ਬਾਬਾ ਫ਼ਰੀਦ ਆਗਮਨ-ਪੁਰਬ 2026: ਸਰਬੱਤ ਦੇ ਭਲੇ ਦੀ ਅਰਦਾਸ ਨਾਲ ਸਮਾਗਮਾਂ ਦੀ ਹੋਈ ਸ਼ੁਰੂਆਤ : ਸੇਖੋਂ
56 ਸਾਲਾਂ ਦੀ ਪਾਵਨ ਪਰੰਪਰਾ ਅਨੁਸਾਰ ਫ਼ਰੀਦਕੋਟ ‘ਚ ਬਾਬਾ ਫ਼ਰੀਦ ਆਗਮਨ-ਪੁਰਬ ਦਾ ਰਸਮੀ ਆਗਾਜ਼
ਫ਼ਰੀਦਕੋਟ, 20 ਸਤੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਮਹਾਨ ਸੂਫ਼ੀ ਸੰਤ ਬਾਬਾ ਸ਼ੇਖ਼ ਫ਼ਰੀਦ ਜੀ ਦੀ ਪਵਿੱਤਰ ਯਾਦ ਨੂੰ ਸਮਰਪਿਤ ਆਗਮਨ-ਪੁਰਬ 2026 ਦੇ ਸਮਾਗਮਾਂ ਦਾ ਰਸਮੀ ਆਗਾਜ਼ ਕਈ ਦਹਾਕਿਆਂ ਤੋਂ ਚੱਲੀ ਆ ਰਹੀ ਪਾਵਨ ਪ੍ਰੰਪਰਾ ਅਨੁਸਾਰ ਗੁਰਦੁਆਰਾ ਟਿੱਲਾ ਬਾਬਾ ਫ਼ਰੀਦ ਜੀ, ਫ਼ਰੀਦਕੋਟ ਵਿਖੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਨਾਲ ਬੜੀ ਸ਼ਰਧਾ, ਸਤਿਕਾਰ ਅਤੇ ਧਾਰਮਿਕ ਉਤਸ਼ਾਹ ਨਾਲ ਹੋਇਆ। ਸਮਾਗਮ ਬਾਬਾ ਫ਼ਰੀਦ ਧਾਰਮਿਕ ਅਤੇ ਵਿੱਦਿਅਕ ਸੰਸਥਾਵਾਂ ਦੇ ਪ੍ਰਧਾਨ ਸ. ਸਿਮਰਜੀਤ ਸਿੰਘ ਸੇਖੋਂ ਅਤੇ ਜ਼ਿਲ੍ਹਾ ਆਗਮਨ-ਪੁਰਬ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ, ਡਿਪਟੀ ਕਮਿਸ਼ਨਰ ਸ੍ਰੀ ਰਾਹੁਲ ਚਾਬਾ ਆਈ.ਏ.ਐੱਸ. ਦੀ ਦੇਖ-ਰੇਖ ਹੇਠ ਸਵੇਰੇ 6:00 ਵਜੇ ਤੋਂ 8:00 ਵਜੇ ਤੱਕ ਕਰਵਾਇਆ ਗਿਆ। ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਉਪਰੰਤ ਬਾਬਾ ਫ਼ਰੀਦ ਜੀ ਦੇ ਪਾਵਨ ਸ਼ਲੋਕਾਂ ਦਾ ਉਚਾਰਨ ਕੀਤਾ ਗਿਆ। ਇਸ ਤੋਂ ਬਾਅਦ ਸ੍ਰੀ ਅਨੰਦ ਸਾਹਿਬ ਜੀ ਦਾ ਪਾਠ ਹੋਇਆ ਅਤੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ। ਉਪਰੰਤ ਪਾਵਨ ਹੁਕਮਨਾਮਾ ਲਿਆ ਗਿਆ। ਸਮੁੱਚਾ ਮਾਹੌਲ ਬਾਬਾ ਫ਼ਰੀਦ ਜੀ ਦੀ ਬਾਣੀ, ਰੂਹਾਨੀਅਤ ਅਤੇ ਸ਼ਰਧਾ ਦੇ ਰੰਗ ਵਿੱਚ ਰੰਗਿਆ ਨਜ਼ਰ ਆਇਆ। ਇਸ ਮੌਕੇ ਕਮੇਟੀ ਦੇ ਜਨਰਲ ਸਕੱਤਰ ਸ. ਸੁਰਿੰਦਰ ਸਿੰਘ ਰੋਮਾਣਾ ਨੇ ਆਈ ਹੋਈ ਸਾਧ ਸੰਗਤ ਨੂੰ ਸੰਬੋਧਨ ਕਰਦਿਆਂ ਨਿੱਘਾ ਜੀ ਆਇਆਂ ਆਖਿਆ ਅਤੇ ਆਗਮਨ-ਪੁਰਬ ਦੇ ਧਾਰਮਿਕ ਤੇ ਸਮਾਜਿਕ ਮਹੱਤਵ ਬਾਰੇ ਚਾਨਣਾ ਪਾਇਆ। ਸਮਾਗਮ ਵਿੱਚ ਐੱਮ.ਐੱਲ.ਏ. ਸ. ਗੁਰਦਿੱਤ ਸਿੰਘ ਸੇਖੋਂ ਅਤੇ ਉਹਨਾਂ ਦੀ ਧਰਮ ਪਤਨੀ, ਸ੍ਰੀ ਪੁਨੀਤ ਸ਼ਰਮਾ, ਪੀ.ਸੀ.ਐੱਸ., ਐੱਸ.ਡੀ.ਐੱਮ. ਫ਼ਰੀਦਕੋਟ, ਸ. ਰਜਿੰਦਰ ਸਿੰਘ, ਪੀ.ਸੀ.ਐੱਸ., ਐੱਸ.ਡੀ.ਐੱਮ. ਕੋਟਕਪੂਰਾ, ਜ਼ਿਲ੍ਹਾ ਯੋਜਨਾ ਬੋਰਡ ਦੇ ਪ੍ਰਧਾਨ ਸ. ਗੁਰਤੇਜ ਸਿੰਘ ਖੋਸਾ, ਮੰਡੀਬੋਰਡ ਦੇ ਚੇਅਰਮੈਨ ਸ. ਅਮਨਦੀਪ ਸਿੰਘ ਅਤੇ ਨਗਰ ਕੌਂਸਲ ਦੇ ਪ੍ਰਧਾਨ ਸ. ਬਰਜਿੰਦਰ ਸਿੰਘ ਆਹੂਜਾ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕਰਕੇ ਬਾਬਾ ਫ਼ਰੀਦ ਜੀ ਦੇ ਪਾਵਨ ਅਸਥਾਨ ‘ਤੇ ਨਤਮਸਤਕ ਹੋ ਕੇ ਅਸ਼ੀਰਵਾਦ ਪ੍ਰਾਪਤ ਕੀਤਾ। ਪ੍ਰਧਾਨ ਸ. ਸਿਮਰਜੀਤ ਸਿੰਘ ਸੇਖੋਂ ਨੇ ਸਮੂਹ ਸਾਧ ਸੰਗਤ ਅਤੇ ਪਹੁੰਚੇ ਹੋਏ ਮਹਿਮਾਨਾਂ ਦਾ ਨਿੱਘਾ ਸਵਾਗਤ ਕਰਦਿਆਂ ਕਿਹਾ ਕਿ ਬਾਬਾ ਫ਼ਰੀਦ ਜੀ ਦਾ ਜੀਵਨ ਅਤੇ ਬਾਣੀ ਮਨੁੱਖਤਾ ਨੂੰ ਪਿਆਰ, ਨਿਮਰਤਾ, ਸੇਵਾ, ਸਾਂਝੀਵਾਲਤਾ ਅਤੇ ਆਪਸੀ ਭਾਈਚਾਰੇ ਦਾ ਸਦੀਵੀ ਸੰਦੇਸ਼ ਦਿੰਦੀ ਹੈ। ਉਨ੍ਹਾਂ ਨੇ ਸੰਗਤਾਂ ਨੂੰ ਆਗਮਨ-ਪੁਰਬ ਦੇ ਪਵਿੱਤਰ ਦਿਨਾਂ ਦੌਰਾਨ ਸਾਫ਼-ਸਫ਼ਾਈ ਦਾ ਵਿਸ਼ੇਸ਼ ਧਿਆਨ ਰੱਖਣ, ਅਨੁਸ਼ਾਸਨ ਬਣਾਈ ਰੱਖਣ ਅਤੇ ਸ਼ਾਂਤੀ ਤੇ ਆਪਸੀ ਸਦਭਾਵਨਾ ਕਾਇਮ ਰੱਖਣ ਦੀ ਅਪੀਲ ਕੀਤੀ। ਉਨ੍ਹਾਂ ਦੱਸਿਆ ਕਿ ਪਿਛਲੇ 56 ਸਾਲਾਂ ਤੋਂ ਮਨਾਏ ਜਾ ਰਹੇ ਬਾਬਾ ਫ਼ਰੀਦ ਆਗਮਨ-ਪੁਰਬ ਦੇ ਸਮਾਗਮ ਹਰ ਸਾਲ ਆਪਣੀ ਵਿਲੱਖਣ ਅਤੇ ਅਮਿੱਟ ਛਾਪ ਛੱਡਦੇ ਆ ਰਹੇ ਹਨ। ਇਹ ਸਮਾਗਮ ਨਾ ਸਿਰਫ਼ ਬਾਬਾ ਫ਼ਰੀਦ ਜੀ ਦੀ ਮਹਾਨ ਰੂਹਾਨੀ ਵਿਰਾਸਤ ਨਾਲ ਸੰਗਤਾਂ ਨੂੰ ਜੋੜਦੇ ਹਨ, ਸਗੋਂ ਪਿਆਰ, ਸ਼ਾਂਤੀ ਅਤੇ ਮਨੁੱਖੀ ਏਕਤਾ ਦਾ ਸੰਦੇਸ਼ ਵੀ ਘਰ-ਘਰ ਪਹੁੰਚਾਉਂਦੇ ਹਨ। ਇਸ ਮੌਕੇ ਪਹੁੰਚੇ ਪਤਵੰਤੇ ਮਹਿਮਾਨਾਂ ਨੂੰ ਕਮੇਟੀ ਵੱਲੋਂ ਸਿਰੋਪਾਉ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ।
ਜ਼ਿਕਰਯੋਗ ਹੈ ਕਿ ਹਰ ਸਾਲ ਬਾਬਾ ਫ਼ਰੀਦ ਜੀ ਦੇ ਆਗਮਨ-ਪੁਰਬ ਮੌਕੇ ਦੇਸ਼-ਵਿਦੇਸ਼ ਤੋਂ ਲੱਖਾਂ ਦੀ ਗਿਣਤੀ ਵਿੱਚ ਸੰਗਤਾਂ ਫ਼ਰੀਦਕੋਟ ਪਹੁੰਚਦੀਆਂ ਹਨ ਅਤੇ ਬਾਬਾ ਫ਼ਰੀਦ ਜੀ ਦੇ ਪਾਵਨ ਅਸਥਾਨਾਂ ‘ਤੇ ਨਤਮਸਤਕ ਹੋ ਕੇ ਗੁਰੂ-ਘਰ ਦੀਆਂ ਖ਼ੁਸ਼ੀਆਂ ਪ੍ਰਾਪਤ ਕਰਦੀਆਂ ਹਨ। ਆਗਮਨ-ਪੁਰਬ ਨੇ ਫ਼ਰੀਦਕੋਟ ਦੀ ਧਾਰਮਿਕ, ਸੱਭਿਆਚਾਰਕ ਅਤੇ ਰੂਹਾਨੀ ਪਛਾਣ ਨੂੰ ਵਿਸ਼ਵ ਪੱਧਰ ‘ਤੇ ਵਿਲੱਖਣ ਸਥਾਨ ਦਿਵਾਇਆ ਹੈ। ਇਸ ਸ਼ੁਭ ਮੌਕੇ ਬਾਬਾ ਫ਼ਰੀਦ ਧਾਰਮਿਕ ਅਤੇ ਵਿੱਦਿਅਕ ਸੰਸਥਾਵਾਂ, ਫ਼ਰੀਦਕੋਟ ਵੱਲੋਂ ਸ. ਚਰਨਜੀਤ ਸਿੰਘ ਸੇਖੋਂ, ਸ. ਸੁਰਿੰਦਰ ਸਿੰਘ ਰੋਮਾਣਾ, ਡਾ. ਗੁਰਇੰਦਰ ਮੋਹਨ ਸਿੰਘ, ਸ. ਦੀਪਇੰਦਰ ਸਿੰਘ ਸੇਖੋਂ, ਸ. ਕੁਲਜੀਤ ਸਿੰਘ ਮੰਗੀਆਂ, ਸ. ਗੁਰਜਾਪ ਸਿੰਘ ਸੇਖੋਂ ਅਤੇ ਸ. ਨਰਿੰਦਰ ਪਾਲ ਸਿੰਘ ਬਰਾੜ ਸਮੇਤ ਹੋਰ ਪਤਵੰਤੇ ਅਤੇ ਵੱਡੀ ਗਿਣਤੀ ਵਿੱਚ ਸਾਧ ਸੰਗਤ ਨੇ ਹਾਜ਼ਰੀ ਭਰੀ।
