ਪਾਕਿ-ਪਟਨ ਮੈਂ ਆ ਨਹੀਂ ਸਕਿਆ ਆਪਣੇ ਪਿੰਡ ਤੋਂ ਯਾਰ ਫ਼ਰੀਦਾ ।
ਚੰਗਾ ਕੀਤਾ, ਦਰਸ਼ਨ ਦਿੱਤੇ ਲਹਿ ਗਿਆ ਰੂਹ ਤੋਂ ਭਾਰ ਫ਼ਰੀਦਾ ।
ਅੱਠ ਸਦੀਆਂ ਤੋਂ ਬਾਦ ਅਜੇ ਵੀ ਮਾਂ ਬੋਲੀ ਗੋਲੀ ਦੀ ਗੋਲੀ,
ਸਾਡੇ ਹਾਕਮ ਨੂੰ ਸਮਝਾਈਂ ਜੋੜੀਂ ਟੁੱਟੀ ਤਾਰ ਫ਼ਰੀਦਾ ।
ਵੇਦ ਕਤੇਬ ਸੁਣਾ ਕੇ ਸਾਨੂੰ, ਲੈਣ ਪਦਾਰਥ ਸ਼ਰਧਾ ਬਦਲੇ,
ਪੰਡਿਤ ਮੁੱਲਾਂ ਭਾਈਆਂ ਨੂੰ ਕਹਿ, ਧਰਮ ਨਹੀਂ ਰੁਜ਼ਗਾਰ ਫ਼ਰੀਦਾ ।
ਰਾਜ ਕਰਦਿਆਂ ਲੋਕਾਂ ਨੇ ਹੁਣ, ਸਗਲ ਪੁਜਾਰੀ ਕੀਲ ਬਿਠਾਏ,
ਮਰਯਾਦਾ ਤੇ ਸ਼ਰਮ ਵਿਸਾਰੀ, ਕਰਦੇ ਮਾਰੋ ਮਾਰ ਫ਼ਰੀਦਾ ।
ਧਰਮਸਾਲ ਚੋਂ ਧਰਮ ਗੁਆਚਾ, ਸ਼ਬਦ ਹਨ੍ਹੇਰੇ ਅੰਦਰ ਡੁੱਬਿਆ,
ਸਿਰ ਬੱਧੀ ਦਸਤਾਰ ਪਾਟ ਹਈ, ਚੁੰਨੀ ਤਾਰੋ ਤਾਰ ਫ਼ਰੀਦਾ ।
ਸ਼ੱਕਰ ਗੰਜ ਨੂੰ ਮੁਸਲਿਮ ਆਖਣ, ਮੈਨੂੰ ਸਿੱਖ, ਈਸਾਈ, ਹਿੰਦੂ,
ਕਿੱਥੋਂ ਕਿੱਧਰ ਤੁਰ ਪਏ ਸਾਰੇ, ਇਹ ਮੇਰੇ ਮਨ ਭਾਰ ਫ਼ਰੀਦਾ ।
ਤੇਰੇ ਤੋਂ ਦੱਸ ਕਾਹਦਾ ਓਹਲਾ, ਕੂੜਾ ਵਣਜ ਵਿਹਾਜ ਰਹੇ ਹਾਂ,
ਭਟਕਣ ਵਿੱਚ ਹੈ ਏਸੇ ਕਰਕੇ, ਸਾਡਾ ਦਿਲ-ਦਰਬਾਰ ਫ਼ਰੀਦਾ ।
ਤੇਰੀ ਬਖ਼ਸ਼ੀ ਮਿੱਠੀ ਬਾਣੀ, ਮਾਖਿਉਂ ਹੈ ਵਿਸਮਾਦ ਸਦੀਵੀ,
ਤਾਂਹੀਂਉਂ ਹਰ ਪਲ ਤਾਰ ਟੁਣਕਦੀ, ਰੂਹ ਦੇ ਅੰਦਰਵਾਰ ਫ਼ਰੀਦਾ ।
ਬਾਬਾ ! ਤੂੰ ਤੇ ਸ਼ਬਦ ਹਿਮਾਲਾ, ਪਹਿਲ ਪਲੇਠੀ ਨੂਰੀ ਟੀਸੀ,
ਜਿੰਨੀ ਵਾਰ ਪੜ੍ਹਾਂ ਜਾਂ ਸੁਣਦਾਂ, ਮੈਂ ਜਾਵਾਂ ਬਲਿਹਾਰ ਫਰੀਦਾ।
▪️ਗੁਰਭਜਨ ਗਿੱਲ
