ਅਧਿਆਪਕ ਖਾਲੀ ਅਸਾਮੀਆਂ, ਤਨਖ਼ਾਹਾਂ ਦੇ ਬਕਾਏ, ਪੁਲਿਸ ਕਾਰਵਾਈ ਅਤੇ ਗੈਰ-ਅਕਾਦਮਿਕ ਕੰਮਾਂ ਤੋਂ ਪ੍ਰੇਸ਼ਾਨ : ਬਰਾੜ
ਕੋਟਕਪੂਰਾ, 6 ਸਤੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਅਧਿਆਪਕ ਦਿਵਸ ਮੌਕੇ ਭਾਰਤੀ ਜਨਤਾ ਪਾਰਟੀ ਨੇ ਆਮ ਆਦਮੀ ਪਾਰਟੀ ਸਰਕਾਰ ‘ਤੇ ਪੰਜਾਬ ਦੇ ਅਧਿਆਪਕਾਂ ਨਾਲ ਵਿਸ਼ਵਾਸਘਾਤ ਕਰਨ ਅਤੇ ਆਪਣੀ ਬਹੁਚਰਚਿਤ ‘ਸਿੱਖਿਆ ਕ੍ਰਾਂਤੀ’ ਨੂੰ ਇੱਕ ਖੋਖਲੇ ਸਿਆਸੀ ਨਾਅਰੇ ਵਿੱਚ ਬਦਲਣ ਦਾ ਦੋਸ਼ ਲਗਾਇਆ।
ਪ੍ਰੈੱਸ ਨੋਟ ਜਾਰੀ ਕਰਦਿਆਂ ਫਰੀਦਕੋਟ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸੰਦੀਪ ਸਿੰਘ ਸੰਨੀ ਬਰਾੜ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਖੁਦ ਨੂੰ ਇੱਕ ਅਧਿਆਪਕ ਦਾ ਪੁੱਤਰ ਦੱਸਦੇ ਹਨ, ਪਰ ਉਨ੍ਹਾਂ ਦੀ ਸਰਕਾਰ ਵਿੱਚ ਅਧਿਆਪਕਾਂ ਨੂੰ ਬੇਇੱਜ਼ਤੀ, ਪੁਲਿਸ ਕਾਰਵਾਈ ਅਤੇ ਅਣਗਹਿਲੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸ ਬਰਾੜ ਨੇ ਅੱਗੇ ਦੱਸਿਆ ਕਿ “ਪੰਜਾਬ ਦੇ ਸਰਕਾਰੀ ਅਧਿਆਪਕਾਂ ਲਈ ਇਹ ਜਸ਼ਨ ਦਾ ਨਹੀਂ, ਸਗੋਂ ਕਾਲਾ ਦਿਵਸ ਹੈ। ਪੰਜਾਬ ਦਾ ਭਵਿੱਖ ਸੰਵਾਰਨ ਵਾਲੇ ਅਧਿਆਪਕਾਂ ਨੂੰ ਆਪਣੇ ਜਾਇਜ਼ ਹੱਕਾਂ ਲਈ ਸੜਕਾਂ ‘ਤੇ ਉਤਰਨ ਲਈ ਮਜਬੂਰ ਕੀਤਾ ਜਾ ਰਿਹਾ ਹੈ। ਉਹਨਾਂ ਸਰਕਾਰੀ ਸਕੂਲਾਂ ਵਿੱਚ ਅਧਿਆਪਕਾਂ ਦੀ ਭਾਰੀ ਘਾਟ ਨੂੰ ਉਜਾਗਰ ਕਰਦਿਆਂ ਕਿਹਾ ਕਿ 31,370 ਅਧਿਆਪਕਾਂ ਦੀਆਂ ਅਸਾਮੀਆਂ ਖਾਲੀ ਪਈਆਂ ਹਨ। ਇਸ ਤੋਂ ਇਲਾਵਾ 1,100 ਤੋਂ ਵੱਧ ਮਨਜ਼ੂਰਸ਼ੁਦਾ ਪ੍ਰਿੰਸੀਪਲ ਅਸਾਮੀਆਂ ਅਤੇ ਲਗਭਗ ਇੱਕ-ਤਿਹਾਈ ਡੀ ਈ ਓ ਅਸਾਮੀਆਂ ਵੀ ਖਾਲੀ ਹਨ, 400 ਤੋਂ ਵੱਧ ਏਡਿਡ ਸਕੂਲਾਂ ਵਿੱਚ 1,700 ਤੋਂ ਵੱਧ ਅਧਿਆਪਨ ਅਤੇ ਗੈਰ-ਅਧਿਆਪਨ ਕਰਮਚਾਰੀ ਕਥਿਤ ਤੌਰ ‘ਤੇ 8 ਤੋਂ 19 ਮਹੀਨਿਆਂ ਤੋਂ ਤਨਖ਼ਾਹ ਤੋਂ ਬਿਨਾਂ ਕੰਮ ਕਰ ਰਹੇ ਹਨ। ਭਾਜਪਾ ਨੇ ਦੋਸ਼ ਲਗਾਇਆ ਕਿ ਹਾਈਕੋਰਟ ਦੇ ਸਟੇਅ ਦੇ ਬਾਵਜੂਦ ਸਰਕਾਰ ਨੇ ਉਨ੍ਹਾਂ ਦਾ ਗ੍ਰੇਡ ਪੇਅ 4,400 ਰੁਪਏ ਤੋਂ ਘਟਾ ਕੇ 3,200 ਰੁਪਏ ਕਰ ਦਿੱਤਾ ਹੈ। ਪਾਰਟੀ ਨੇ ਐਸ.ਸੀ. ਅਤੇ ਬੀਸੀ ਵਰਗਾਂ ਦੇ ਰਾਖਵੇਂਕਰਨ ਦੇ ਹੱਕਾਂ ਦੀ ਅਣਦੇਖੀ ਦਾ ਵੀ ਦੋਸ਼ ਲਗਾਇਆ, 1,013 ਲੈਕਚਰਾਰ ਅਸਾਮੀਆਂ ਦੀ ਅਧਿਸੂਚਨਾ ਵਿੱਚ ਕਥਿਤ ਤੌਰ ‘ਤੇ ਐੱਸ.ਸੀ. ਅਤੇ ਬੀਸੀ ਉਮੀਦਵਾਰਾਂ ਲਈ ਕੋਈ ਰਾਖਵਾਂਕਰਨ ਨਹੀਂ ਦਿੱਤਾ ਗਿਆ, ਜਦਕਿ 25 ਫ਼ੀਸਦੀ ਰਾਖਵਾਂਕਰਨ ਲਾਜ਼ਮੀ ਹੈ। ਇਸ ਤੋਂ ਬਾਅਦ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਨੇ ਇਸ ਮਾਮਲੇ ਦਾ ਆਪਣੇ ਆਪ ਨੋਟਿਸ ਲਿਆ। ਭਾਜਪਾ ਨੇ 1,158 ਸਹਾਇਕ ਪ੍ਰੋਫੈਸਰਾਂ ਅਤੇ ਲਾਇਬ੍ਰੇਰੀਅਨਾਂ ਦੀ ਨਵੀਂ ਭਰਤੀ ਪੂਰੀ ਨਾ ਕਰਨ ‘ਤੇ ਵੀ ਸਰਕਾਰ ਨੂੰ ਘੇਰਿਆ, ਜਦਕਿ ਸਰਕਾਰ ਨੇ ਸੁਪਰੀਮ ਕੋਰਟ ਸਾਹਮਣੇ ਫਰਵਰੀ 2026 ਤੱਕ ਭਰਤੀ ਪੂਰੀ ਕਰਨ ਦਾ ਭਰੋਸਾ ਦਿੱਤਾ ਸੀ। “ਅਧਿਆਪਕਾਂ ਨਾਲ ਵਾਅਦਾ ਕੀਤਾ ਗਿਆ ਸੀ ਕਿ ਉਨ੍ਹਾਂ ਨੂੰ ਮੁੜ ਪਾਣੀ ਦੀਆਂ ਟੈਂਕੀਆਂ ‘ਤੇ ਨਹੀਂ ਚੜ੍ਹਨਾ ਪਵੇਗਾ। ਅੱਜ ਉਹ ਇਨਸਾਫ਼ ਲੈਣ ਦੀ ਬਜਾਏ ਮੋਬਾਈਲ ਟਾਵਰਾਂ ‘ਤੇ ਚੜ੍ਹਨ ਲਈ ਮਜਬੂਰ ਹਨ। ਸੰਦੀਪ ਸਿੰਘ ਸੰਨੀ ਬਰਾੜ ਨੇ ਅਧਿਆਪਕਾਂ ਨੂੰ ਸਰਵੇਖਣ, ਪਰਾਲੀ ਸਾੜਨ ਦੀ ਜਾਂਚ, ਹੈਲਥ ਕਾਰਡ ਬਣਾਉਣ ਅਤੇ ਸਿਆਸੀ ਡਾਟਾ ਇਕੱਠਾ ਕਰਨ ਵਰਗੇ ਗੈਰ-ਅਕਾਦਮਿਕ ਕੰਮਾਂ ਵਿੱਚ ਲਗਾਉਣ ਦੀ ਵੀ ਨਿੰਦਾ ਕੀਤੀ। ਉਹਨਾਂ ਆਖਿਆ ਕਿ ਅਧਿਆਪਕ ਨਾ ਤਾਂ ਸਰਵੇਖਣ ਕਰਨ ਵਾਲੇ ਹਨ ਅਤੇ ਨਾ ਹੀ ਸਿਆਸੀ ਕਾਰਕੁਨ। ਉਹ ਪੰਜਾਬ ਦੇ ਭਵਿੱਖ ਦੇ ਨਿਰਮਾਤਾ ਹਨ। ਉਨ੍ਹਾਂ ਭਰੋਸਾ ਦਿੱਤਾ ਕਿ ਭਾਜਪਾ ਦੀ ਸਰਕਾਰ ਬਣਨ ‘ਤੇ ਖਾਲੀ ਅਸਾਮੀਆਂ ਭਰੀਆਂ ਜਾਣਗੀਆਂ, ਬੇਲੋੜੇ ਗੈਰ-ਅਕਾਦਮਿਕ ਕੰਮ ਖ਼ਤਮ ਕੀਤੇ ਜਾਣਗੇ ਅਤੇ ਅਧਿਆਪਕਾਂ ਦੀ ਸ਼ਾਨ, ਸਨਮਾਨ ਅਤੇ ਸੁਰੱਖਿਆ ਪੂਰੀ ਤਰ੍ਹਾਂ ਬਹਾਲ ਕੀਤੀ ਜਾਵੇਗੀ।

