ਕੋਟਕਪੂਰਾ, 6 ਸਤੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਅੱਜ ਪ੍ਰਜਾਪਤ ਧਰਮਸ਼ਾਲਾ ਵਿਖੇ ਸਮੂਹ ਪ੍ਰਜਾਪਤ ਸਮਾਜ ਦੀ ਇੱਕ ਬਹੁਤ ਹੀ ਵਿਸ਼ੇਸ਼ ਅਤੇ ਹੰਗਾਮੀ ਮੀਟਿੰਗ ਆਯੋਜਿਤ ਕੀਤੀ ਗਈ। ਜਿਸ ਵਿੱਚ ਸਮਾਜ ਦੇ ਪਹੁੰਚੇ ਵੱਡੀ ਗਿਣਤੀ ਮੈਂਬਰਾਂ, ਬਜ਼ੁਰਗਾਂ, ਮੁਹੱਜ਼ਜ਼ ਸ਼ਖ਼ਸੀਅਤਾਂ ਅਤੇ ਨੌਜਵਾਨਾਂ ਨੇ ਸ਼ਮੂਲੀਅਤ ਕੀਤੀ। ਮੀਟਿੰਗ ਦੌਰਾਨ ਸਮਾਜ ਨੂੰ ਦਰਪੇਸ਼ ਆ ਰਹੀਆਂ ਵੱਖ-ਵੱਖ ਮੌਜੂਦਾ ਸਮੱਸਿਆਵਾਂ ‘ਤੇ ਗੰਭੀਰਤਾ ਨਾਲ ਚਰਚਾ ਕੀਤੀ ਗਈ। ਹਾਜ਼ਰ ਮੈਂਬਰਾਂ ਨੇ ਆਪਣੇ-ਆਪਣੇ ਵਿਚਾਰ ਅਤੇ ਸੁਝਾਅ ਪੇਸ਼ ਕਰਦਿਆਂ ਸਮਾਜ ਦੀ ਬਹਤਰੀ ਲਈ ਇੱਕਜੁੱਟ ਹੋ ਕੇ ਕੰਮ ਕਰਨ ‘ਤੇ ਜ਼ੋਰ ਦਿੱਤਾ।
ਸਮੂਹ ਸਮਾਜ ਨੂੰ ਇੱਕੋ ਪਲੇਟਫ਼ਾਰਮ ‘ਤੇ ਇਕੱਠਾ ਕਰਨ ਦਾ ਅਹਿਦ :- ਮੀਟਿੰਗ ਵਿੱਚ ਪਹੁੰਚੇ ਸਮੂਹ ਭਾਈਚਾਰੇ ਦੀ ਇੱਕੋ-ਇੱਕ ਮੁੱਖ ਮੰਗ ਸੀ ਕਿ ਪੂਰੇ ਪ੍ਰਜਾਪਤ ਸਮਾਜ ਨੂੰ ਇੱਕਜੁੱਟ ਕਰਕੇ ਇੱਕੋ ਪਲੇਟਫ਼ਾਰਮ ‘ਤੇ ਲਿਆਂਦਾ ਜਾਵੇ, ਤਾਂ ਕਿ ਸਮਾਜਿਕ ਏਕਤਾ ਨੂੰ ਮਜ਼ਬੂਤ ਕੀਤਾ ਜਾ ਸਕੇ, ਸਮਾਜ ਦੇ ਹੱਕਾਂ ਤੇ ਮੁੱਦਿਆਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਚੁੱਕਿਆ ਜਾ ਸਕੇ। ਇਸ ਗੱਲ ‘ਤੇ ਪੂਰਨ ਸਹਿਮਤੀ ਬਣੀ ਕਿ ਸਮਾਜ ਦੀ ਅਗਵਾਈ ਲਈ ਸਾਰੇ ਭਾਈਚਾਰੇ ਦੀ ਆਪਸੀ ਸਹਿਮਤੀ ਨਾਲ ਹੀ ਇੱਕ ਯੋਗ ਅਤੇ ਸਮਰਪਿਤ ਪ੍ਰਧਾਨ ਦੀ ਨਿਯੁਕਤੀ ਕੀਤੀ ਜਾਵੇਗੀ।
ਨਵੰਬਰ ਮਹੀਨੇ ‘ਚ ਹੋਵੇਗੀ ਪ੍ਰਧਾਨਗੀ ਦੀ ਚੋਣ :- ਸਮਾਜਿਕ ਸਹਿਮਤੀ ਤੋਂ ਬਾਅਦ ਇਹ ਵੱਡਾ ਫੈਸਲਾ ਲਿਆ ਗਿਆ ਹੈ ਕਿ ਆਉਣ ਵਾਲੇ ਨਵੰਬਰ ਮਹੀਨੇ ਦੇ ਐਤਵਾਰ ਨੂੰ ਇੱਕ ਵਿਸ਼ੇਸ਼ ਮੀਟਿੰਗ ਰੱਖ ਕੇ ਪ੍ਰਧਾਨਗੀ ਦੀ ਚੋਣ ਪ੍ਰਕਿਰਿਆ ਨੇਪਰੇ ਚਾੜ੍ਹੀ ਜਾਵੇਗੀ। ਜੋ ਵੀ ਸੱਜਣ ਜਾਂ ਉਮੀਦਵਾਰ ਪ੍ਰਧਾਨਗੀ ਦੇ ਚਾਹਵਾਨ ਹਨ ਅਤੇ ਸਮਾਜ ਦੀ ਸੇਵਾ ਕਰਨ ਦੇ ਇੱਛੁਕ ਹਨ, ਉਹ ਆਪਣੇ ਨਾਮ ਚੋਣ ਕਮੇਟੀ ਕੋਲ ਦਰਜ ਕਰਵਾ ਸਕਦੇ ਹਨ।
ਪੂਰੀ ਪਾਰਦਰਸ਼ਤਾ ਅਤੇ ਲੋਕਤੰਤਰੀ ਢੰਗ ਨਾਲ ਹੋਵੇਗੀ ਚੋਣ ਪ੍ਰਕਿਰਿਆ :- ਸਮਾਜ ਦੇ ਅਹੁਦੇਦਾਰਾਂ ਅਤੇ ਮੋਹਤਬਰਾਂ ਨੇ ਸਮੂਹ ਮੈਂਬਰਾਂ ਨੂੰ ਵਿਸ਼ਵਾਸ ਦਿਵਾਇਆ ਹੈ ਕਿ ਇਹ ਚੋਣ ਪ੍ਰਕਿਰਿਆ ਪੂਰੀ ਤਰ੍ਹਾਂ ਨਿਰਪੱਖ, ਪਾਰਦਰਸ਼ੀ ਅਤੇ ਲੋਕਤੰਤਰੀ ਮਰਿਆਦਾਵਾਂ ਅਨੁਸਾਰ ਕੀਤੀ ਜਾਵੇਗੀ। ਮੀਟਿੰਗ ਦੇ ਅੰਤ ਵਿੱਚ ਸਮਾਜ ਦੇ ਆਗੂਆਂ ਨੇ ਸਮੂਹ ਭਾਈਚਾਰੇ ਨੂੰ ਅਪੀਲ ਕੀਤੀ ਕਿ ਉਹ ਨਵੰਬਰ ਮਹੀਨੇ ਹੋਣ ਵਾਲੀ ਚੋਣ ਮੀਟਿੰਗ ਵਿੱਚ ਵੱਧ-ਚੜ੍ਹ ਕੇ ਸ਼ਮੂਲੀਅਤ ਕਰਨ ਅਤੇ ਸਮਾਜਿਕ ਏਕਤਾ ਦਾ ਸਬੂਤ ਦੇਣ।

