ਪੰਜਾਬ ਅੱਜ ਇੱਕ ਅਜਿਹੇ ਮੋੜ ‘ਤੇ ਖੜ੍ਹਾ ਹੈ ਜਿੱਥੇ ਇੱਕ ਪਾਸੇ ਨੌਜਵਾਨਾਂ ਵਿੱਚ ਉੱਚ ਸਿੱਖਿਆ ਪ੍ਰਾਪਤ ਕਰਨ ਦੀ ਲਗਨ ਹੈ, ਪਰ ਦੂਜੇ ਪਾਸੇ ਰੁਜ਼ਗਾਰ ਦੇ ਮੌਕੇ ਉਨ੍ਹਾਂ ਦੀਆਂ ਉਮੀਦਾਂ ਅਨੁਸਾਰ ਨਹੀਂ ਵਧੇ ਜਿਸ ਕਾਰਣ ਕਰਕੇ ਨੌਜੁਆਨੀ ਬਾਹਰਲੇ ਮੁਲਕਾਂ ਚ ਰੁਲਣ ਲਈ ਮਜ਼ਬੂਰ ਹੈ। ਸਰਕਾਰੀ ਨੌਕਰੀਆਂ ਦੀ ਗਿਣਤੀ ਸੀਮਤ ਹੈ ਜੋ ਹਰੇਕ ਨੂੰ ਮਿਲਣੀ ਸੰਭਵ ਨਹੀਂ ਤੇ ਪੰਜਾਬ ਦੀ ਰਵਾਇਤੀ ਖੇਤੀ ਆਮਦਨ ਯੋਗ ਨਹੀਂ ਰਹੀ ਅਤੇ ਉਦਯੋਗਿਕ ਵਿਕਾਸ ਵੀ ਉਮੀਦਾਂ ਦੇ ਅਨੁਸਾਰ ਨਹੀਂ ਹੋ ਸਕਿਆ ਤੇ ਨਤੀਜਨ ਹਜ਼ਾਰਾਂ ਨੌਜਵਾਨ ਵਿਦੇਸ਼ ਜਾਣ ਨੂੰ ਹੀ ਆਪਣਾ ਭਵਿੱਖ ਸਮਝਣ ਲੱਗੇ ਹਨ। ਇਸ ਸਥਿਤੀ ਵਿੱਚ ਕਿੱਤਾ-ਮੁਖੀ ਸਿੱਖਿਆ ਅਤੇ ਹੁਨਰ-ਅਧਾਰਿਤ ਕੋਰਸ ਪੰਜਾਬ ਲਈ ਸਿਰਫ਼ ਇੱਕ ਸਿੱਖਿਅਕ ਵਿਕਲਪ ਹੀ ਨਹੀਂ, ਸਗੋਂ ਸਮਾਜਿਕ ਅਤੇ ਆਰਥਿਕ ਲੋੜ ਵੀ ਹੈ।
ਭਾਰਤ ਦੀ ਨਵੀਂ ਸਿੱਖਿਆ ਨੀਤੀ–2020 ਨੇ ਸਪੱਸ਼ਟ ਕੀਤਾ ਹੈ ਕਿ ਸਿੱਖਿਆ ਨੂੰ ਸਿਰਫ਼ ਡਿਗਰੀਆਂ ਤੱਕ ਸੀਮਤ ਨਹੀਂ ਰੱਖਿਆ ਜਾ ਸਕਦਾ। ਇਸ ਦਾ ਮੰਤਵ ਵਿਦਿਆਰਥੀਆਂ ਨੂੰ ਹੁਨਰ, ਨਵੀਨਤਾ, ਉਦਮਸ਼ੀਲਤਾ ਅਤੇ ਰੁਜ਼ਗਾਰ-ਯੋਗਤਾ ਨਾਲ ਜੋੜਨਾ ਹੈ। ਇਸੇ ਲਈ ਸਕੂਲੀ ਪੱਧਰ ਤੋਂ ਹੀ ਕਿੱਤਾ-ਮੁਖੀ ਸਿੱਖਿਆ ਨੂੰ ਉਤਸ਼ਾਹਿਤ ਕਰਨ ਅਤੇ ਵਿਦਿਆਰਥੀਆਂ ਨੂੰ ਵੱਖ-ਵੱਖ ਕਿੱਤਿਆਂ ਨਾਲ ਜਾਣੂ ਕਰਵਾਉਣ ‘ਤੇ ਜ਼ੋਰ ਦਿੱਤਾ ਗਿਆ ਹੈ। ਇਹ ਸੋਚ ਪੰਜਾਬ ਵਰਗੇ ਸੂਬੇ ਲਈ ਬਹੁਤ ਮਹੱਤਵਪੂਰਨ ਹੈ।
ਪੰਜਾਬ ਵਿੱਚ ਸਰਕਾਰੀ ਅਤੇ ਨਿੱਜੀ ਉਦਯੋਗਿਕ ਸਿਖਲਾਈ ਸੰਸਥਾਵਾਂ (ਆਈ.ਟੀ.ਆਈ.), ਪੌਲੀਟੈਕਨਿਕ ਕਾਲਜ, ਕਮਿਊਨਿਟੀ ਕਾਲਜ, ਹੁਨਰ ਵਿਕਾਸ ਕੇਂਦਰ ਅਤੇ ਯੂਨੀਵਰਸਿਟੀਆਂ ਅਨੇਕਾਂ ਕਿੱਤਾ-ਮੁਖੀ ਕੋਰਸ ਚਲਾ ਰਹੀਆਂ ਹਨ। ਇਲੈਕਟ੍ਰੀਸ਼ੀਅਨ, ਫਿਟਰ, ਵੈਲਡਰ, ਮਸ਼ੀਨਿਸਟ, ਕੰਪਿਊਟਰ ਐਪਲੀਕੇਸ਼ਨ, ਪੈਰਾਮੈਡੀਕਲ, ਫਾਰਮੇਸੀ ਸਹਾਇਕ, ਹੋਟਲ ਪ੍ਰਬੰਧਨ, ਫੂਡ ਪ੍ਰੋਸੈਸਿੰਗ, ਫੈਸ਼ਨ ਡਿਜ਼ਾਈਨਿੰਗ, ਗ੍ਰਾਫਿਕ ਡਿਜ਼ਾਈਨਿੰਗ, ਡਿਜ਼ੀਟਲ ਮਾਰਕੀਟਿੰਗ, ਸੌਰ ਊਰਜਾ, ਏਅਰ ਕੰਡੀਸ਼ਨਿੰਗ ਅਤੇ ਰੈਫ੍ਰਿਜਰੇਸ਼ਨ ਵਰਗੇ ਕੋਰਸ ਨੌਜਵਾਨਾਂ ਨੂੰ ਥੋੜ੍ਹੇ ਸਮੇਂ ਵਿੱਚ ਹੀ ਰੁਜ਼ਗਾਰ ਦੇ ਯੋਗ ਬਣਾਉਂਦੇ ਹਨ।
ਪੰਜਾਬ ਦੀ ਆਰਥਿਕਤਾ ਦਾ ਆਧਾਰ ਖੇਤੀ ਹੈ, ਪਰ ਹੁਣ ਖੇਤੀ ਨੂੰ ਵੀ ਵਿਗਿਆਨਕ ਸੋਚ ਅਤੇ ਨਵੀਂ ਤਕਨੀਕ ਦੀ ਲੋੜ ਹੈ। ਜੈਵਿਕ ਖੇਤੀ, ਡਰਿਪ ਸਿੰਚਾਈ, ਮਸ਼ਰੂਮ ਉਤਪਾਦਨ, ਮਧੂ-ਮੱਖੀ ਪਾਲਣ, ਡੇਅਰੀ ਫਾਰਮਿੰਗ, ਮੱਛੀ ਪਾਲਣ, ਫਲ ਅਤੇ ਸਬਜ਼ੀਆਂ ਦੀ ਪ੍ਰੋਸੈਸਿੰਗ, ਖੇਤੀ ਮਸ਼ੀਨਰੀ ਦੀ ਸੰਭਾਲ ਅਤੇ ਐਗਰੀ-ਬਿਜ਼ਨਸ ਨਾਲ ਸੰਬੰਧਿਤ ਕੋਰਸ ਪਿੰਡਾਂ ਦੇ ਨੌਜਵਾਨਾਂ ਲਈ ਆਮਦਨ ਦੇ ਨਵੇਂ ਸਰੋਤ ਬਣ ਸਕਦੇ ਹਨ। ਜੇ ਇਨ੍ਹਾਂ ਨੂੰ ਮੰਡੀਕਰਨ ਅਤੇ ਵਿੱਤੀ ਸਹਾਇਤਾ ਨਾਲ ਜੋੜਿਆ ਜਾਵੇ ਤਾਂ ਪੰਜਾਬ ਦੀ ਪੇਂਡੂ ਆਰਥਿਕਤਾ ਨੂੰ ਨਵੀਂ ਤਾਕਤ ਮਿਲ ਸਕਦੀ ਹੈ।
ਇਸ ਦੇ ਨਾਲ ਹੀ ਸੂਚਨਾ ਤਕਨਾਲੋਜੀ ਨੇ ਰੁਜ਼ਗਾਰ ਦੀ ਪਰਿਭਾਸ਼ਾ ਬਦਲ ਦਿੱਤੀ ਹੈ। ਅੱਜ ਇੱਕ ਹੁਨਰਮੰਦ ਨੌਜਵਾਨ ਆਪਣੇ ਪਿੰਡ ਤੋਂ ਹੀ ਡਿਜ਼ੀਟਲ ਮਾਰਕੀਟਿੰਗ, ਵੈੱਬ ਡਿਵੈਲਪਮੈਂਟ, ਗ੍ਰਾਫਿਕ ਡਿਜ਼ਾਈਨਿੰਗ, ਵੀਡੀਓ ਐਡੀਟਿੰਗ ਜਾਂ ਫ੍ਰੀਲਾਂਸਿੰਗ ਰਾਹੀਂ ਦੇਸ਼-ਵਿਦੇਸ਼ ਦੀਆਂ ਕੰਪਨੀਆਂ ਨਾਲ ਕੰਮ ਕਰ ਸਕਦਾ ਹੈ। ਇਸ ਲਈ ਲੋੜ ਹੈ ਕਿ ਕਿੱਤਾ-ਮੁਖੀ ਸਿੱਖਿਆ ਨੂੰ ਡਿਜ਼ੀਟਲ ਹੁਨਰਾਂ ਨਾਲ ਜੋੜਿਆ ਜਾਵੇ।
ਦੁੱਖ ਦੀ ਗੱਲ ਹੈ ਕਿ ਸਾਡੇ ਸਮਾਜ ਵਿੱਚ ਅਜੇ ਵੀ ਕਈ ਲੋਕ ਹੁਨਰ-ਅਧਾਰਿਤ ਸਿੱਖਿਆ ਨੂੰ ਰਵਾਇਤੀ ਡਿਗਰੀਆਂ ਨਾਲੋਂ ਘੱਟ ਸਮਝਦੇ ਹਨ। ਇਹ ਸੋਚ ਬਦਲਣੀ ਪਵੇਗੀ। ਦੁਨੀਆਂ ਦੇ ਵਿਕਸਤ ਦੇਸ਼ਾਂ ਦੀ ਤਰੱਕੀ ਦੇ ਪਿੱਛੇ ਉਨ੍ਹਾਂ ਦੀ ਮਜ਼ਬੂਤ ਹੁਨਰ-ਅਧਾਰਿਤ ਸਿੱਖਿਆ ਪ੍ਰਣਾਲੀ ਹੈ। ਹੁਨਰਮੰਦ ਇਲੈਕਟ੍ਰੀਸ਼ੀਅਨ, ਟੈਕਨੀਸ਼ੀਅਨ, ਮਸ਼ੀਨ ਆਪਰੇਟਰ, ਸਿਹਤ ਕਰਮਚਾਰੀ ਜਾਂ ਡਿਜ਼ੀਟਲ ਪੇਸ਼ੇਵਰ ਵੀ ਸਮਾਜ ਦੇ ਉਤਨੇ ਹੀ ਮਹੱਤਵਪੂਰਨ ਹਿੱਸੇ ਹਨ ਜਿੰਨੇ ਹੋਰ ਪੇਸ਼ਿਆਂ ਨਾਲ ਜੁੜੇ ਲੋਕ।
ਪੰਜਾਬ ਸਰਕਾਰ, ਸਿੱਖਿਆ ਸੰਸਥਾਵਾਂ ਅਤੇ ਉਦਯੋਗਾਂ ਨੂੰ ਮਿਲ ਕੇ “ਇੰਡਸਟਰੀ–ਇੰਸਟੀਚਿਊਟ ਭਾਈਵਾਲੀ” ਨੂੰ ਮਜ਼ਬੂਤ ਕਰਨਾ ਚਾਹੀਦਾ ਹੈ, ਤਾਂ ਜੋ ਵਿਦਿਆਰਥੀਆਂ ਨੂੰ ਸਿਖਲਾਈ ਦੌਰਾਨ ਹੀ ਉਦਯੋਗਾਂ ਵਿੱਚ ਇੰਟਰਨਸ਼ਿਪ ਅਤੇ ਅਮਲੀ ਤਜਰਬਾ ਮਿਲੇ। ਇਸ ਨਾਲ ਪੜ੍ਹਾਈ ਪੂਰੀ ਹੋਣ ਉਪਰੰਤ ਰੁਜ਼ਗਾਰ ਪ੍ਰਾਪਤ ਕਰਨਾ ਹੋਰ ਆਸਾਨ ਹੋਵੇਗਾ। ਨਾਲ ਹੀ, ਹਰ ਜ਼ਿਲ੍ਹੇ ਵਿੱਚ ਕੈਰੀਅਰ ਕਾਊਂਸਲਿੰਗ ਕੇਂਦਰਾਂ ਨੂੰ ਮਜ਼ਬੂਤ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਵਿਦਿਆਰਥੀ ਆਪਣੀ ਯੋਗਤਾ ਅਤੇ ਰੁਚੀ ਅਨੁਸਾਰ ਸਹੀ ਕੋਰਸ ਦੀ ਚੋਣ ਕਰ ਸਕਣ।
ਜੇ ਪੰਜਾਬ ਨੂੰ ਬੇਰੁਜ਼ਗਾਰੀ, ਨਸ਼ਿਆਂ ਅਤੇ ਨੌਜਵਾਨਾਂ ਦੇ ਲਗਾਤਾਰ ਵਿਦੇਸ਼ੀ ਪਲਾਇਨ ਵਰਗੀਆਂ ਚੁਣੌਤੀਆਂ ਦਾ ਟਿਕਾਊ ਹੱਲ ਲੱਭਣਾ ਹੈ ਤਾਂ ਕਿੱਤਾ-ਮੁਖੀ ਸਿੱਖਿਆ ਨੂੰ ਸਿੱਖਿਆ ਪ੍ਰਣਾਲੀ ਦੇ ਕੇਂਦਰ ਵਿੱਚ ਲਿਆਉਣਾ ਹੋਵੇਗਾ। ਇਹ ਸਿਰਫ਼ ਰੁਜ਼ਗਾਰ ਦਾ ਸਾਧਨ ਨਹੀਂ, ਸਗੋਂ ਆਤਮ-ਵਿਸ਼ਵਾਸ, ਸਵੈ-ਨਿਰਭਰਤਾ ਅਤੇ ਸਨਮਾਨਜਨਕ ਜੀਵਨ ਦਾ ਆਧਾਰ ਹੈ।
ਸਮੇਂ ਦੀ ਮੰਗ ਹੈ ਕਿ ਅਸੀਂ “ਹਰ ਹੱਥ ਨੂੰ ਹੁਨਰ, ਹਰ ਨੌਜਵਾਨ ਨੂੰ ਮੌਕਾ” ਦਾ ਸੰਕਲਪ ਅਪਣਾਈਏ। ਜਦੋਂ ਪੰਜਾਬ ਦਾ ਨੌਜਵਾਨ ਆਪਣੇ ਹੁਨਰ ਦੇ ਬਲ ‘ਤੇ ਆਪਣੇ ਹੀ ਸੂਬੇ ਵਿੱਚ ਤਰੱਕੀ ਕਰੇਗਾ, ਤਦੋਂ ਹੀ ਖੁਸ਼ਹਾਲ, ਆਤਮਨਿਰਭਰ ਅਤੇ ਵਿਕਸਤ ਪੰਜਾਬ ਦਾ ਸੁਪਨਾ ਸਾਕਾਰ ਹੋਵੇਗਾ।
ਡਾ ਜਸਵੀਰ ਸਿੰਘ ਗਰੇਵਾਲ
ਲੁਧਿਆਣਾ।*
ਪੀ ਐਚ ਡੀ
(ਹੈਲਥ ਕੇਅਰ ਮਾਰਕੀਟ ਮੈਨੇਜਮੈਂਟ)
ਐਮ ਐਸ ਸੀ
(ਕਲਿਨੀਕਲ ਮਾਈਕ੍ਰੋਬਾਇਲੋਜੀ)

