ਦੁਸਹਿਰੀ ਅੰਬ ਵਰਗਾ ਰਸਵੰਤਾ ਸੀ-ਸ. ਜਗਦੇਵ ਸਿੰਘ ਜੱਸੋਵਾਲ।

30 ਅਪ੍ਰੈਲ ਨੂੰ ਸ. ਜਗਦੇਵ ਸਿੰਘ ਜੱਸੋਵਾਲ ਜੀ ਦਾ ਜਨਮ ਦਿਨ ਹੁੰਦਾ ਹੈ ਤੇ ਪਹਿਲੀ ਮਈ ਨੂੰ ਪੰਜਾਬੀ ਨਾਵਲਕਾਰ ਪ੍ਰੋ. ਨਰਿੰਜਨ ਤਸਨੀਮ ਜੀ ਦਾ। ਦੋ ਮਈ ਨੂੰ ਮੇਰਾ ਜਨਮ ਦਿਨ ਹੈ ਤੇ ਤਿੰਨ ਮਈ ਨੂੰ ਮੇਰੇ ਕੈਨੇਡਾ ਵੱਸਦੇ ਮਿੱਤਰ ਕਵੀ ਮੋਹਨ ਗਿੱਲ ਦਾ।
ਸ. ਜਗਦੇਵ ਸਿੰਘ ਜੱਸੋਵਾਲ ਆਪਣੇ ਵੱਡੇ ਵੀਰ ਗੁਰਦੇਵ ਸਿੰਘ ਤੇ ਸੁਖਦੇਵ ਸਿੰਘ ਤੋਂ ਨਿੱਕੜਾ “ਜੱਗੋ”। ਜੱਗੋ ਬਿਲਕੁਲ ਵੱਖਰਾ। ਨਿੱਕੇ ਵੀਰ ਇੰਦਰਜੀਤ ਤੇ ਚਮਕੌਰ ਸਿੰਘ ਦਾ ਵੱਡਾ ਬਾਈ।
ਬੇਬੇ ਅਕਸਰ ਆਖਰੀ ਜੱਗੋ ਤਾ ਮੇਰਾ ਬੱਠਲ਼ ਭਰ ਕੇ ਉੱਬਲੀਆਂ ਬੱਕਲੀਆ ਖਾ ਜਾਂਦਾ ਸੀ ਨਿੱਕੇ ਹੁੰਦਿਆਂ। ਏਡਾ ਚੌਗਾਠਾ ਪਾਲਣਾ ਕਿਤੇ ਸੌਖਾ ਹੈ ਪੁੱਤਰਾ। ਸਾਰਾ ਦਿਨ ਭੱਜਿਆ ਹੀ ਫਿਰਦਾ। ਹੁਣ ਵੀ ਕਿੱਥੇ ਟਿਕ ਕੇ ਬਹਿੰਦੈ। ਜਿੰਨਾ ਚਿਰ ਸੌ ਦੋ ਸੌ ਮੀਲ ਪੈਂਡਾ ਗਾਹ ਨਾ ਲਵੇ , ਇਹਨੂੰ ਰੋਟੀ ਹਜ਼ਮ ਨਹੀਂ ਹੁੰਦੀ। ਬੇਬੇ ਅਮਰ ਕੌਰ ਅਕਸਰ ਸਾਨੂੰ ਹੱਸ ਹੱਸ ਦੱਸਦੀ।
ਜਗਦੇਵ ਸਿੰਘ ਜੱਸੋਵਾਲ ਨੇ ਆਪਣੇ ਜਨਮ ਤੋਂ ਦੋ ਸਾਲ ਪਹਿਲਾਂ ਖੁੱਲ੍ਹੇ ਖਾਲਸਾ ਹਾਈ ਸਕੂਲ ਕਿਲ੍ਹਾ ਰਾਏਪੁਰ ਤੋਂ ਮੁੱਢਲੀ ਪੜ੍ਹਾਈ ਕੀਤੀ। ਇੱਥੇ ਹੀ ਪੰਜਾਬੀ ਸ਼ਾਇਰ ਅਜਾਇਬ ਚਿਤਰਕਾਰ ਉਸ ਦਾ ਡਰਾਇੰਗ ਅਧਿਆਪਕ ਬਣਿਆ। ਆਰੀਆ ਕਾਲਿਜ ਲੁਧਿਆਣਾ ਤੋਂ ਗਰੈਜੂਏਸ਼ਨ, ਗੌਰਮਿੰਟ ਕਾਲਿਜ ਲੁਧਿਆਣਾ ਤੇ ਮਹਿੰਦਰਾ ਕਾਲਿਜ ਪਟਿਆਲਾ ਤੋਂ ਡਬਲ ਐੱਮ ਏ ਕਰਕੇ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਦਾ ਲਾਅ ਗ੍ਰੈਜੂਏਟ ਬਣਿਆ।
ਲੁਧਿਆਣਾ ਕਚਹਿਰੀਆਂ ਵਿੱਚ ਉਸ ਨੇ ਸ. ਸੁਖਦੇਵ ਸਿੰਘ ਕੰਗ ਨਾਲ। ਕੰਗ ਸਾਹਿਬ ਮਗਰੋਂ ਇੱਕ ਹਾਈਕੋਰਟ ਦੇ ਚੀਫ਼ ਜਸਟਿਸ ਬਣੇ ਤੇ ਹੋਰ ਅੱਗੇ ਜਾ ਕੇ ਗਵਰਨਰ। ਮੈਂ ਦੋਹਾਂ ਦੀ ਸ. ਸ਼ਿਵ ਸਿੰਘ ਸੰਧੂ ਦੇ ਘਰ ਲੰਮੀ ਸੰਗਤ ਕੀਤੀ ਸੀ ਇੱਕ ਵਾਰ। ਇਹ ਗੱਲ ਦੋਹਾਂ ਨੇ ਹੀ ਦੁਹਰਾਈ।
ਰਲ਼ ਕੇ ਪ੍ਰੈਕਟਿਸ ਤਾਂ ਸ਼ੂਰੂ ਕਰ ਲਈ ਪਰ ਉੱਡਣੇ ਪਰਿੰਦੇ ਕਿਤੇ ਪਿੰਜਰੇ ਪੈਂਦੇ ਨੇ? ਸ਼੍ਰੋਮਣੀ ਅਕਾਲੀ ਦਲ ਵਿੱਚ ਉਹ ਮਾਸਟਰ ਤਾਰਾ ਸਿੰਘ ਤੇ ਸੰਤ ਫ਼ਤਹਿ ਸਿੰਘ ਦੀ ਪ੍ਰਧਾਨਗੀ ਵੇਲੇ ਜਨਰਲ ਸਕੱਤਰ ਰਿਹਾ। ਪਰ ਸ਼ੌਕ ਅਵੱਲੇ! ਸੰਤ ਫ਼ਤਹਿ ਸਿੰਘ ਦੇ ਪ੍ਰਧਾਨ ਬਣਨ ਉਪਰੰਤ ਪਹਿਲੀ ਕਲਕੱਤਾ ਫੇਰੀ ਦੌਰਾਨ ਪੰਜਾਬੀ ਕਵੀ ਪ੍ਰੋ. ਕੁਲਵੰਤ ਗਰੇਵਾਲ ਦੇ ਸੰਗ ਸਾਥ ਸਿਰਮੌਰ ਬੰਗਾਲੀ ਕਵੀ ਕਾਜ਼ੀ ਨਜ਼ਰੁਲ ਇਸਲਾਮ ਨੂੰ ਮਿਲਣ ਜਾ ਪੁੱਜਾ। ਸੰਤ ਖ਼ਫ਼ਾ ਕਿ ਕਿੱਥੇ ਲੈ ਵੜਿਆਂ? ਅਗਲੇ ਦਿਨ ਪ੍ਰਮੁੱਖ ਬੰਗਾਲੀ ਤੇ ਅੰਗਰੇਜ਼ੀ ਅਖ਼ਬਾਰਾਂ ਦੇ ਮੁੱਖ ਪੰਨੇ ਤੇ ਸੰਤਾਂ ਨਾਲ ਕਾਜ਼ੀ ਜੀ ਦੀ ਤਸਵੀਰ ਛਪੀ। ਇਹੀ ਕਾਜ਼ੀ ਨਜ਼ਰੁਲ ਇਸਲਾਮ ਸਾਹਿਬ 1971 ਵਿੱਚ ਬੰਗਲਾ ਦੇਸ਼ ਦੇ ਕੌਮੀ ਕਵੀ ਐਲਾਨੇ ਗਏ।
ਦੇਸ਼ ਵਿੱਚ ਪਹਿਲੀ ਵਾਰ 1967 ਵਿੱਚ ਬਣੀ ਪਹਿਲੀ ਗੈਰ ਕਾਂਗਰਸ ਸਰਕਾਰ ਦੇ ਜੁਗਾੜੀਆਂ ਵਿੱਚ ਜੱਸੋਵਾਲ ਜੀ ਵੀ ਸ਼ਾਮਿਲ ਸਨ। ਇਸ ਸਰਕਾਰ ਵਿੱਚ ਕਮਿਉਨਿਸਟ ਆਗੂ ਕਾਮਰੇਡ ਸੱਤ ਪਾਲ ਡਾਂਗ ਖੁਰਾਕ ਮੰਤਰੀ ਬਣੇ। ਭਾਰਤੀਯ ਜਨਸੱਘ ਦੇ ਵੀ ਦੋ ਮੰਤਰੀ ਸ਼ਾਮਲ ਸਨ। ਸੁਤੰਤਰ ਪਾਰਟੀ ਵਿੱਚੋਂ ਕੱਢ ਕੇ ਜੱਸੋਵਾਲ ਨੇ ਹੀ ਜਸਟਿਸ ਗੁਰਨਾਮ ਸਿੰਘ ਜੀ ਨੂੰ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਕਰਵਾਇਆ ਸੀ।
ਇਸ ਸਰਕਾਰ ਦੇ ਪਹਿਲੇ ਮੁੱਖ ਮੰਤਰੀ ਜਸਟਿਸ ਗੁਰਨਾਮ ਸਿੰਘ ਦੇ ਉਹ ਸਿਆਸੀ ਸਲਾਹਕਾਰ ਬਣੇ। ਸ. ਪ੍ਰਕਾਸ਼ ਸਿੰਘ ਬਾਦਲ ਇਸ ਸਰਕਾਰ ਵਿੱਚ ਪਹਿਲੀ ਵਾਰ ਪੇਂਡੂ ਵਿਕਾਸ ਮੰਤਰੀ ਬਣੇ।
1980 ਵਿੱਚ ਉਹ ਰਾਇਕੋਟ ਤੋਂ ਵਿਧਾਇਕ ਬਣੇ। ਅਕਾਲੀ ਦਲ ਤੋਂ ਜਸਟਿਸ ਸਾਹਿਬ ਦੀ ਖੱਜਲ ਖੁਆਰੀ ਕਾਰਨ ਮਨ ਉਚਾਟ ਹੋ ਗਿਆ। ਬਹੁਤ ਪਹਿਲਾਂ ਇਸੇ ਜਗਦੇਵ ਸਿੰਘ ਨੂੰ ਪੰਡਿਤ ਜਵਾਹਰ ਲਾਲ ਨਹਿਰੂ ਤੇ ਪ੍ਰਤਾਪ ਸਿੰਘ ਕੈਰੋਂ ਕਾਂਗਰਸ ਵਿੱਚ ਸ਼ਾਮਿਲ ਕਰਨ ਆਏ ਸਨ। ਸ. ਕਰਤਾਰ ਸਿੰਘ ਸ਼ਮਸ਼ੇਰ, ਗੋਪਾਲ ਸਿੰਘ ਖਾਲਸਾ ਤੇ ਯੁੱਗ ਕਵੀ ਪ੍ਰੋ. ਮੋਹਨ ਸਿੰਘ ਨਾਲ ਹਰ ਸ਼ਾਮ ਗੁਜ਼ਾਰਦੇ। ਇਸੇ ਦੋਸਤੀ ਵਿੱਚੋਂ ਮੋਹਨ ਸਿੰਘ ਯਾਦਗਾਰੀ ਮੇਲਾ ਨਿਕਲਿਆ।
1978 ਤੋਂ 2014 ਤੀਕ ਉਨ੍ਹਾਂ ਦੇ ਸੰਗੀ ਵਜੋਂ ਤੁਰਨ ਦਾ ਮੈਨੂੰ ਵੀ ਮਾਣ ਮਿਲਿਆ। ਵੱਡੇ ਵੀਰ ਵਜੋਂ ਹਰ ਦੁੱਖ ਸੁੱਖ ਵਿੱਚ ਸਭ ਤੋਂ ਪਹਿਲਾਂ ਬਹੁੜਦੇ।
ਅੱਜ ਉਨ੍ਹਾਂ ਦੀ ਬਰਸੀ ਤੇ ਕੁਝ ਸਮਾਂ ਪਹਿਲਾਂ ਲਿਖਿਆ ਕਾਵਿ ਚਿੱਤਰ ਹਾਜ਼ਰ ਹੈ। ਇਹ ਮੇਰੇ ਕਾਵਿ ਸੰਗ੍ਹਹਿ “ਚਰਖੜੀ” ਵਿੱਚ ਵੀ ਸ਼ਾਮਲ ਹੈ।
◾️
ਸ. ਜਗਦੇਵ ਸਿੰਘ ਜੱਸੋਵਾਲ

ਉਹ ਹੁਣੇ ਆਏਗਾ
ਸਾਡੇ ਘਰ ਦੀਆਂ
ਪੌੜੀਆਂ ਚੜ੍ਹਦਾ ।
ਨਾਲ ਹੋਣਗੇ
ਦੁਨੀਆਂ ਭਰ ਦੇ ਫ਼ਿਕਰ ।
ਹੱਥਾਂ ਨਾਲ ਹਵਾ ’ਚ
ਨਕਸ਼ੇ ਬਣਾਵੇਗਾ ।
ਅਨੇਕਾਂ ਸ਼ਬਦ ਚਿਤਰ ਉਲੀਕੇਗਾ,
ਬਿਨ ਕਾਗ਼ਜ਼ਾਂ ਤੋਂ ।
ਧਰਤੀ ’ਚ ਰੰਗ ਭਰੇਗਾ,
ਖਿੜੇਗਾ
ਸੂਰਜਮੁਖੀ ਦੇ ਖੇਤ ਵਾਂਗ ।
ਸੁਰ ਅਲਾਪੇਗਾ ਤੇ ਕਹੇਗਾ ।
“ਉੱਠ ਕੇ ਪਹਿਰ ਦੇ ਤੜਕੇ,
ਬਦਨਾਮੀ ਲੈ ਲਈ ।
ਆਹੋ ਜੀ ਬਦਨਾਮੀ ਲੈ ਲਈ ।”
ਪਰ ਰੋਜ਼
ਤੜਕੇ ਉੱਠੇਗਾ ਤੇ ਕਹੇਗਾ ।
ਚਲੋ ਬਈ ਚਲੋ,
ਨਿਰਮਲ,ਨਿੰਦਰਾ ,ਰਵਿੰਦਰਾ
ਚਲੋ ਬਟਾਲੇ ਵੱਲ ਚੱਲੀਏ
ਕੋਟਲਾ ਸ਼ਾਹੀਆ ਖੇਡਾਂ ਨੇ ।
ਪਿਰਥੀਪਾਲ ਉਡੀਕਦੈ ।
ਖਤਰਾਵੀਂ ਦਿਲਬਾਗ ਨਾਲ,
ਕਾਮਰੇਡ ਉਜਾਗਰ ਸਿੰਘ ਯਾਦਗਾਰੀ ਮੇਲੇ ਦੀ
ਵਿਉਂਤ ਵੀ ਬਣਾਉਣੀ ਹੈ ।
ਰਾਹ ’ਚ ਮਿਲਣਾ ਹੈ
ਜਥੇਦਾਰ ਕਰਮ ਸਿੰਘ ਜਾਗੀਰਦਾਰ ਨੂੰ
ਮੇਰਾ ਜੇਲ੍ਹ ਸਾਥੀ ਹੈ
ਅਕਾਲੀ ਮੋਰਚਿਆਂ ਵੇਲੇ ਦਾ
ਜਲੰਧਰ
ਕਾਮਰੇਡ ਜਗਜੀਤ ਸਿੰਘ ਆਨੰਦ
ਵੀ ਢਿੱਲਾ ਹੈ ।
ਉਹਦਾ ਵੀ ਪਤਾ ਕਰਨੈਂ।
ਬਾਬੇ ਬਕਾਲੇ ਕਵੀਸ਼ਰ
ਜੋਗਾ ਸਿੰਘ ਜੋਗੀ ਉਡੀਕਦੈ ।
ਬਰਕਤ ਸਿੱਧੂ ਵੀ
ਬੀਮਾਰ ਹੈ ਮੋਗੇ ।
ਚਲੋ! ਚਲੋ! ਚਲੋ! ਭਾਈ!

ਪਰ ਹੁਣ ਕਈ ਸਾਲ ਹੋ ਗਏ
ਕੋਈ ਨਹੀਂ ਪੌੜੀਆਂ ਚੜ੍ਹਦਾ
ਮੇਰੇ ਘਰ ਦੀਆਂ

ਏਨੇ ਫ਼ਿਕਰਾਂ ਵਿੰਨ੍ਹੇ ਮੱਥੇ ਵਾਲਾ
ਹਸਪਤਾਲ ’ਚ ਪਿਆ ਵੀ
ਜੋ ਕਹੇ !
ਚਰਨਜੀਤ ਚੰਨ
ਮੇਰਾ ਬੀਬਾ ਵੀਰ
ਹਰਿਆਣੇ ਵਿੱਚ
ਮੁਲਖਸਗੜ੍ਹ ਯਾਦਗਾਰ ਬਣਵਾ ਦੇ ਬਾਬਾ ਬੰਦਾ ਸਿੰਘ
ਬਹਾਦਰ ਦੀ ਰਾਜਧਾਨੀ ।
ਬਸੀਆਂ ਕੋਠੀ ਤਾਂ ਬਣਵਾ ਲਈ
ਗੁਰਭਜਨ ਨੇ ਤੁਹਾਡੇ ਬਾਦਲ ਤੋਂ ।

ਦਯਾਨੰਦ ਹਸਪਤਾਲ ਦੇ
ਆਈ ਸੀ ਯੂ ਵਿੱਚ ਪਿਆ ਕਹੇ
ਚੱਲ!
ਕਾਕਾ ਹਰਭਜਨ ਮਾਨ ਹੀਰ ਸੁਣਾ!
ਮਨ ਦਾ ਰਾਂਝਾ ਰਾਜ਼ੀ ਕਰੀਏ!

ਹੁਣ ਸਭ ਪਾਸੇ ਚੁੱਪ ਹੈ ।
ਉਹ ਵੱਡੀ ਸਾਰੀ ਧਰਤੀ ਸੀ
ਕਿਸੇ ਲਈ ਨੀਲਾ ਆਸਮਾਨ
ਸਿਰ ਤੇ ਧਰਿਆ
ਬਾਬਲ ਦਾ ਹੱਥ ਸੀ
ਕਿਸੇ ਵਾਸਤੇ
ਸੁਪਨਿਆਂ ਦਾ ਥਾਲ
ਬਹੁਤਿਆਂ ਲਈ
ਵੱਡੀ ਸਾਰੀ ਬੁੱਕਲ ਸੀ
ਅਨੇਕ ਰੱਖਣਿਆਂ ਵਾਲਾ
ਬੈਂਕ ਲਾਕਰ
ਬੜਿਆਂ ਲਈ
ਰੁਜ਼ਗਾਰ ਦੀ ਪੌੜੀ
ਪਰ ਵਿਰਲਿਆਂ ਲਈ
ਆਸਥਾ ਕੇਂਦਰ ।
ਖ਼ਾਨਗਾਹੇ ਬਲਦਾ
ਮੱਧਮ ਚਿਰਾਗ ।
ਉਹ ਕਿਸੇ ਲਈ ਵੀ
ਓਪਰਾ ਨਹੀਂ ਸੀ ।
ਵੱਡੀ ਸਾਰੀ ਪੋਟਲੀ ’ਚੋਂ
ਸੁਪਨੇ ਕੱਢਦਾ
ਤੇ ਪੂਰੇ ਕਰਨ ਲਈ
ਬਲ ਬੁੱਧ ਮੁਤਾਬਕ ਵੰਡਦਾ ।
ਰਿਸ਼ਤਿਆਂ ਦੀਆਂ ਤੰਦਾਂ ਜੋੜਦਾ ।
ਅਮਰੀਕਾ ’ਚ ’ਵਾਜ਼ ਮਾਰਦਾ
ਉਇ ਰਿਆੜ ਹਰਵਿੰਦਰਾ
ਜਗਦੇਆਂ ਵਾਲੇ ਕੁਲਦੀਪ ਸਿੰਹਾਂ
ਉਦਾਸੀ ਦੀਏ ਧੀਏ ਪ੍ਰਿਤਪਾਲ
ਓ ਪੁੱਤਰਾ ਸੁਖਨੈਨ
ਭੱਲਿਆ ਤੇ ਬਾਲਿਆ
ਮੈਂ ਤਾਂ ਹੁਣ ਨਦੀ ਕਿਨਾਰੇ ਰੁੱਖੜਾ
ਮੇਰਾ ਹੁਣ ਕੀ ਏ ।
ਤੇ ਅਗਲੇ ਦਿਨ ਟਿਕਟ ਕਟਾ,
ਅਮਰੀਕਾ ਚੜ੍ਹ ਜਾਂਦਾ ।
ਸਾਥੋਂ ਚੋਰੀ ਚੋਰੀ,
ਹਸਨਪੁਰੀਏ
ਸੂਰਤ ਸਿੰਘ ਖ਼ਾਲਸਾ ਨਾਲ ।
ਓਥੇ ਪਹੁੰਚ ਉੱਤਰਨ ਸਾਰ
ਦੁੱਖ ਸੁਖ ਭੁਗਤਾਉਂਦਾ ।
ਆਖ਼ਰੀ ਰਾਤਾਂ ਰਿਆੜ ਕੋਲੋਂ,
ਸੁੱਜੇ ਪੈਰੀਂ ਮਾਲਸ਼ਾਂ ਕਰਵਾਉਂਦਾ ।
ਅਸੀਸਾਂ ਵੰਡਦਾ,
ਫ਼ਤਹਿ ਬੁਲਾਉਂਦਾ ।
ਵਤਨੀਂ ਪਰਤਦਾ ।

ਆਉਂਦਿਆਂ ਸਾਰ
ਹਸਪਤਾਲ ਦਾ ਮੰਜਾ ਸੀ ।
ਉੱਥੋਂ ਹੀ ਗਾਉਂਦਾ ਵਜਾਉਂਦਾ,
ਰੇਤ ਵਾਂਗ ਹੱਥੋਂ ਕਿਰ ਗਿਆ ।
ਲੋਕ ਸੰਗੀਤ ਦੀ ਪਨੀਰੀ ਬੀਜਦਾ,
ਲਗਾਤਾਰ ਜਲ ਤਰੌਂਕਦਾ,
ਉਡਾਰ ਕਰਦਾ ਤੇ
ਫੁਰਰਰਰਰ ਆਖ,
ਅੰਬਰਾਂ ਨੂੰ ਸੌਂਪਦਾ ।
ਪਾਰਸ ਛੋਹ ਬਖ਼ਸ਼ ਕੇ ।
ਜਹਾਨੋਂ ਜਾਣ ਵੇਲੇ ਵੀ,
ਇਤਿਹਾਸ ਦੀ ਚਿੰਤਾ ਸੀ ।
ਬੂਹਾ ਕਰ ਬੰਦ,ਮੇਰਾ ਪੁੱਤਰ ਚੰਦ,
ਚੱਲ ਬਈ ਨਿੰਦਰਾ,ਖੋਲ੍ਹ ਦੇ ਜਿੰਦਰਾ ।
ਜ਼ਰਾ ਜੰਗਾਲੀਆਂ ਯਾਦਾਂ ਨੂੰ
ਹਵਾ ਲੁਆਈਏ।

▪️ਗੁਰਭਜਨ ਗਿੱਲ


Comments

Leave a Reply

Your email address will not be published. Required fields are marked *

This site uses Akismet to reduce spam. Learn how your comment data is processed.