ਗੱਡੀ ਆਪਣੀ ਰਫ਼ਤਾਰ
ਨਾਲ ਜਾ ਰਹੀ ਸੀ
ਤੇ ਉਹ ਸੋਚਦੀ
ਕਾਸ਼
ਮੇਰਾ ਹਮਦਮ ਮੇਰੇ ਨਾਲ ਹੁੰਦਾ
ਬਾਹਰ ਅਸਮਾਨ ਵਿੱਚ
ਉੱਡਦੇ ਪੰਛੀਆਂ ਤੇ ਜਹਾਜ਼ਾਂ ਨੂੰ
ਨਿਹਾਰਦੀ
ਤੇ ਉਹ ਸੋਚਦੀ
ਤੂੰ ਮੇਰੇ ਨਾਲ ਹੁੰਦਾ ਤੇ
ਇਹਨਾਂ ਨੂੰ ਉੱਡਦਿਆਂ ਦੇਖ
ਬੱਚਿਆਂ ਵਾਂਗ ਖ਼ੁਸ਼ ਹੁੰਦੇ
ਬਾਹਰ ਭੱਜਦੇ ਜਾਂਦੇ
ਖੇਤਾਂ ਨੂੰ ਦੇਖ !
ਤੇ ਉਹ ਸੋਚਦੀ
ਗੱਡੀ ਰੋਕ ਖੇਤਾਂ ਵਿੱਚ ਚਲੇ ਜਾਂਦੇ
ਇੱਧਰ ਉਧਰ ਭੱਜਦੇ
ਕਿਲਕਾਰੀਆਂ ਮਾਰਦੇ
ਤੇ ਤੂੰ ਮੇਰੀ ਉੱਡਦੀ ਜਾਂਦੀ
ਲਟਾਂ ਨੂੰ ਸੰਵਾਰਦਾ
ਗੱਡੀ ਦੇ ਝਟਕਿਆਂ ਨਾਲ
ਕਿਤੇ ਨੀਂਦ ਆ ਜਾਂਦੀ !
ਤੇ ਉਹ ਸੋਚਦੀ
ਕਾਸ਼ ਤੇਰਾ ਕੰਧਾ ਹੁੰਦਾ
ਤੇ ਮੈਂ ਸਿਰ ਰੱਖ
ਬੇਫ਼ਿਕਰ ਹੋ ਸੋ ਜਾਂਦੀ
ਆਪਣੇ ਨਾਲ ਦੀ
ਖਾਲ਼ੀ ਸੀਟ ਵੱਲ ਦੇਖਦੀ
ਤੇ ਉਹ ਸੋਚਦੀ
ਤੂੰ ਨਾਲ ਹੁੰਦਾ ਤੇ
ਗੱਲਾਂ ਬਾਤਾਂ ਕਰਦਿਆਂ
ਸਫ਼ਰ ਕੱਦ ਖ਼ਤਮ ਹੋ ਗਿਆ
ਪਤਾ ਹੀ ਨਾ ਲੱਗਦਾ
ਸੋਚਾਂ ਸੋਚਦਿਆਂ ਕੱਦ
ਗੱਡੀ ਦੇ ਬਰੇਕ ਲੱਗ ਗਏ
ਪਤਾ ਹੀ ਨਹੀਂ ਲੱਗਾ
ਤੇ ਉਹ ਸੋਚਦੀ
ਜਿਵੇਂ ਉਸਨੂੰ ਕਿਸੇ ਨੇ
ਮਿੱਠੇ ਸੁਪਨੇ ਤੋਂ ਜਗਾ ਦਿੱਤਾ ਹੋਏ
ਤੇ ਉਹ ਸੋਚਦੀ
ਕਾਸ਼ ਇਹ ਸੱਚ ਹੁੰਦਾ
ਤੇ ਉਹ ਸੋਚਦੀ
ਤੇ ਉਹ ਸੋਚਦੀ।
( ਰਮਿੰਦਰ ਰੰਮੀ )