ਡਰਦੀ ਹਾਂ ਹੁਣ
ਨੀਂਦ ਨਹੀਂ ਆਉਂਦੀ
ਰਾਤ ਭਿਆਨਕ ਲੱਗਦੀ ਹੈ
ਤਨਹਾਈ ਜੋ ਪਿਆਰੀ ਲੱਗਦੀ ਸੀ ਕਦੀ
ਡਰ ਲੱਗਦਾ ਹੈ ਇਸ ਤਨਹਾਈ ਤੋਂ ਹੁਣ
ਹਲਕੀ ਜਿਹੀ ਸਰਸਰਾਹਟ
ਦੀ ਅਵਾਜ਼ ਸੁਣ ਡਰ ਜਾਂਦੀ ਹਾਂ
ਬਾਹਰੋਂ ਬੱਦਲਾਂ ਦੀ ਗੜਗੜਾਹਟ
ਬਿਜਲੀ ਕੜਕਣ ਦੀ ਅਵਾਜ਼ ਸੁਣ
ਡਰ ਕੇ ਹੋਰ ਸਹਿਮ ਜਾਂਦੀ ਹਾਂ
ਲਿਖਣ ਲੱਗਦੀ ਹਾਂ
ਦਿਮਾਗ ਸੁੰਨ ਹੋ ਜਾਂਦਾ ਹੈ
ਸ਼ਬਦ ਗੁੰਮ ਜਾਂਦੇ ਹਨ
ਡਰ ਜਾਂਦੀ ਹਾਂ ਇਕਦਮ
ਕੀ ਹੋ ਗਿਆ ਹੈ ਮੈਨੂੰ
ਐਨੀ ਬੁਜ਼ਦਿਲ ਤੇ ਨਹੀਂ ਸੀ
ਕਦੀ ਐਨੀ ਬੇਵੱਸ ਵੀ ਨਹੀਂ ਸੀ
ਹੋਰ ਡਰ ਜਾਂਦੀ ਹਾਂ ਮੈਂ
ਅੰਧੇਰੇ ਵਿਚ ਚੀਜ਼ਾਂ ਦੇ
ਪਰਛਾਂਵੇਂ ਦੇਖ ਹੋਰ ਸਹਿਮ ਜਾਂਦੀ ਹਾਂ
ਇਧਰ ਉਧਰ ਨਜ਼ਰ ਦੌੜਾਂਉਂਦੀ ਹਾਂ
ਕੋਈ ਵੀ ਤੇ ਨਹੀਂ ਦਿਖਦਾ
ਜਿਸਦੇ ਸੀਨੇ ‘ਚ ਮੂੰਹ ਛਿਪਾ
ਆਪਣੇ ਆਪ ਨੂੰ ਸੁਰੱਖਿਅਤ
ਮਹਿਸੂਸ ਕਰ ਸਕਾਂ
ਤੇ ਸਕੂਨ ਦੀ ਨੀਂਦ ਸੌਂ ਜਾਵਾਂ
ਮਾਂ ਤੇ ਕੱਦ ਦੀ ਕਿਸੇ ਹੋਰ
ਦੁਨੀਆਂ ਵਿਚ ਜਾ ਚੁੱਕੀ ਹੈ
ਬਚਪਨ ਵਿਚ ਡਰ ਲੱਗਦਾ ਸੀ
ਤੇ ਮਾਂ ਦੇ ਆਗੋਸ਼ ਵਿਚ ਆ
ਛੁੱਪ ਜਾਈਦਾ ਸੀ
ਇਧਰ ਉਧਰ ਦੇਖਦੀ ਹਾਂ
ਰਾਤ ਦੀ ਤਨਹਾਈ ਵੱਢ ਵੱਢ ਖਾਂਦੀ ਹੈ
ਡਰਕੇ ਹੋਰ ਸਹਿਮ ਜਾਂਦੀ ਹਾਂ
ਡਬਡਬਾਈਆਂ ਅੱਖਾਂ ਨੂੰ ਸਾਫ਼ ਕਰ
ਅੱਖਾਂ ਬੰਦ ਕਰ , ਸਿਰ ਢੱਕ
ਕੀਰਤਨ ਸੋਹਲੇ ਦਾ ਪਾਠ ਕਰ
ਵਾਹਿਗੁਰੂ ਦਾ ਨਾਮ ਸਿਮਰਨ ਕਰ
ਗੁਰੂ ਨਾਨਕ ਨੂੰ ਯਾਦ ਕਰ
ਚੌਪਈ ਸਾਹਿਬ ਦਾ ਪਾਠ ਸ਼ੁਰੂ
ਕਰ ਦਿੰਦੀ ਹਾਂ , ਪਤਾ ਨਹੀਂ ਲੱਗਦਾ
ਕੱਦ ਨੀਂਦ ਆਪਣੇ ਆਗੋਸ਼ ਵਿਚ
ਲੈ ਲੈਂਦੀ ਹੈ
ਰਮਿੰਦਰ ਰੰਮੀ
Leave a Reply