ਬਚਪਨ ਵਿੱਚ ਹੀ ਵੱਡੇ ਭਰਾਵਾਂ ਦੇ ਮੂੰਹੋਂ ਸੁਰਿੰਦਰ ਗਿੱਲ ਜੀ ਦਾ ਨਾਮ ਬਹੁਤ ਵਾਰ ਸੁਣਿਆ ਸੀ। ਵੀਤਨਾਮ ਤੇ ਅਮਰੀਕਨ ਹਮਲਿਆਂ ਵੇਲੇ ਵਿਸ਼ਵ ਸੁੰਦਰੀ ਬਣੀ ਭਾਰਤੀ ਮੁਟਿਆਰ ਰੀਟਾ ਫੇਰੀਆ ਜਦ ਅਮਰੀਕਨ ਫੌਜੀਆਂ ਦੇ ਮਨੋਰੰਜਨ ਲਈ ਓਥੇ ਗਈ ਤਾਂ ਪੂਰੇ ਵਿਸ਼ਵ ਵਿੱਚ ਬੁਰਾ ਮਨਾਇਆ ਗਿਆ। ਆਪੋ ਆਪਣੇ ਢੰਗ ਨਾਲ ਸਭ ਨੇ ਉਸ ਨੂੰ ਨਕਾਰਿਆ। ਸੁਰਿੰਦਰ ਗਿੱਲ ਦੀ ਕਵਿਤਾ”ਐ ਮੇਰੇ ਵੀਰ ਵੀਤਨਾਮੀ, ਵੀਰ ਸੰਗਰਾਮੀ” ਵਿੱਚ ਉਸ ਨੇ ਰੀਟਾ ਫੇਰੀਆ ਨੂੰ ਬੇਦਖ਼ਲ ਕਰਦਿਆਂ ਪ੍ਰੀਤਲੜੀ ਮੈਗਜ਼ੀਨ ਵਿੱਚ ਕਵਿਤਾ ਲਿਖੀ ਜਿਸ ਵਿੱਚ ਉਸ ਕਿਹਾ ਕਿ ਇਸ ਨੂੰ ਮੇਰੇ ਗੇਸ਼ ਦੀ ਧੀ ਨਾ ਮੰਨਿਓ। ਇਹ ਤਾਂ ਡਾਲਰਾਂ ਦੇ ਤਾਲ ਤੇ ਨੱਚਣ ਆਈ ਹੈ।
ਕਾਵਿ ਖੇਤਰ ਵਿੱਚ ਸੁਰਿੰਦਰ ਗਿੱਲ ਦੀ ਕਵਿਤਾ
ਛੱਟਾ ਚਾਨਣਾਂ ਦਾ ਦੇਈ ਜਾਣਾ।
ਮੇਰੇ ਦੋਸਤੋ ਮੇਰੇ ਸਾਥੀਓ,
ਛੱਟਾ ਚਾਨਣਾਂ ਦਾ ਕੋਈ ਜਾਣਾ।
ਇਸ ਗੀਤ ਨੂੰ ਉਹ ਬੜੇ ਵਜਦ ਵਿੱਚ ਆ ਕੇ ਗਾਉਂਦਾ। ਪੂਰਾ ਪੰਜਾਬ ਝੂਮ ਉੱਠਿਆ।
ਲਾਇਲਪੁਰ ਖ਼ਾਲਸਾ ਕਾਲਿਜ ਜਲੰਧਰ ਵਿੱਚੋਂ ਐੱਮ ਏ ਕਰਕੇ 1969 ਸਾਲ ਗੁਰੂ ਨਾਨਕ ਜਨਮ ਸ਼ਤਾਬਦੀ ਮੌਕੇ ਕਾਲਾ ਅਫਗਾਨਾ(ਗੁਰਦਾਸਪੁਰ) ਵਿੱਚ ਨਵੇਂ ਖੁੱਲ੍ਹੇ ਗੁਰੂ ਨਾਨਕ ਕਾਲਿਜ ਵਿੱਚ ਮੇਰੇ ਅਧਿਆਪਕ ਬਣ ਗਏ।
ਗੁਰੂ ਨਾਨਕ ਸ਼ਤਾਬਦੀ ਵੇਲੇ ਕਾਲਿਜ ਵਿੱਚ ਕਰਵਾਏ ਕਵੀ ਦਰਬਾਰ ਵਿੱਚ ਉਨ੍ਰਾਂ ਪ੍ਰੋ. ਮੋਹਨ ਸਿੰਘ, ਸੂਬਾ ਸਿੰਘ, ਜਸਵੰਤ ਸਿੰਘ ਰਾਹੀ,ਡਾ. ਹਰਿਭਜਨ ਸਿੰਘ, ਸ ਸ ਮੀਸ਼ਾ, ਡਾ. ਜਗਤਾਰ, ਸ ਸ ਨੂਰ, ਸੁਰਜੀਤ ਪਾਤਰ, ਕਸ਼ਮੀਰ ਕਾਦਰ , ਸ ਸ ਅਰਮਾਨ ਤੇ ਕਈ ਹੋਰ ਕਵੀਆਂ ਨੂੰ ਬੁਲਾ ਕੇ ਸਾਨੂੰ ਸੁਣਾਇਆ। ਮੇਰੇ ਮਨ ਵਿੱਚ ਇਸ ਕਵੀ ਦਰਬਾਰ ਦੀ ਗੂੜ੍ਹੀ ਛਾਪ ਅੱਜ ਵੀ ਕਾਇਮ ਹੈ। ਏਸੇ ਨੇ ਹੀ ਮੈਨੂੰ ਸ਼ਬਦ ਮਾਰਗ ਤੇ ਤੋਰਿਆ।
ਏਥੇ ਦੇ ਸਾਲ ਪੜ੍ਹ ਕੇ ਮੈਂ 1971 ਵਿੱਚ ਲੁਧਿਆਣਾ ਆ ਗਿਆ। ਇੱਥੇ ਮੇਰੇ ਅਧਿਆਪਕ ਡਾ. ਸ ਪ ਸਿੰਘ ਜੀ ਤੋਂ ਪਤਾ ਲੱਗਾ ਕਿ ਉਹ ਸੁਰਿੰਦਰ ਗਿੱਲ ਦੇ ਸਹਿਪਾਠੀ ਰਹੇ ਹਨ ਜਲੰਧਰ।
ਇਥੇ ਆ ਕੇ ਹੀ ਮੈਂ ਲਾਇਬਰੇਰੀ ਵਿੱਚੋਂ ਲੈ ਕੇ ਉਨ੍ਹਾਂ ਦੀਆਂ ਪਹਿਲੀਆਂ ਦੋ ਕਾਵਿ ਕਿਤਾਬਾਂ “ਸ਼ਗਨ “ ਅਤੇ “ਸਫ਼ਰ ਤੇ ਸੂਰਜ”
ਪੜ੍ਹੀਆਂ।
ਮੇਰੇ ਪ੍ਰਥਮ ਅਧਿਆਪਕ ਤੇ ਕਾਵਿ ਪ੍ਰੇਰਨਾ ਸਰੋਤ ਸੁਰਿੰਦਰ ਗਿੱਲ ਜੀ ਦਾ ਜਨਮ 23 ਮਾਰਚ 1942 ਨੂੰ ਲੁਧਿਆਣਾ ਦੇ ਜਗਰਾਉਂ – ਰਾਏਕੋਟ ਮਾਰਗ ਤੇ ਪੈਂਦੇ ਪਿੰਡ ਰੂਮੀ ਵਿੱਚ ਸ. ਸੌਦਾਗਰ ਸਿੰਘ ਗਿੱਲ ਅਤੇ ਸ੍ਰੀਮਤੀ ਦਲੀਪ ਕੌਰ ਦੇ ਘਰ ਹੋਇਆ।
ਸਬੱਬ ਦੇਖੋ, ਕਈ ਸਾਲਾਂ ਬਾਦ ਮੈਂ ਲਾਜਪਤ ਰਾਏ ਮੈਮੋਰੀਅਲ ਕਾਲਿਜ ਜਗਰਾਉਂ ਵਿੱਚ ਉਨ੍ਹਾਂ ਦੀ ਨਿੱਕੀ ਭੈਣ ਦਾ ਅਧਿਆਪਕ ਬਣਿਆ। ਉਨ੍ਹਾਂ ਨੇ ਜਦ ਕਦੇ ਪਿੰਡ ਆਉਣਾ, ਆਸ਼ੀਰਵਾਦ ਦਿੱਤੇ ਬਿਨਾਂ ਕਦੇ ਨਾ ਪਰਤਦੇ।
1973 ਵਿੱਚ ਉਹ ਸਰਕਾਰੀ ਕਾਲਿਜ ਅਧਿਆਪਕ ਬਣ ਕੇ ਪਹਿਲਾਂ ਗੌਰਮਿੰਟ ਕਾਲਿਜ ਪੱਟੀ ਤੇ ਮਗਰੋਂ ਸੇਵਾ ਮੁਕਤੀ ਤੀਕ ਰਣਧੀਰ ਗੌਰਮਿੰਟ ਕਾਲਿਜ ਕਪੂਰਥਲਾ ਵਿੱਚ ਪੜ੍ਹਾਉਂਦੇ ਰਹੇ। ਥੋੜਾ ਸਮਾਂ ਭਾਵੇਂ ਕਿਤੇ ਹੋਰ ਗਏ ਹੋਣ, ਮੈਨੂੰ ਗਿਆਤ ਨਹੀਂ।
ਕਦੇ ਕਸ਼ਮੀਰ ਕਾਦਰ ਨੇ ਆਪਣਾ ਅਮਰ ਗੀਤ
ਜੇ ਸਾਡੀ ਗਲ਼ੀ ਆਵੇਂ ਮਿੱਤਰਾ, ਤੈਨੂੰ ਹਾਸਿਆਂ ਦੇ ਜ਼ਖ਼ਮ ਵਿਖਾਵਾਂ।
ਹੋਇਆ ਕੀ ਜੇ ਕਵੀ ਏਂ ਤੂੰ
ਸਾਰਾ ਜੱਗ ਜਾਣਦਾ।
ਮੇਰਾ ਵੀ ਮੁਹੱਲਾ ਤੇਰੀ ਕਵਿਤਾ ਦੇ ਹਾਣ ਦਾ।
ਜਿੰਨੇ ਚੁੱਕ ਲਏਗਾ ਗੀਤ ਚੁਕਾਵਾਂ।
ਮੈਂ ਜਿੰਨੇ ਸਾਲ ਜਿੱਥੇ ਵੀ ਪੜ੍ਹਾਇਆ, ਸੁਰਿੰਦਰ ਗਿੱਲ ਕਵੀ ਦਰਬਾਰਾਂ ਵਿੱਚ ਸ਼ਾਮਲ ਹੋ ਕੇ ਮੇਰਾ ਮਾਣ ਵਧਾਉਂਦੇ ਰਹੇ।
ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਵੱਲੋਂ ਸਰਦਾਰ ਕਰਤਾਰ ਸਿੰਘ ਧਾਲੀਵਾਲ ਪੁਰਸਕਾਰ ਤੇ ਭਾਸ਼ਾ ਵਿਭਾਗ ਵੱਲੋਂ ਉਨ੍ਹਾਂ ਨੂੰ ਸ਼੍ਰੋਮਣੀ ਪੰਜੱਬੀ ਕਵੀ ਪੁਰਸਕਾਰ ਮਿਲ ਚੁੱਕਾ ਹੈ। ਹਾਲਾਤ ਦੀ ਸਿਤਮ ਜ਼ਰੀਫੀ ਵੇਖੋ, ਦੋਵੇਂ ਵਾਰ ਪੁਰਸਕਾਰ ਚੋਣ ਕਮੇਟੀ ਵਿੱਚ ਮੈਂ ਵੀ ਸ਼ਾਮਲ ਸਾਂ। ਜੇ ਭਾਰਤੀ ਸਾਹਿੱਤ ਅਕਾਡਮੀ ਲਾਗੇ ਲੱਗਣ ਦਿੰਦੀ ਤਾਂ ਮੇਰਾ ਮੁਰਸ਼ਦ ਓਥੇ ਵੀ ਸਨਮਾਨਿਤ ਹੋਣਾ ਸੀ। ਚਲੋ! ਕੋਈ ਨਾ, ਜੇ ਗੁਰਬਖਸ਼ ਸਿੰਘ ਪ੍ਹੀਤਲੜੀ ਤੇ ਦੇਵਿੰਦਰ ਸਤਿਆਰਥੀ ਨੂੰ ਇਹ ਪੁਰਸਕਾਰ ਨਹੀਂ ਮਿਲੇ ਤਾਂ ਉਹ ਕਿਹੜੇ ਨਿੱਕੇ ਹੋ ਗਏ?
ਇਸ ਘੜੀ ਪ੍ਰੋ. ਮੋਹਨ ਸਿੰਘ ਜੀ ਦੀ ਗ਼ਜ਼ਲ ਦਾ ਇਹ ਸ਼ਿਅਰ ਚੇਤੇ ਆ ਰਿਹੈ।
ਜੇ ਰਲ਼ਦੇ ਭੀੜ ਵਿੱਚ ਤਾਂ ਇੱਕ ਦੋ ਭੋਰਾ ਲੈ ਮਰਦੇ,
ਅਸੀਂ ਆਦਰਸ਼ ਦੀ ਚੋਟੀ ਤੋਂ ਥੱਲੇ ਲਹਿ ਨਾ ਸਕੇ।
ਭੋਰਾ ਲੈਣ ਲਈ ਆਦਰਸ਼ ਦੀ ਚੋਟੀ ਤੋਂ ਉੱਤਰ ਕੇ ਮਰਨਾ ਪੈਂਦਾ ਹੈ। ਪ੍ਰੋ. ਮੋਰਨ ਸਿੰਘ ਜੀ ਦਾ ਸਬਕ ਚੇਤੇ ਰੱਖਣਾ ਬੇਹੱਦ ਜ਼ਰੂਰੀ ਹੈ।
ਡਾ. ਸੁਰਿੰਦਰ ਗਿੱਲ ਦੇ ਹੁਣ ਤੀਕ ਛਪੇ ਕਾਵਿ ਸੰਗ੍ਰਹਿ ਸ਼ਗਨ (1963)ਸਫਰ ਤੇ ਸੂਰਜ (1967)ਗੁੰਗਾ ਦਰਦ (1987)ਆਵਾਜ਼ (1998)ਹੁਣ ਧੀਆਂ ਦੀ ਵਾਰੀ (2005)ਦੋਸਤੀ ਦੀ ਰੁੱਤ (2007)ਰਸੀਆਂ ਨਿਮੋਲੀਆਂ (2013)ਗੀਤ ਦਾ ਬੇਦਾਵਾ (2015)ਉਸਨੇ ਕਿਹਾ (2019)
ਪੁਲ਼ ਤੇ ਪਾਣੀ (2023)
ਤੇ ਪਿਛਲੇ ਸਾਲ ਹੀ ਸਪਤ ਰਿਸ਼ੀ ਪ੍ਰਕਾਸ਼ਨ ਵੱਲੋਂ ਪ੍ਰਕਾਸ਼ਿਤ ਸੱਜਰਾ ਕਾਵਿ ਸੰਗ੍ਰਹਿ ਇਸ ਗੱਲ ਦਾ ਪ੍ਰਮਾਣ ਹੈ ਕਿ ਉਹ ਨਿਰੰਤਰ ਸਿਰਜਣਸ਼ੀਲ ਹਨ।
ਉਨ੍ਹਾਂ ਦੀਆਂ ਦੋ ਖੋਜ ਪੁਸਤਕਾਂ ਰਾਜਨੀਤਕ ਪੰਜਾਬੀ ਕਵਿਤਾ (2022), ਦੀਵਾਨ ਸਿੰਘ ਕਾਲੇ ਪਾਣੀ – ਜੀਵਨ ਤੇ ਰਚਨਾ (1973) ਛਪ ਚੁੱਕੀਆਂ ਹਨ।
ਇੱਕ ਸਫ਼ਰਨਾਮਾ ਪੰਜ ਪ੍ਰਦੇਸ (2018) ਵੀ ਛਪ ਚੁੱਕਾ ਹੈ।
ਪਰਸੋਂ ਹੀ ਸ਼ਮਸ਼ੇਰ ਸਿੰਘ ਸੱਧੂ ਮੈਨੂੰ ਸੁਰਿੰਦਰ ਗਿੱਲ ਦੀ ਗ਼ਜ਼ਲ ਦਾ ਸ਼ਿਅਰ ਸੁਣਾ ਰਿਹਾ ਸੀ।
ਵਰ੍ਹਿਆਂ ਤੀਕ ਉਡੀਕੀਂ ਜਿਸ ਨੇ ਜਿੰਦਗਾਨੀ,
ਆਈ ਤਾਂ ਦਰਵਾਜ਼ੇ ਤੱਕ ਨਾ ਹਿੱਲ ਹੋਇਆ।
ਜਵਾਨ ਉਮਰੇ ਉਨ੍ਹਾਂ ਰਘਬੀਰ ਸਿੰਘ ਸਿਰਜਣਾ ਤੇ ਹੋਰ ਦੋਸਤਾਂ ਨਾਲ ਮਿਲ ਕੇ “ਸਿਰਜਣਾ” ਤ੍ਰੈਮਾਸਿਕ ਮੈਗਜ਼ੀਨ ਦਾ ਆਰੰਭ ਕਰਵਾਇਆ।
ਸੇਵਾ ਮੁਕਤੀ ਉਪਰੰਤ ਹੁਣ ਲੰਮੇ ਸਮੇਂ ਤੋਂ ਮੋਹਾਲੀ ਵਿੱਚ ਰਹਿ ਰਹੇ ਹਨ। ਹਿੰਮਤ ਨਾਲ ਚੰਡੀਗੜ੍ਹ ਤੇ ਮੋਹਾਲੀ ਦੇ ਸਾਹਿੱਤਕ ਪ੍ਰੋਗਰਾਮਾਂ ਵਿੱਚ ਜ਼ਰੂਰ ਜਾਂਦੇ ਹਨ।
ਪੇਸ਼ ਹਨ ਉਨ੍ਹਾਂ ਦੀਆਂ ਦੋ ਕਵਿਤਾਵਾਂ
1.
ਚੇਤੇ ਦੀ ਪੁਸਤਕ ਦੇ ਪੰਨੇ
ਬਚਪਨ ਤੋਂ ਬੁਢਾਪੇ ਤਕ ਦੇ ਸਫ਼ਰ
ਕੁਝ ਚੰਗੀਆਂ ਕੁਝ ਮੰਦੀਆਂ ਘਟਨਾਵਾਂ ਘਟੀਆਂ
ਸਮੇਂ ਸਮੇਂ ਟੱਕਰੇ ਕੁਝ ਪਿਆਰੇ
ਤੇ ਕੁਝ ਹੱਤਿਆਰੇ ਲੋਕ
ਮਨ ਤਨ ਉੱਤੇ ਪੀੜ ਪਰੁੱਚੇ ਜ਼ਖਮ
ਤੇ ਕਈ ਸੁਰਗ ਹੁਲਾਰੇ।
ਰਲਗੱਡ ਹੋਏ ਸਾਰੇ ਦੇ ਸਾਰੇ
ਮਨ ਮੇਰੇ ਦੇ ਚਿਤ੍ਰਪਪਟ ‘ਤੇ ਉੱਭਰ ਰਹੇ ਨੇ
ਲੱਖ ਭੁਲਾਉਣ ਦੇ ਯਤਨ ਕਰਾਂ
ਪਰ ਨਹੀਂ ਭੁੱਲਦੇ।
ਇਹਨਾਂ ਦੁੱਖਾਂ ਸੁੱਖਾਂ ਚੋਂ ਹੀ
ਗੀਤਾਂ ਤੇ ਕਵਿਤਾਵਾਂ ਦੀ
ਰਚਨਾ ਹੋਈ
ਉਨ੍ਹਾਂ ਪਿਆਰੇ ਅਤੇ ਕੌੜੇ ਪਲਾਂ ਨੂੰ
ਆਪਣੇ ਇਤਿਹਾਸ ਦੇ
ਪੰਨਿਆਂ ਵਿਚੋਂ
ਕਿਸ ਤਰਾਂ ਮਨਫ਼ੀ ਕਰਾਂ?
ਇਹ ਮੇਰੀ
ਚੇਤੇ ਦੀ ਪੁਸਤਕ ਦੇ ਪੰਨੇ
ਇਕ ਜਿਉਂਦਾ ਜਾਗਦਾ
ਇਤਿਹਾਸ ਨੇ।
2.
ਇਹ ਲਹੂ ਮੇਰੇ ਪੰਜਾਬ ਦਾ ਹੈ
ਧਰਤੀ ’ਤੇ ਡੁਲ੍ਹਿਆ ਰੰਗ ਨਹੀਂ
ਇਹ ਲਹੂ ਮੇਰੇ ਪੰਜਾਬ ਦਾ ਹੈ
ਕੋਈ ਸ਼ਹਿਰ ਦਿੱਲੀ ਜਾਂ ਅੰਮ੍ਰਿਤਸਰ
ਮੇਰਾ ਪਿੰਡ ਰੂਮੀ ਜਾਂ ਪ੍ਰੀਤ ਨਗਰ
ਜਿਧਰੋਂ ਵੀ ਚੰਦਰੀ ਸੋਅ ਆਵੇ
ਮੇਰੇ ਦਿਲ ਵਿੱਚ ਡੂੰਘੀ ਲਹਿ ਜਾਵੇ
ਇਹ ਜੋ ਚੌਕ ’ਚ ਲਹੂ-ਲੁਹਾਣ ਪਿਆ
ਇਹ ਪੰਨਾ ਮੇਰੀ ਕਿਤਾਬ ਦਾ ਹੈ
ਕਲ੍ਹ ਰਾਤ ਪਿੰਡ ਦੀਆਂ ਨਿਆਈਆਂ ’ਚੋਂ
ਤੜ ਤੜ ਤੜ ਤੜ ਆਵਾਜ਼ ਪਈ
ਹਰ ਮੂੰਹ ’ਤੇ ਸਹਿਮ ਦਾ ਜੰਦਰਾ ਸੀ
ਹਰ ਅੱਖ ਸੀ ਜੀਕਣ ਤਿੜਕ ਗਈ
ਜਿਹਨੂੰ ‘ਅਣਪਹਿਚਾਣੀ ਲਾਸ਼’ ਕਹਿਣ
ਇਹ ਸ਼ਵ ਤਾਂ ਕਿਸੇ ਗੁਲਾਬ ਦਾ ਹੈ
ਕੁਝ ਸ਼ੈਤਾਨਾਂ ਦੀ ਚਾਲ ਸਹੀ
ਸਾਡੀ ਜੂਨ ਤਾਂ ਖ਼ਰਾਬ ਹੋਈ
ਕਿਉਂ ਸ਼ਹਿਰ ਦੇ ਮੱਥੇ ਸਹਿਮ ਜਿਹਾ
ਕਿਉਂ ਪਿੰਡ ਦੀ ਸੱਥ ਬੇਆਬ ਹੋਈ
ਇਸ ਚੰਦਰੀ ਬਵਾ ਦੀ ਜੜ੍ਹ ਫੜੀਏ
ਇਹ ਲੇਖਾ ਕਿਸ ਹਿਸਾਬ ਦਾ ਹੈ
ਧਰਤੀ ’ਤੇ ਡੁਲਿਆ ਰੰਗ ਨਹੀਂ
ਇਹ ਲਹੂ ਮੇਰੇ ਪੰਜਾਬ ਦਾ ਹੈ
ਇਹ ਤੱਤਾ ਲਹੂ ਪੰਜਾਬ ਦਾ ਹੈ
ਇਹ ਗਾੜ੍ਹਾ ਲਹੂ ਪੰਜਾਬ ਦਾ ਹੈ
🔳
ਗੁਰਭਜਨ ਗਿੱਲ

