
ਕੋਟਕਪੂਰਾ, 4 ਨਵੰਬਰ ( Tinku kumar/ਵਰਲਡ ਪੰਜਾਬੀ ਟਾਈਮਜ਼)
ਦਸਮੇਸ਼ ਮਿਡਲ ਸਕੂਲ ਸੈਸ਼ਨ 2026-27 ਦਾ ਸਾਲਾਨਾ ਖੇਡ ਸਮਾਗਮ ਬੜੇ ਉਤਸ਼ਾਹ ਅਤੇ ਧੂਮਧਾਮ ਨਾਲ ਕਰਵਾਇਆ ਗਿਆ। ਸਮਾਗਮ ਦੇ ਮੁੱਖ ਮਹਿਮਾਨ ਪਰਮਪ੍ਰੀਤ ਸਿੰਘ ਬਰਾੜ (ਐਡਵੋਕੇਟ ਪੰਜਾਬ ਅਤੇ ਹਰਿਆਣਾ ਹਾਈਕੋਰਟ) ਨੇ ਸਮਾਗਮ ਦਾ ਉਦਘਾਟਨ ਕਰਦਿਆਂ ਮੈਨੇਜਮੈਂਟ ਸਟਾਫ ਅਤੇ ਵਿਦਿਆਰਥੀਆਂ ਨੂੰ ਮੁਬਾਰਕਬਾਦ ਅਤੇ ਸ਼ੁਭ ਕਾਮਨਾਵਾਂ ਭੇਂਟ ਕੀਤੀਆਂ। ਸਮਾਗਮ ਦੀ ਪ੍ਰਧਾਨਗੀ ਅਜੇਪਾਲ ਸਿੰਘ ਗਿੱਲ (ਐਡਵੋਕੇਟ ਪੰਜਾਬ ਅਤੇ ਹਰਿਆਣਾ ਹਾਈਕੋਰਟ) ਨੇ ਕੀਤੀ। ਸੰਸਥਾ ਦੇ ਸਾਬਕਾ ਪ੍ਰਿੰਸੀਪਲ ਮੈਡਮ ਹਰਿੰਦਰ ਕੌਰ ਬਰਾੜ ਅਤੇ ਉਨ੍ਹਾਂ ਦੇ ਜੀਵਨ ਸਾਥੀ ਡਾ. ਗੁਰਸੇਵਕ ਸਿੰਘ ਬਰਾੜ ਨੇ ਸਮਾਗਮ ਵਿੱਚ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਜ਼ਿਕਰਯੋਗ ਹੈ ਕਿ ਸਲਾਨਾ ਖੇਡ ਸਮਾਗਮ ਵਿੱਚ ਮਹਾਰਾਜਾ ਰਣਜੀਤ ਸਿੰਘ, ਅਬਦੁਲ ਕਲਾਮ, ਭਾਈ ਘਨਈਆ ਜੀ, ਭਗਤ ਪੂਰਨ ਸਿੰਘ ਅਤੇ ਮਦਰ ਟਰੇਸਾ ਹਾਊਸ ਦੇ ਵਿਦਿਆਰਥੀਆਂ ਨੇ ਮਾਰਚ ਪਾਸਟ ਦਾ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਅਨੁਸ਼ਾਸਨ ਅਤੇ ਏਕਤਾ ਦੀ ਮਿਸਾਲ ਕਾਇਮ ਕੀਤੀ। ਸੰਸਥਾ ਦੇ ਸਰਪ੍ਰਸਤ ਅਜਮੇਰ ਸਿੰਘ ਧਾਲੀਵਾਲ ਨੇ ਸਮੁੱਚੀ ਟੀਮ ਨੂੰ ਆਸ਼ੀਰਵਾਦ ਦਿੱਤਾ ਅਤੇ ਚੇਅਰਮੈਨ ਕਰਨਵੀਰ ਸਿੰਘ ਧਾਲੀਵਾਲ ਨੇ ਵੀ ਪਹੁੰਚੇ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਸਮੂਹ ਸਟਾਫ ਤੇ ਵਿਦਿਆਰਥੀਆਂ ਦੇ ਅਣਥੱਕ ਯਤਨਾਂ ਦੀ ਸ਼ਲਾਘਾ ਕੀਤੀ। ਇਸ ਖੇਡ ਸਮਾਰੋਹ ਦੌਰਾਨ ਅੰਤਰ ਹਾਊਸ ਖੇਡ ਮੁਕਾਬਲੇ ਆਯੋਜਿਤ ਕੀਤੇ ਗਏ, ਜਿਸ ਤਹਿਤ ਲਿਟਲ ਸਟਾਰ ਗਰੁੱਪ ਵਿੱਚ ਮਨੋਰੰਜਕ ਖੇਡਾਂ ਦਾ ਦਿਲ ਟੁੰਬਣਵਾਲਾ ਪ੍ਰਦਰਸ਼ਨ ਕੀਤਾ। ਬਾਕੀ ਪੰਜ ਹਾਊਸ ਦੇ ਪ੍ਰਤੀਯੋਗੀਆਂ ਨੇ 50, 100, 200, 300 ਮੀਟਰ ਦੌੜ, ਨਿੰਬੂ-ਚਮਚ ਦੌੜ, ਬੋਰੀ ਦੌੜ, ਚਾਟੀ ਦੌੜ, ਤਿੰਨ ਲੱਤੀ ਦੌੜ, ਰਿਲੇਅ ਦੌੜ, ਸਾਈਡ ਦੌੜ, ਮਿਊਜ਼ਿਕਲ ਚੇਅਰ ਅਤੇ ਰੱਸਾਕੱਸ਼ੀ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਮੁੱਖ ਮਹਿਮਾਨ ਅਤੇ ਸਕੂਲ ਪ੍ਰਬੰਧਕਾਂ ਵੱਲੋਂ ਜੇਤੂ ਵਿਦਿਆਰਥੀਆਂ ਨੂੰ ਮੈਡਲ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਅੰਤ ਵਿੱਚ ਸਕੂਲ ਦੇ ਪਿ੍ਰੰਸੀਪਲ ਡਾ. ਵੀਰਪਾਲ ਕੌਰ ਸੇਖੋਂ ਨੇ ਆਏ ਹੋਏ ਮਹਿਮਾਨ ਦਾ ਧੰਨਵਾਦ ਕੀਤਾ। ਉਨ੍ਹਾਂ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵਿੱਚ ਵੀ ਵੱਧ-ਚੜ੍ਹ ਕੇ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ। ਇਹ ਖੇਡ ਸਮਾਗਮ ਓਵਰ ਆਲ ਇੰਚਾਰਜ ਵਾਈਸ ਪ੍ਰਿੰਸੀਪਲ ਕਰਮਜੀਤ ਕੌਰ, ਲੈਕਚਰਾਰ ਅਮਿਤ ਕੁਮਾਰ, ਸਮੂਹ ਸਟਾਫ, ਡੀ.ਪੀ.ਈ. ਦੇ ਸਹਿਯੋਗ ਨਾਲ ਯਾਦਗਾਰ ਹੋ ਨਿੱਬੜਿਆ। ਮੰਚ ਸੰਚਾਲਨ ਦੀ ਭੂਮਿਕਾ ਅਧਿਆਪਕਾ ਰਿੰਪਲ ਰਾਣੀ, ਜੈਸਮੀਨ ਕੌਰ ਅਤੇ ਵਿਦਿਆਰਥਣਾਂ ਗੁਰਜੋਤ ਕੌਰ ਅਤੇ ਕਮਲਜੋਤ ਕੌਰ ਨੇ ਬਾਖੂਬੀ ਨਿਭਾਈ।

