— ਸਮੁੱਚੇ ਇਲਾਕੇ ਨੂੰ ਹੈ ਮਾਣ —
ਸ੍ਰੀ ਮੁਕਤਸਰ ਸਾਹਿਬ, 06 ਸਤੰਬਰ ( ਸ਼ਿਵਨਾਥ/ਵਰਲਡ ਪੰਜਾਬੀ ਟਾਈਮਜ਼)
ਇਥੋਂ ਨੇੜਲੇ ਪਿੰਡ ਚੱਕ ਬੀੜ ਸਰਕਾਰ ਦੇ ਰਹਿਣ ਵਾਲੇ ਸੰਸਾਰ ਖਾਨ ਅਤੇ ਉਨ੍ਹਾਂ ਦੀ ਪਤਨੀ ਗਗਨ ਖਾਨ ਦੀ ਹੋਣਹਾਰ ਸਪੁੱਤਰੀ ਤੇਰ੍ਹਾਂ ਸਾਲ ਦੀ ਮਹਿਨਾਜ ਖਾਨ ਨੇ ਛੋਟੀ ਉਮਰੇ ਵੱਡੀਆਂ ਮੱਲਾਂ ਮਾਰਨ ਦੀ ਕਹਾਵਤ ਨੂੰ ਪੂਰੀ ਤਰ੍ਹਾਂ ਸੱਚ ਸਾਬਤ ਕਰ ਦਿੱਤਾ ਹੈ। ਪਿੰਡ ਦੇ ਹੀ ਸਰਕਾਰੀ ਸਕੂਲ ਦੀ ਛੇਵੀਂ ਕਲਾਸ ਦੀ ਵਿਦਿਆਰਥਣ ਆਪਣੀ ਪੜ੍ਹਾਈ ਦੇ ਨਾਲ-ਨਾਲ ਖੇਡਾਂ ਅਤੇ ਸਭਿਆਚਾਰਕ ਪ੍ਰੋਗਰਾਮਾਂ ਵਿਚ ਵੀ ਆਪਣੀ ਕਲਾ ਦੇ ਜੌਹਰ ਦਿਖਾਉਂਦੀ ਆ ਰਹੀ ਹੈ। ਕੋਇਲ ਵਰਗੀ ਮਿੱਠੀ ਅਵਾਜ਼ ਦੀ ਧਨੀ ਮਹਿਨਾਜ ਨੇ ਸੰਗੀਤ ਦੇ ਬਹੁਤ ਸਾਰੇ ਮੁਕਾਬਲਿਆਂ ਵਿੱਚ ਭਾਗ ਲਿਆ ਅਤੇ ਜੇਤੂ ਰਹਿਣ ਰਹਿ ਕੇ ਇਨਾਮ ਪ੍ਰਾਪਤ ਕੀਤੇ ਹਨ। ਐਨਾ ਹੀ ਨਹੀਂ ਡਾਂਸ ਦੇ ਖੇਤਰ ਵਿਚ ਵੀ ਇਸ ਹੋਣਹਾਰ ਬੱਚੀ ਨੇ ਕਈ ਮੱਲਾਂ ਮਾਰੀਆਂ ਹਨ, ਅਜਿਹੇ ਕਿਸੇ ਵੀ ਮੁਕਾਬਲੇ ਵਿਚ ਭਾਗ ਲੈਣ ਸਮੇਂ ਮਹਿਮਾਜ ਦੀ ਕਲਾ ਦਰਸ਼ਕਾਂ ਦਾ ਮਨ ਮੋਹ ਲੈਂਦੀ ਹੈ ਅਤੇ ਵਾਹ! ਵਾਹ! ਖੱਟਦੀ ਹੈ। ਇਸੇ ਤਰ੍ਹਾਂ ਪੜ੍ਹਾਈ ਦੇ ਖੇਤਰ ਵਿਚ ਵੀ ਮੱਲਾਂ ਮਾਰੀਆਂ ਹਨ। ਮਹਿਨਾਜ ਸ਼ੁਰੂ ਤੋਂ ਹੀ ਹਾਕੀ ਖੇਡਣ ਦੀ ਸ਼ੌਕੀਨ ਰਹੀ ਹੈ ਅਤੇ ਉਹ ਹਾਕੀ ਖੇਡ ਨੂੰ ਆਪਣਾ ਪਰਮ ਧਰਮ ਮੰਨਦੀ ਹੈ। ਪਿਛਲੇ ਦਿਨੀਂ ਸਥਾਨਕ ਗੌਰਮਿੰਟ ਕਾਲਜ ਵਿਖੇ ਜਿਲ੍ਹਾ ਸਪੋਰਟਸ ਵਿੰਗ ਵੱਲੋਂ ਕਰਵਾਈਆਂ ਗਈਆਂ ਖੇਡਾਂ ਵਿਚ ਮਹਿਨਾਜ ਦੀ ਟੀਮ ਨੇ ਵੀ ਭਾਗ ਲਿਆ ਸੀ। ਇਸ ਟੀਮ ਨੇ ਜਿਲ੍ਹੇ ਵਿਚੋਂ ਪਹਿਲਾ ਸਥਾਨ ਪ੍ਰਾਪਤ ਕਰਕੇ ਆਪਣਾ ਮਾਂ-ਬਾਪ ਅਤੇ ਇਲਾਕੇ ਦਾ ਮਾਣ ਵਧਾਇਆ ਹੈ। ਜਿਕਰਯੋਗ ਹੈ ਕਿ ਮਹਿਨਾਜ ਦੀ ਮਾਤਾ ਗਗਨ ਖਾਨ ਸਮਾਜ ਦੇ ਭਲੇ ਅਤੇ ਵਿਕਾਸ ਨੂੰ ਸਮਰਪਿਤ ਪ੍ਰਮੁੱਖ ਵਰਕਿੰਗ ਗੈਰ ਸਰਕਾਰੀ ਸਮਾਜ ਸੇਵੀ ਸੰਸਥਾ ਮੁਕਤਸਰ ਵਿਕਾਸ ਮਿਸ਼ਨ ਦੀ ਪ੍ਰੋਜੈਕਟ ਮੈਨੇਜਰ ਹੈ। ਹਾਕੀ ਵਿਚ ਮਹਿਨਾਜ ਦੀ ਉਕਤ ਸ਼ਾਨਦਾਰ ਪ੍ਰਾਪਤੀ ਲਈ ਮਿਸ਼ਨ ਮੁਖੀ ਪ੍ਰਸਿੱਧ ਸਮਾਜ ਸੇਵਕ ਜਗਦੀਸ਼ ਰਾਏ ਢੋਸੀਵਾਲ ਸਮੇਤ ਸਮੁੱਚੇ ਅਹੁਦੇਦਾਰਾਂ ਅਤੇ ਮੈਂਬਰਾਂ ਨੇ ਮਹਿਨਾਜ ਨੂੰ ਵਧਾਈ ਦਿੱਤੀ ਹੈ। ਅੱਜ ਇਥੇ ਪ੍ਰੈਸ ਨਾਲ ਇਹ ਜਾਣਕਾਰੀ ਸਾਂਝੀ ਕਰਦੇ ਹੋਏ ਪ੍ਰਧਾਨ ਢੋਸੀਵਾਲ ਨੇ ਕਿਹਾ ਹੈ ਕਿ ਮਹਿਨਾਜ ਦੀ ਕਲਾ ਅਤੇ ਖੇਡਾਂ ਪ੍ਰਤੀ ਰੁਚੀ ਕਾਰਨ ਭਵਿੱਖ ਵਿਚ ਉਹ ਇਲਾਕੇ ਦਾ ਹੋਰ ਵੀ ਨਾਮ ਚਮਕਾਏਗੀ।
ਫੋਟੋ ਕੈਪਸ਼ਨ : ਮਹਿਨਾਜ ਖਾਨ ਹਾਕੀ ਵਿਚ ਜਿੱਤੀ ਟਰਾਫੀ ਦਿਖਾਉਂਦੀ ਹੋਈ।

