*ਨਗਰ ਕੌਂਸਲ ਪ੍ਰਧਾਨ ਜਤਿੰਦਰ ਪਾਠਕ ਅਤੇ ਕੌਂਸਲਰ ਨਿਸ਼ੂ ਕਪਿਲਾ ਸਮੇਤ ਵੱਡੀ ਗਿਣਤੀ ਵਿੱਚ ਮੈਂਬਰ ਰਹੇ ਮੌਜੂਦ, ਸ਼ਰਧਾਲੂਆਂ ਦੀਆਂ ਸਹੂਲਤਾਂ ਨੂੰ ਲੈ ਕੇ ਹੋਈ ਚਰਚਾ*
ਖੰਨਾ, 2 ਨਵੰਬਰ:(ਵਰਲਡ ਪੰਜਾਬੀ ਟਾਈਮਜ਼)
ਆਸਥਾ, ਸ਼ਰਧਾ ਅਤੇ ਸੂਰਜ ਉਪਾਸਨਾ ਦੇ ਮਹਾਪੁਰਬ ਛੱਠ ਪੂਜਾ ਨੂੰ ਲੈ ਕੇ ਖੰਨਾ ਵਿੱਚ ਤਿਆਰੀਆਂ ਸ਼ੁਰੂ ਹੋ ਗਈਆਂ ਹਨ। ਇਸੇ ਸਬੰਧ ਵਿੱਚ ਛੱਠ ਮਹਾਪੁਰਬ ਦੇ ਪ੍ਰਬੰਧਕਾਂ ਨੇ ਕੈਬਨਿਟ ਮੰਤਰੀ ਅਤੇ ਵਿਧਾਨ ਸਭਾ ਹਲਕਾ ਖੰਨਾ ਦੇ ਵਿਧਾਇਕ ਤਰੁਨਪ੍ਰੀਤ ਸਿੰਘ ਸੌਂਦ ਨਾਲ ਵਿਸ਼ੇਸ਼ ਮੁਲਾਕਾਤ ਕੀਤੀ। ਮੀਟਿੰਗ ਦੌਰਾਨ ਛੱਠ ਪੂਜਾ ਦੇ ਪ੍ਰਬੰਧਾਂ, ਸ਼ਰਧਾਲੂਆਂ ਦੀਆਂ ਸਹੂਲਤਾਂ ਅਤੇ ਸਮਾਗਮ ਦੀਆਂ ਤਿਆਰੀਆਂ ਸਬੰਧੀ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਮੌਕੇ ਨਗਰ ਕੌਂਸਲ ਖੰਨਾ ਦੇ ਪ੍ਰਧਾਨ ਜਤਿੰਦਰ ਪਾਠਕ ਅਤੇ ਵਾਰਡ ਨੰਬਰ 26 ਦੇ ਕੌਂਸਲਰ ਨਿਸ਼ੂ ਕਪਿਲਾ ਵਿਸ਼ੇਸ਼ ਤੌਰ ‘ਤੇ ਮੌਜੂਦ ਰਹੇ। ਉਨ੍ਹਾਂ ਨੇ ਸਮਾਗਮ ਨਾਲ ਜੁੜੀਆਂ ਤਿਆਰੀਆਂ ਅਤੇ ਪ੍ਰਬੰਧਾਂ ਸਬੰਧੀ ਮੰਤਰੀ ਸੌਂਧ ਨਾਲ ਵਿਚਾਰ ਸਾਂਝੇ ਕੀਤੇ। ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਪ੍ਰਬੰਧਕਾਂ ਨੂੰ ਭਰੋਸਾ ਦਿੱਤਾ ਕਿ ਛੱਠ ਮਹਾਪੁਰਬ ਦੇ ਆਯੋਜਨ ਲਈ ਹਰ ਸੰਭਵ ਸਹਿਯੋਗ ਦਿੱਤਾ ਜਾਵੇਗਾ ਅਤੇ ਸ਼ਰਧਾਲੂਆਂ ਦੀਆਂ ਸਹੂਲਤਾਂ ਤੇ ਲੋੜੀਂਦੇ ਪ੍ਰਬੰਧਾਂ ਲਈ ਪੂਰਾ ਸਹਿਯੋਗ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਛੱਠ ਮਹਾਪੁਰਬ ਆਸਥਾ ਅਤੇ ਸੱਭਿਆਚਾਰ ਨਾਲ ਜੁੜਿਆ ਮਹੱਤਵਪੂਰਨ ਤਿਉਹਾਰ ਹੈ ਅਤੇ ਅਜਿਹੇ ਧਾਰਮਿਕ ਸਮਾਗਮਾਂ ਵਿੱਚ ਸਾਰਿਆਂ ਨੂੰ ਮਿਲ ਕੇ ਸਹਿਯੋਗ ਕਰਨਾ ਚਾਹੀਦਾ ਹੈ। ਮੀਟਿੰਗ ਵਿੱਚ ਸੋਨੂੰ, ਬੂਟਾ ਸਿੰਘ ਪ੍ਰਧਾਨ ਐੱਫ.ਸੀ.ਆਈ., ਜੋਗਿੰਦਰ ਪਾਸਵਾਨ, ਲਖਨ, ਦੇਵੀ ਚੰਦ, ਰਾਜੇਸ਼, ਹੀਰਾ ਲਾਲ, ਸ਼ੰਕਰ ਰਾਵਤ, ਸੋਨੂੰ, ਸੰਜੀਵ ਕੁਮਾਰ, ਦੀਪਕ, ਬੰਟੀ, ਜੈਕਸ਼ਨ, ਸ਼ਬੀਲਾ ਪਾਸਵਾਨ, ਉਪੇਂਦਰ ਯਾਦਵ, ਵੀਨੇ ਪਾਸਵਾਨ, ਉਪੇਂਦਰ ਪਾਸਵਾਨ, ਕ੍ਰਿਸ਼ਨਾ, ਨੰਬਰੀ ਸਮੇਤ ਵੱਡੀ ਗਿਣਤੀ ਵਿੱਚ ਹੋਰ ਮੈਂਬਰ ਮੌਜੂਦ ਰਹੇ। ਇਸ ਦੌਰਾਨ ਪ੍ਰਬੰਧਕਾਂ ਨੇ ਛੱਠ ਮਹਾਪੁਰਬ ਨੂੰ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਉਣ ਅਤੇ ਸ਼ਰਧਾਲੂਆਂ ਲਈ ਉਚਿਤ ਪ੍ਰਬੰਧ ਯਕੀਨੀ ਬਣਾਉਣ ਸਬੰਧੀ ਆਪਣੇ ਵਿਚਾਰ ਪੇਸ਼ ਕੀਤੇ। ਛੱਠ ਪੂਜਾ ਭਾਰਤੀ ਸੱਭਿਆਚਾਰ, ਲੋਕ ਆਸਥਾ ਅਤੇ ਕੁਦਰਤ ਪ੍ਰਤੀ ਸ਼ੁਕਰਾਨੇ ਦਾ ਪ੍ਰਤੀਕ ਹੈ, ਜਿਸ ਵਿੱਚ ਸ਼ਰਧਾਲੂ ਭਗਵਾਨ ਸੂਰਜ ਅਤੇ ਛੱਠੀ ਮਾਤਾ ਦੀ ਪੂਜਾ ਕਰਕੇ ਆਪਣੇ ਪਰਿਵਾਰ ਦੀ ਸੁੱਖ-ਸਮ੍ਰਿੱਧੀ ਅਤੇ ਖੁਸ਼ਹਾਲੀ ਦੀ ਕਾਮਨਾ ਕਰਦੇ ਹਨ।

