ਪੰਜਾਬੀ ਲੇਖਕ ਤੇ ਪਿਆਰੇ ਵੱਡੇ ਵੀਰ ਸ. ਗੁਰਬਚਨ ਸਿੰਘ ਚਿੰਤਕ(ਕੈਂਬੋ) ਦੇ ਸਦੀਵੀ ਵਿਛੋੜੇ ਦੀ ਸੂਚਨਾ ਵੀਰ ਸਤਿੰਦਰਪਾਲ ਸਿੰਘ ਸਿੱਧਵਾਂ ਨੇ ਦਿੱਤੀ ਹੈ।
ਮੋਗਾ ਦੇ ਜੰਮਪਲ ਸ. ਗੁਰਬਚਨ ਸਿੰਘ ਚਿੰਤਕ 20 ਅਕਤੂਬਰ 1935 ਨੂੰ ਪੈਦਾ ਹੋਏ ਤੇ 20 ਜੁਲਾਈ 2026 ਨੂੰ ਸਾਡਾ ਸਾਥ ਛੱਡ ਗਏ।
ਸ. ਚਿੰਤਕ ਨਾਲ ਪਹਿਲੀ ਮੁਲਾਕਾਤ 2003 ਵਿੱਚ ਮਾਸਟਰ ਹਰਚਰਨ ਸਿੰਘ ਰਾਮੂਵਾਲੀਆ ਨੇ ਕਰਵਾਈ ਸੀ। ਉਨ੍ਹਾਂ ਦੇ ਪਹਿਲੇ ਕਾਵਿ ਸੰਗ੍ਰਹਿ ਦਾ ਮੁੱਖ ਬੰਦ ਲਿਖਣ ਦਾ ਮਾਣ ਵੀ ਉਨ੍ਹਾਂ ਮੈਨੂੰ ਦਿੱਤਾ। ਉਹ ਆਪਣੀ ਹਰ ਭਾਰਤ ਫੇਰੀ ਦੌਰਾਨ ਹੀ ਮੈਨੂੰ ਘਰ ਆ ਕੇ ਮਿਲਦੇ। ਚੰਗਾ ਲੱਗਦਾ।
ਪਿਛਲੀ ਫੇਰੀ ਵੇਲੇ ਉਨ੍ਹਾਂ ਨਾਲ ਸ਼ਾਇਰ ਮਹਿੰਦਰ ਸਾਥੀ ਵੀ ਸੀ। ਆਪਣੀ ਸਵੈਜੀਵਨੀ ਦੇ ਕੇ ਗਏ ਸਨ। ਸਾਥੀ ਉਨ੍ਹਾਂ ਦਾ ਬਾਲ ਸਖਾ ਮਿੱਤਰ ਸੀ। ਦੋਵੇਂ ਸਾਨੂੰ ਅੱਗੜ ਪਿੱਛੜ ਵਿਛੋੜਾ ਦੇ ਗਏ।
ਮੇਰੇ ਕਹਿਣ ਤੇ ਹੀ ਉਨ੍ਹਾਂ ਕਈ ਸਾਲ ਪਹਿਲਾਂ ਅਜਮੇਰ ਗਿੱਲ ਦੀ ਗ਼ਜ਼ਲ ਪੁਸਤਕ ਛਪਵਾਉਣ ਵਿੱਚ ਆਰਥਿਕ ਮਦਦ ਵੀ ਕੀਤੀ ਸੀ।
ਮਨ ਉਦਾਸ ਹੋ ਗਿਆ ਵੀਰ ਦੇ ਵਿੱਛੜਨ ਦੀ ਖ਼ਬਰ ਸੁਣ ਕੇ।
24 ਜੁਲਾਈ ਨੂੰ ਉਨ੍ਹਾਂ ਨੂੰ ਟੋਰੰਟੋ ਵਿੱਚ ਸਦੀਵੀ ਅਲਵਿਦਾ ਕਹੀ ਜਾਵੇਗੀ।
ਮਿੱਤਰ ਦੇ ਜਾਣ ਤੇ ਪ੍ਰੋ. ਮੋਹਨ ਸਿੰਘ ਜੀ ਦਾ ਸ਼ਿਅਰ ਚੇਤੇ ਆ ਰਿਹੈ।
ਫੁੱਲ ਹਿੱਕ ਵਿੱਚ ਜੰਮੀ ਪਲ਼ੀ ਖੁਸ਼ਬੂ ਜਾਂ ਉੱਡ ਗਈ,
ਅਹਿਸਾਸ ਹੋਇਆ ਫੁੱਲ ਨੂੰ ਰੰਗਾਂ ਦੇ ਭਾਰ ਦਾ।
ਗੁਰਭਜਨ ਗਿੱਲ

