ਪੰਜਾਬੀ ਲੋਕ ਵਿਰਾਸਤ ਅਕਾਡਮੀ ਲੁਧਿਆਣਾ ਵੱਲੋਂ ਅਫ਼ਸੋਸ ਦਾ ਪ੍ਰਗਟਾਵਾ
ਲੁਧਿਆਣਾਃ 9 ਜੂਨ (ਵਰਲਡ ਪੰਜਾਬੀ ਟਾਈਮਜ਼)
ਸਾਹਿਤਕ ਅਤੇ ਅਕਾਦਮਿਕ ਖੇਤਰ ਦੀ ਨਾਮਵਾਰ ਸ਼ਖਸੀਅਤ ਪ੍ਰਿੰਸੀਪਲ ਡਾ. ਰੁਲੀਆ ਸਿੰਘ ਸਿੱਧੂ ਜੀ ਦਾ ਨਿਉਜ਼ੀਲੈਂਡ ਵਿਖੇ ਦੇਹਾਂਤ ਹੋ ਗਿਆ ਹੈ। ਪੰਜਗਰਾਈ(ਮੋਗਾ) ਦੇ ਜੰਮਪਲ ਤੇ ਸੇਵਾਪੰਥੀ ਸੰਪਰਦਾਏ ਦੇ ਸੰਤ ਮੱਖਣ ਸਿੰਘ ਜੀ ਦੇ ਵੱਡੇ ਵੀਰ
ਡਾਕਟਰ ਰੁਲੀਆ ਸਿੰਘ ਸਿੱਧੂ ਨੇ ਜਿਥੇ ਪੰਜਾਬੀ ਦੇ ਸ਼੍ਰੋਮਣੀ ਕਵੀਸ਼ਰ ਬਾਬੂ ਰਜਬ ਅਲੀ ਜੀ ਦਾ ਪੰਜਾਬੀ ਸਾਹਿਤ ਵਿੱਚ ਯੋਗਦਾਨ ਉੱਪਰ ਪੀ.ਐਚ.ਡੀ ਕਰਕੇ ਡਾਕਟਰ ਦੀ ਉਪਾਧੀ ਹਾਸਿਲ ਕੀਤੀ ਉਥੇ ਉਹਨਾਂ ਨੇ ਆਪਣੇ ਸਾਹਿਤਕ ਖੇਤਰ ਦਾ ਵਿਸਥਾਰ ਕਰਦਿਆਂ ਪੰਜਾਬੀ ਸਾਹਿਤ ਦੀ ਝੋਲੀ ਵਿੱਚ ਦੋ ਨਾਵਲ ‘ਘੁੰਮਣਘੇਰੀ’ ਅਤੇ ‘ਮੱਸਿਆ’ ਵੀ ਪਾਏ। ਇਸ ਤੋਂ ਇਲਾਵਾ ਉਨ੍ਹਾਂ ਗੁਰਬਾਣੀ ਸਾਹਿਤ ਉੱਪਰ ਆਪਣੀ ਕਲਮ ਅਜ਼ਮਾਈ ਕਰਦਿਆਂ ‘ਸ੍ਰੀ ਜਪੁਜੀ ਸਾਹਿਬ’ ਦੀ ਸਰਲ ਵਿਚਾਰ ਦੇ ਪਰਚੇ ਛਪਵਾ ਕੇ ਗੁਰੂ ਘਰਾਂ ਅਤੇ ਆਮ ਲੋਕਾਂ ਵਿੱਚ ਵੰਡੇ ਤਾਂ ਜੋ ਉਨ੍ਹਾਂ ਨੂੰ ਗੁਰਬਾਣੀ ਦੇ ਅਸਲ ਮਨੋਰਥ ਤੋਂ ਜਾਣੂ ਕਰਵਾਇਆ ਜਾ ਸਕੇ।
ਉਹ ਪਿਛਲੇ ਲੰਮੇ ਸਮੇਂ ਤੋਂ ਆਪਣੇ ਵੱਡੇ ਪੁੱਤਰ ਨਵਜੋਤ ਸਿੰਘ ਸਿੱਧੂ ਨਾਲ ਨਿਊਜ਼ੀਲੈਂਡ ਵਿੱਚ ਰਹਿ ਰਹੇ ਸਨ ਉੱਥੇ ਹੀ ਉਨ੍ਹਾਂ ਨੇ ਆਪਣੇ ਅੰਤਿਮ ਸਵਾਸ ਲਏ। ਉਨ੍ਹਾਂ ਦੇ ਤੁਰ ਜਾਣ ਨਾਲ ਪੰਜਾਬੀ ਭਾਈਚਾਰੇ ਤੇ ਸਾਹਿਤਕ ਖੇਤਰ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਉਹਨਾਂ ਦੀ ਮ੍ਰਿਤਕ ਦੇਹ ਦਾ ਅੰਤਿਮ ਸੰਸਕਾਰ ਨਿਊਜ਼ੀਲੈਂਡ ਵਿਖੇ ਹੀ ਕੀਤਾ ਜਾਵੇਗਾ।
ਸ਼ਹੀਦ ਭਗਤ ਸਿੰਘ ਮਿਉਂਸਪਲ ਕਾਲਿਜ ਕੋਟਕਪੂਰਾ ਦੇ ਉਹ ਲੰਮਾ ਸਮਾਂ ਪ੍ਰਿੰਸੀਪਲ ਰਹੇ। ਡਾ. ਆਤਮ ਹਮਰਾਹੀ ਜੀ ਦੀ ਪ੍ਰੇਰਨਾ ਨਾਲ ਹੀ ਉਨ੍ਹਾਂ ਬਾਬੂ ਰਜਬ ਅਲੀ ਜੀ ਬਾਰੇ ਡਾਕਟਰੇਟ ਦੀ ਉਪਾਧੀ ਹਾਸਲ ਕੀਤੀ।
ਪੰਜਾਬੀ ਲੋਕ ਵਿਰਾਸਤ ਅਕਾਡਮੀ ਲੁਧਿਆਣਾ ਵੱਲੋਂ ਸ਼ਰੰਧਾਂਜਲੀ ਭੇਂਟ ਕਰਦਿਆਂ ਇਸ ਸੰਸਥਾ ਦੇ ਚੇਅਰਮੈਨ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਕਿਹਾ ਹੈ ਕਿ ਡਾ. ਸਿੱਧੂ ਬਹੁਤ ਨਿਰਛਲ ਤੇ ਨਿਰਵਿਕਾਰ ਰੂਹ ਸਨ। ਡਾ. ਆਤਮ ਹਮਰਾਹੀ ਜੀ ਕਾਰਨ ਉਹ 1976-77 ਤੋਂ ਮੇਰੇ ਮਿਹਰਬਾਨ ਸਨ। ਬਾਬੂ ਰਜਬ ਅਲੀ ਜੀ ਦੀ ਸਾਹੀਵਾਲ(ਪਾਕਿਸਤਾਨ ) ਵੱਸਦੀ ਪੋਤਰੀ ਰੇਹਾਨਾ ਰਜਬ ਅਲੀ ਮੈਨੂੰ ਪਿਛਲੇ ਸਾਲਾਂ ਜਦ ਵੀ ਮਿਲਦੀ ਰਹੀ ਹੈ ਤਾਂ ਉਹ ਰੁਲੀਆ ਸਿੰਘ ਸਿੱਧੂ ਜੀ ਨੂੰ ਬਾਬਲ ਵਾਂਗ ਸਤਿਕਾਰ ਦੇਣਾ ਨਾ ਭੁੱਲਦੀ।
ਉਨ੍ਹਾਂ ਦੀ ਫੋਨ ਕਾਲ ਹੁਣ ਕਦੇ ਨਹੀਂ ਆਵੇਗੀ, ਜਿਸ ਦਾ ਵਿਗੋਚਾ ਹੁਣ ਰਹਿੰਦੀ ਸਾਰੀ ਉਮਰ ਰਹੇਗਾ।

