ਬਠਿੰਡਾ, 9 ਜੁਲਾਈ (ਗੁਰਪ੍ਰੀਤ ਚਹਿਲ/ਵਰਲਡ ਪੰਜਾਬੀ ਟਾਈਮਜ਼)
ਸ੍ਰੀ ਕਰੁਨੇਸ਼ ਕੁਮਾਰ, ਮਾਨਯੋਗ ਜ਼ਿਲ੍ਹਾ ਤੇ ਸੈਸ਼ਨ ਜੱਜ ਸਹਿਤ ਚੇਅਰਮੈਨ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਬਠਿੰਡਾ, ਮਿਸ. ਬਲਜਿੰਦਰ ਕੌਰ ਮਾਨ, ਸਿਵਲ ਜੱਜ (ਸੀਨੀਅਰ ਡਵੀਜ਼ਨ)/ਸੀ.ਜੇ.ਐਮ-ਕਮ-ਸਕੱਤਰ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਬਠਿੰਡਾ, ਸ੍ਰੀ ਇੰਦਰਜੀਤ ਸਿੰਘ, ਜੇ.ਐਮ.ਆਈ.ਸੀ, ਬਠਿੰਡਾ ਵੱਲੋਂ ਕੇਂਦਰੀ ਜੇਲ੍ਹ, ਬਠਿੰਡਾ ਅਤੇ ਮਹਿਲਾ ਜੇਲ੍ਹ, ਬਠਿੰਡਾ ਦਾ ਦੌਰਾ ਕੀਤਾ ਗਿਆ।
ਦੌਰੇ ਦੌਰਾਨ ਕੇਂਦਰੀ ਜੇਲ੍ਹ, ਬਠਿੰਡਾ ਅਤੇ ਮਹਿਲਾ ਜੇਲ੍ਹ, ਬਠਿੰਡਾ ਵਿਖੇ ਕੈਦੀਆਂ ਦੀ ਜਾਣਕਾਰੀ, ਮਾਨਸਿਕ ਸਿਹਤ, ਮਨੋਰੰਜਨ ਅਤੇ ਸੁਧਾਰਾਤਮਕ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਰੇਡੀਏ ਸਟੇਸ਼ਨ ‘ਉਜਾਲਾ ਰੇਡੀਓ’ਦਾ ਉਦਘਾਟਨ ਮਾਨਯੋਗ ਜ਼ਿਲ੍ਹਾ ਅਤੇ ਸੈਸ਼ਨ ਜੱਜ-ਕਮ-ਚੇਅਰਮੈਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਬਠਿੰਡਾ ਸ੍ਰੀ ਕਰੁਨੇਸ਼ ਕੁਮਾਰ ਵੱਲੋਂ ਕੀਤਾ ਗਿਆ।
ਇਸ ਦੌਰਾਨ ਮਾਨਯੋਗ ਜਿਲ੍ਹਾ ਅਤੇ ਸੈਸ਼ਨ ਜੱਜ ਜੀ ਨੇ ਕਿਹਾ ਕਿ ਜੇਲ੍ਹ ਰੇਡੀਓ ਸਟੇਸ਼ਨ ਕੈਦੀਆਂ ਨੂੰ ਕਾਨੂੰਨੀ ਜਾਗਰੂਕਤਾ, ਸਿਹਤ ਸੰਬੰਧੀ ਜਾਣਕਾਰੀ, ਸਿੱਖਿਆ, ਪ੍ਰੇਰਣਾਦਾਇਕ ਸੰਦੇਸ਼ ਅਤੇ ਮਨੋਰੰਜਨ ਪ੍ਰਦਾਨ ਕਰਨ ਦੇ ਨਾਲ-ਨਾਲ ਉਨ੍ਹਾਂ ਦੇ ਸੁਧਾਰ ਅਤੇ ਪੁਨਰਵਾਸ ਵਿੱਚ ਅਹਿਮ ਭੂਮਿਕਾ ਨਿਭਾਏਗਾ। ਇਸ ਮੌਕੇ ਉਨ੍ਹਾਂ ਨੇ ਕੈਦੀਆਂ ਨਾਲ ਗੱਲਬਾਤ ਵੀ ਕੀਤੀ ਅਤੇ ਉਨ੍ਹਾਂ ਨੂੰ ਰੇਡੀਓ ਸਟੇਸ਼ਨ ਦੀਆਂ ਗਤੀਵਿਧੀਆਂ ਵਿੱਚ ਸਰਗਰਮ ਭਾਗ ਲੈਣ ਲਈ ਪ੍ਰੇਰਿਤ ਕੀਤਾ। ਜੇਲ੍ਹ ਪ੍ਰਸ਼ਾਸਨ ਨੇ ਇਸ ਪਹਿਲ ਨੂੰ ਕੈਦੀਆਂ ਦੇ ਸਰਵਪੱਖੀ ਵਿਕਾਸ ਵੱਲ ਇੱਕ ਮਹੱਤਵਪੂਰਨ ਕਦਮ ਦੱਸਿਆ।
ਦੌਰੇ ਦੌਰਾਨ ਮਾਨਯੋਗ ਜ਼ਿਲ੍ਹਾ ਤੇ ਸੈਸ਼ਨ ਜੱਜ ਅਤੇ ਹੋਰ ਅਧਿਕਾਰੀਆਂ ਵੱਲੋਂ ਜੇਲ੍ਹ ਦੇ ਹਵਾਲਾਤੀਆਂ ਅਤੇ ਕੈਦੀਆਂ ਨਾਲ ਰੂ-ਬ-ਰੂ ਗੱਲਬਾਤ ਕੀਤੀ ਗਈ। ਉਨ੍ਹਾਂ ਨੇ ਕੈਦੀਆਂ ਦੀਆਂ ਸਮੱਸਿਆਵਾਂ, ਲੋੜਾਂ ਅਤੇ ਸੁਝਾਵਾਂ ਨੂੰ ਧਿਆਨ ਨਾਲ ਸੁਣਿਆ ਅਤੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਦੇ ਕਾਨੂੰਨੀ ਅਤੇ ਮਨੁੱਖੀ ਅਧਿਕਾਰਾਂ ਦੀ ਰੱਖਿਆ ਨੂੰ ਯਕੀਨੀ ਬਣਾਇਆ ਜਾਵੇਗਾ। ਕੈਦੀਆਂ ਨੂੰ ਉਨ੍ਹਾਂ ਦੇ ਕਾਨੂੰਨੀ ਅਧਿਕਾਰਾਂ, ਮੁਫ਼ਤ ਕਾਨੂੰਨੀ ਸਹਾਇਤਾ, ਸਿਹਤ ਸੇਵਾਵਾਂ ਅਤੇ ਸਰਕਾਰ ਵੱਲੋਂ ਉਪਲਬਧ ਵੱਖ-ਵੱਖ ਭਲਾਈ ਸਕੀਮਾਂ ਬਾਰੇ ਵੀ ਜਾਣਕਾਰੀ ਦਿੱਤੀ ਗਈ। ਇਸ ਉਪਰੰਤ ਮਾਨਯੋਗ ਜ਼ਿਲ੍ਹਾ ਤੇ ਸੈਸ਼ਨ ਜੱਜ ਜੀ ਵੱਲੋਂ ਜੇਲ੍ਹਾਂ ਵਿੱਚ ਉਪਲਬਧ ਰਿਹਾਇਸ਼, ਸਫ਼ਾਈ, ਰਸੋਈ, ਮੈਡੀਕਲ ਸਹੂਲਤਾਂ, ਸੁਰੱਖਿਆ ਪ੍ਰਬੰਧਾਂ ਅਤੇ ਹੋਰ ਬੁਨਿਆਦੀ ਸਹੂਲਤਾਂ ਦਾ ਜਾਇਜ਼ਾ ਲਿਆ ਗਿਆ। ਉਨ੍ਹਾਂ ਨੇ ਜੇਲ੍ਹ ਪ੍ਰਸ਼ਾਸਨ ਨੂੰ ਹਦਾਇਤ ਕੀਤੀ ਕਿ ਕੈਦੀਆਂ ਨੂੰ ਸਾਰੀਆਂ ਲੋੜੀਂਦੀਆਂ ਸਹੂਲਤਾਂ ਨਿਯਮਾਂ ਅਨੁਸਾਰ ਸਮੇਂ-ਸਿਰ ਮੁਹੱਈਆ ਕਰਵਾਈਆਂ ਜਾਣ ਅਤੇ ਉਨ੍ਹਾਂ ਦੀ ਸਿਹਤ, ਸੁਰੱਖਿਆ ਅਤੇ ਭਲਾਈ ਨੂੰ ਸਰਵੋਚ ਤਰਜੀਹ ਦਿੱਤੀ ਜਾਵੇ।
ਮਾਨਯੋਗ ਜ਼ਿਲ੍ਹਾ ਤੇ ਸੈਸ਼ਨ ਜੱਜ ਨੇ ਕਿਹਾ ਕਿ ਜੇਲ੍ਹਾਂ ਦਾ ਉਦੇਸ਼ ਕੇਵਲ ਸਜ਼ਾ ਤੱਕ ਸੀਮਿਤ ਨਹੀਂ, ਸਗੋਂ ਕੈਦੀਆਂ ਦੇ ਸੁਧਾਰ, ਪੁਨਰਵਾਸ ਅਤੇ ਉਨ੍ਹਾਂ ਨੂੰ ਸਮਾਜ ਦੀ ਮੁੱਖ ਧਾਰਾ ਨਾਲ ਦੁਬਾਰਾ ਜੋੜਨਾ ਵੀ ਹੈ। ਇਸ ਲਈ ਜੇਲ੍ਹਾਂ ਵਿੱਚ ਚਲਾਈਆਂ ਜਾ ਰਹੀਆਂ ਸਿੱਖਿਆ, ਹੁਨਰ ਵਿਕਾਸ, ਸਿਹਤ ਸੰਭਾਲ ਅਤੇ ਕੌਂਸਲਿੰਗ ਵਰਗੀਆਂ ਸੁਧਾਰਾਤਮਕ ਗਤੀਵਿਧੀਆਂ ਨੂੰ ਹੋਰ ਪ੍ਰਭਾਵਸ਼ਾਲੀ ਢੰਗ ਨਾਲ ਜਾਰੀ ਰੱਖਣ ਦੀ ਲੋੜ ਹੈ। ਦੌਰੇ ਦੌਰਾਨ ਜੇਲ੍ਹ ਪ੍ਰਸ਼ਾਸਨ ਵੱਲੋਂ ਮਾਨਯੋਗ ਜੱਜ ਸਾਹਿਬ ਅਤੇ ਹੋਰ ਅਧਿਕਾਰੀਆਂ ਨੂੰ ਜੇਲ੍ਹਾਂ ਵਿੱਚ ਚੱਲ ਰਹੀਆਂ ਵੱਖ-ਵੱਖ ਸੁਧਾਰਾਤਮਕ, ਪੁਨਰਵਾਸ ਅਤੇ ਭਲਾਈ ਸੰਬੰਧੀ ਗਤੀਵਿਧੀਆਂ ਬਾਰੇ ਵੀ ਵਿਸਥਾਰਪੂਰਵਕ ਜਾਣੂ ਕਰਵਾਇਆ ਗਿਆ।
ਇਸ ਮੌਕੇ ਡਾ. ਸ਼ਰਨਦੀਪ ਕੌਰ, ਸਾਈਕੈਟ੍ਰਿਸਟ ਵੱਲੋਂ ਕੈਦੀਆਂ ਦੀ ਸਰੀਰਕ ਸਿਹਤ ਅਤੇ ਪੁਨਰਵਾਸ ਸੰਬੰਧੀ ਲੋੜਾਂ ਦਾ ਜਾਇਜ਼ਾ ਲਿਆ ਗਿਆ, ਜਦਕਿ ਜ਼ਿਲ੍ਹਾ ਸਿਹਤ ਅਫ਼ਸਰ ਡਾ. ਉਸ਼ਾ ਗੋਇਲ ਵੱਲੋਂ ਜੇਲ੍ਹ ਵਿੱਚ ਉਪਲਬਧ ਸਿਹਤ ਸੇਵਾਵਾਂ ਅਤੇ ਮੈਡੀਕਲ ਪ੍ਰਬੰਧਾਂ ਦੀ ਸਮੀਖਿਆ ਕੀਤੀ ਗਈ। ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਸ੍ਰੀਮਤੀ ਰਵਨੀਤ ਕੌਰ ਵੱਲੋਂ ਮਹਿਲਾ ਜੇਲ੍ਹ ਵਿੱਚ ਬੰਦ ਮਹਿਲਾਵਾਂ ਅਤੇ ਉਨ੍ਹਾਂ ਨਾਲ ਰਹਿ ਰਹੇ ਬੱਚਿਆਂ ਦੀ ਭਲਾਈ ਲਈ ਉਪਲਬਧ ਸਹੂਲਤਾਂ ਦਾ ਵੀ ਜਾਇਜ਼ਾ ਲਿਆ ਗਿਆ।
