ਕੋਟਕਪੂਰਾ 4, ਨਵੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਸਥਾਨਕ ਡਰੀਮਲੈਂਡ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵੱਲੋਂ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਅਤੇ ਉਨ੍ਹਾਂ ਦੇ ਗਿਆਨ ਵਿੱਚ ਵਾਧਾ ਕਰਨ ਦੇ ਉਦੇਸ਼ ਨਾਲ ਮੈਡਮ ਨਵਪ੍ਰੀਤ ਸ਼ਰਮਾ ਦੀ ਅਗਵਾਈ ਹੇਠ ਕਪੂਰਥਲਾ ਵਿਖੇ ਸਥਿਤ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਦਾ ਵਿੱਦਿਅਕ ਟੂਰ ਕਰਵਾਇਆ ਗਿਆ। ਇਸ ਟੂਰ ਵਿੱਚ ਸਕੂਲ ਦੇ ਛੇਵੀਂ ਤੋਂ ਬਾਰ੍ਹਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਉਤਸ਼ਾਹ ਨਾਲ ਭਾਗ ਲਿਆ। ਇਸ ਟੂਰ ਦੌਰਾਨ ਵਿਦਿਆਰਥੀਆਂ ਨੇ ਵਿਗਿਆਨ ਨਾਲ ਸਬੰਧਤ ਵੱਖ-ਵੱਖ ਮਾਡਲਾਂ, ਮਸ਼ੀਨਾਂ, ਪ੍ਰਯੋਗਾਂ ਅਤੇ ਆਧੁਨਿਕ ਤਕਨੀਕਾਂ ਬਾਰੇ ਜਾਣਕਾਰੀ ਪ੍ਰਾਪਤ ਕੀਤੀ। ਵਿਦਿਆਰਥੀਆਂ ਨੇ ਸਾਇੰਸ ਸਿਟੀ ਵਿੱਚ ਥ੍ਰੀ-ਡੀ ਸ਼ੋਅ, ਸਪੇਸ ਗੈਲਰੀ, ਡਾਇਨਾਸੌਰ ਗੈਲਰੀ, ਮਨੁੱਖੀ ਸਰੀਰ ਨਾਲ ਸਬੰਧਤ ਮਾਡਲਾਂ ਅਤੇ ਹੋਰ ਵਿਗਿਆਨਕ ਪ੍ਰਦਰਸ਼ਨੀਆਂ ਦੇਖੀਆਂ। ਉਨ੍ਹਾਂ ਨੂੰ ਪੁਲਾੜ, ਗ੍ਰਹਿਆਂ, ਤਾਰਿਆਂ ਸੂਰਜ ਅਤੇ ਚੰਦਰਮਾ ਬਾਰੇ ਮਹੱਤਵਪੂਰਨ ਜਾਣਕਾਰੀ ਮਿਲੀ। ਉਨ੍ਹਾਂ ਨੇ ਵਾਤਾਵਾਰਣ ਦੀ ਸੰਭਾਲ, ਕੁਦਰਤੀ ਸਰੋਤਾਂ ਦੀ ਮਹੱਤਤਾ, ਊਰਜਾ ਦੀ ਬਚਤ ਅਤੇ ਨਵੀਆਂ ਕਾਢਾਂ ਬਾਰੇ ਵੀ ਜਾਣਕਾਰੀ ਹਾਸਲ ਕੀਤੀ। ਅਧਿਆਪਕਾਂ ਨੇ ਹਰ ਪ੍ਰਦਰਸ਼ਨੀ ਬਾਰੇ ਵਿਦਿਆਰਥੀਆਂ ਨੂੰ ਵਿਸਥਾਰ ਨਾਲ ਸਮਝਾਇਆ। ਇਸ ਵਿਦਿਅਕ ਟੂਰ ਨੇ ਵਿਦਿਆਰਥੀਆਂ ਦੇ ਮਨਾਂ ਵਿੱਚ ਵਿਗਿਆਨ ਪ੍ਰਤੀ ਰੁਚੀ ਪੈਦਾ ਕੀਤੀ। ਕਿਤਾਬਾਂ ਵਿੱਚ ਪੜ੍ਹੀਆਂ ਗੱਲਾਂ ਨੂੰ ਅੱਖੀਂ ਦੇਖਣ ਅਤੇ ਸਮਝਣ ਦਾ ਉਨ੍ਹਾਂ ਨੂੰ ਸੁਨਹਿਰੀ ਮੌਕਾ ਮਿਲਿਆ। ਵਿਦਿਆਰਥੀਆਂ ਨੇ ਆਪਣੇ ਅਧਿਆਪਕਾਂ ਨਾਲ ਇਸ ਟੂਰ ਦਾ ਖੂਬ ਆਨੰਦ ਮਾਣਿਆ। ਸਕੂਲ ਦੇ ਪ੍ਰਿੰਸੀਪਲ ਸ੍ਰੀ ਰਾਕੇਸ਼ ਸ਼ਰਮਾ ਨੇ ਕਿਹਾ ਕਿ ਵਿਦਿਅਕ ਟੂਰ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਬਹੁਤ ਜ਼ਰੂਰੀ ਹਨ। ਇਹ ਟੂਰ ਸਿਰਫ ਮਨੋਰੰਜਨ ਦਾ ਸਾਧਨ ਹੀ ਨਹੀਂ ਸਗੋਂ ਗਿਆਨ ਪ੍ਰਾਪਤ ਕਰਨ ਅਤੇ ਨਵੀਆਂ ਚੀਜ਼ਾਂ ਸਿੱਖਣ ਦਾ ਇੱਕ ਵਧੀਆ ਮੌਕਾ ਹੁੰਦੇ ਹਨ।

