਾ ਹੀ ਜੀਵੀਏ, ਨਾ ਹੀ ਮਰੀਏ,
ਘਰ ਸਿਰਨਾਵੇਂ ਭੁੱਲ ਗਏ ਜੋ, ਰਾਹ ਵਿਚ ਗੁੰਮੇ ਰਾਹੀਆਂ ਵਰਗੇ ।
ਸ਼ਾਸਤਰਾਂ ਦੇ ਸਿਰਜਣਹਾਰੇ, ਬਣ ਗਏ ਜਦ ਤੋਂ ਸ਼ਸਤਰਧਾਰੀ,
ਅਕਲ ਕੋਟ ਦੇ ਕਿਲ੍ਹੇਦਾਰ ਵੀ, ਰਹਿ ਗਏ ਸਿਰਫ਼ ਸਿਪਾਹੀਆਂ ਵਰਗੇ ।
ਮੁੱਕ ਚੱਲੇ ਆਂ, ਮਰਦੇ ਮਰਦੇ, ਸਰਹੱਦਾਂ ਦੀ ਰਾਖੀ ਕਰਦੇ,
ਰਾਜ ਘਰਾਂ ਲਈ ਸਾਡੇ ਪੁੱਤਰ, ਬਣ ਗਏ ਸਿਰਫ਼ ਗਰਾਹੀਆਂ ਵਰਗੇ ।
▪️ਗੁਰਭਜਨ ਗਿੱਲ