ਇੱਕ ਓਂਕਾਰ ਤੋਂ ਤੁਰਿਆ ਕਾਫ਼ਲਾ,
ਪੈਂਤੀ ਅੱਖਰਾਂ ਵਿੱਚ ਦੀ ਹੋ ਕੇ,
ਸੰਗਤ ਦੇ ਵਿੱਚ ਪੰਗਤ ਲਾ ਕੇ,
ਜਦ ਬਹਿੰਦਾ ਸੀ ।
ਮੇਰਾ ਗੁਰ ਉਪਦੇਸ਼ ਦੇਂਦਿਆਂ,
ਕੋਠੇ ਚੜ੍ਹ ਕੇ ਇਹ ਕਹਿੰਦਾ ਸੀ ।
ਸ਼ਬਦ ਨਿਰੰਤਰ ਜਗਦੇ ਰੱਖਣਾ ।
ਸੋਚ ਅੰਗੀਠੀ ਮਘਦੇ ਰੱਖਣਾ ।
ਅੰਗਦ ਗੁਰੂ ਪਰੋਈ ਮਾਲਾ,
ਪੈਂਤੀ ਅੱਖਰ ਕਰਨ ਉਜਾਲਾ ।
ਅਮਰ ਦਾਸ ਗੁਰ ਸੇਵ ਕਮਾਈ ।
ਲੰਗਰ ਪੰਗਤ ਦੀ ਕੀ ਐਸੀ
ਰੀਤ ਚਲਾਈ ।
ਊਚ ਨੀਚ ਦੀ ਲੀਕ ਮਿਟਾਈ ।
ਰਾਮ ਦਾਸ ਗੁਰ ਚੌਥੀ ਪੀੜ੍ਹੀ ।
ਸ਼ਬਦ ਗੁਰੂ ਲਈ ਥਾਨ ਸੁਹਾਵਾ ।
ਪੰਜਵੇਂ ਗੁਰ ਪਰਮੇਸ਼ਰ ਪੋਥੀ
ਏਸ ਬਿਨਾ ਹਰ ਗੱਲ ਹੈ ਥੋਥੀ ।
ਧਰਮ ਸਥਾਨ ਚ ਦੀਪ ਬਾਲ਼ਿਆ ।
ਹਨ੍ਹੇਰ ਦੀ ਚਾਦਰ ਲੀਰਾਂ ਲੀਰਾਂ ।
ਸੰਗਤ ਆਈ ਘੱਤ ਵਹੀਰਾਂ ।
ਸ਼ਬਦ ਗੁਰੂ ਪ੍ਰਕਾਸ਼ ਜਵਾਲਾ ।
ਤਵੀਆਂ ਤੇ ਧਰ ਦਿੱਤੀ ਮਾਲਾ ।
ਕੁਫ਼ਰ ਕਹਿਰ ਜਰਵਾਣੇ ਤੜਫ਼ੇ ।
ਸ਼ਬਦ ਗੁਰੂ ਸਿਰ ਤਪਦੀ ਰੇਤਾ ।
ਰਾਵੀ ਦਰਿਆ ਆਪ ਗਵਾਹ ਹੈ ।
ਸ਼ਬਦ ਵਿਧਾਨ ਤੇ ਧਰਮ ਸਥਾਨ ।
ਤੀਜਾ ਰਲਿਆ ਨਾਲ ਨਿਸ਼ਾਨ ।
ਤਿੰਨੇ ਰਲ ਕੇ ਤਖ਼ਤ ਹਿਲਾਉਂਦੇ ।
ਹਾਕਮ ਨੂੰ ਤਿੰਨੇ ਨਾ ਭਾਉਂਦੇ ।
ਸ਼ਬਦ ਜਦੋਂ ਸੀ ਗਰੰਥ ਬਣ ਗਿਆ ।
ਇਹ ਹੀ ਗੁਰ ਦਾ ਪੰਥ ਬਣ ਗਿਆ ।
ਪੰਜਵੇਂ ਗੁਰ ਦਾ ਪਰਉਪਕਾਰ ।
ਚੇਤੇ ਕਰਦਾ ਕੁੱਲ ਸੰਸਾਰ ।
ਸ਼ੱਕਰਗੰਜ ਫ਼ਰੀਦ ਕਬੀਰਾ ।
ਕਹੁ ਰਵੀਦਾਸ ਇਹ ਖ਼ਾਕ ਸਰੀਰਾ ।
ਭੱਟ ਭਗਤ ਗੁਰੂਦੇਵ ਸਮਾਏ ।
ਇੱਕੋ ਮਾਲਾ ਵਿੱਚ ਹਮਸਾਏ ।
ਛੇਵੇਂ ਗੁਰ ਨੇ ਮੀਰੀ ਪੀਰੀ ।
ਕਹਿ ਦਿੱਤੀ ਇਹ ਬਾਤ ਅਖ਼ੀਰੀ ।
ਮੀਰੀ ਦੀ ਰਖਵਾਲੀ ਪੀਰੀ ।
ਕੋਮਲ ਪੱਤੀਆਂ ਜੀਵਨ ਧਾਰਾ ।
ਹਰਿ ਰਾਏ ਜੀ ਬਚਨ ਉਚਾਰਾ ।
ਗਿਆਨ ਦਾ ਸੋਮਾ ਹਰ ਥਾਂ ਹਾਜ਼ਰ ।
ਅਠਵੇਂ ਗੁਰ ਨੇ ਕੀਤਾ ਨਾਜ਼ਰ ।
ਨੌਵੇਂ ਗੁਰ ਦੀ ਬਾਤ ਨਿਆਰੀ ।
ਸਤਿਗੁਰ ਜਿਸ ਦੀ ਪੈਜ ਸੰਵਾਰੀ ।
ਨਾ ਭੈ ਦੇਣਾ ਨਾ ਭੈ ਮੰਨਣਾ ।
ਇਸ ਆਖੇ ਨੂੰ ਸਭ ਨੇ ਮੰਨਣਾ ।
ਦੀਨ ਦੁਖੀ ਦੀ ਰਾਖੀ ਖ਼ਾਤਰ ।
ਲੋੜ ਪਵੇ ਤਾਂ ਸਿਰ ਦਾ ਠੀਕਰ,
ਦਿੱਲੀ ਤਖ਼ਤ ਦੇ ਸਾਹਵੇਂ ਭੰਨਣਾ ।
ਤੇਗ ਬਹਾਦਰ ਹਿੰਦ ਦੀ ਚਾਦਰ ।
ਸਰਬ ਧਰਮ ਦਾ ਕਰਦੇ ਆਦਰ ।
ਇਹ ਲਿਖ ਕੇ ਉਪਦੇਸ ਪੜ੍ਹਾਇਆ ।
ਧਰਤੀ ਅੰਬਰ ਦੋਵੇਂ ਕੰਬ ਗਏ ।
ਜਦ ਮੇਰੇ ਗੁਰ ਸੀਸ ਕਟਾਇਆ ।
ਫੁੱਲ ਡੋਡੀ ਦੀ ਉਮਰੇ ਵੇਖੋ,
ਮੇਰੇ ਗੁਰ ਦਸਮੇਸ਼ ਪਿਤਾ ਨੇ,
ਧਰਮ ਕਰਮ ਦੀ ਰਾਖੀ ਖਾਤਰ ਸੰਤ ਸਿਪਾਹੀ ਬਾਤ ਇਲਾਹੀ
ਸ਼ਬਦ ਕਹੇ ਤੇ ਕਲਮਾਂ ਉੱਗੀਆਂ ।
ਜੋ ਜੋ ਮੂੰਹੋਂ ਆਖ ਸੁਣਾਇਆ,
ਓਹੀ ਰਣ ਵਿੱਚ ਕਰਤ ਵਿਖਾਇਆ ।
ਆਨੰਦਪੁਰ ਤੋਂ ਤੁਰਿਆ ਸੂਰਜ
ਜਿੱਥੇ ਜਿੱਥੇ ਤੁਰਿਆ ਪੁੱਜਾ ।
ਸਭ ਕੁਝ ਪਰਗਟ ਕੁਝ ਨਹੀਂ ਗੁੱਝਾ ।
ਕੱਚੀ ਗੜ੍ਹੀ ਧਰਤ ਚਮਕੌਰ ।
ਵਾਰੇ ਵੱਡੇ ਪੁੱਤਰ ਭੌਰ ।
ਅਜੀਤ ਜੁਝਾਰ ਤੇ ਮਗਰੇ ਨਿੱਕੇ ।
ਜ਼ੋਰਾਵਰ ਫ਼ਤਹਿ ਸਿੰਘ ਬਣ ਗਏ
ਸ਼ਬਦ ਗੁਰੂ ਟਕਸਾਲ ਦੇ ਸਿੱਕੇ ।
ਸਰਹੰਦ ਵਿੱਚ ਵਿਸ਼ਵਾਸ ਦੇ ਰਾਖੇ ਮੰਨਿਆ ਨਾ ਜੋ ਸੂਬਾ ਆਖੇ ।
ਗੁਰ ਮੇਰੇ ਨੇ ਪੰਧ ਮੁਕਾਇਆ ।
ਸ਼ਬਦ ਗੁਰੂ ਸਾਨੂੰ ਲੜ ਲਾਇਆ
ਕੁੱਲ ਦੁਨੀਆਂ ਤੋਂ ਵੱਖਰਾ ਸਾਨੂੰ
ਸਬਕ ਪੜਾਇਆ ।
ਜਿਸ ਨੇ ਸਾਡਾ ਰਾਹ ਰੁਸ਼ਨਾਇਆ ।
ਜੇਕਰ ਅੱਜ ਹਨ੍ਹੇਰਾ ਗੂੜ੍ਹਾ ।
ਹੱਲੇ ਕਰ ਕਰ ਆਵੇ ਕੂੜਾ ।
ਇਸ ਵਿੱਚ ਸਾਡਾ ਏਹੀ ਬਣਦਾ
ਬਾਣੀ ਦੇ ਚਾਨਣ ਵਿੱਚ ਤੁਰਨਾ ।
ਅੱਗੇ ਵਧਣਾ ਕਦੇ ਨਾ ਝੁਰਨਾ ।
ਇਹ ਹੀ ਦੱਸਿਆ ਗਾਡੀਰਾਹ ।
ਦੀਨ ਦੁਖੀ ਦੇ ਬੇਪਰਵਾਹ ।
▪️ ਗੁਰਭਜਨ ਗਿੱਲ

