ਲੁਧਿਆਣਾ 14 ਨਵੰਬਰ (ਵਰਲਡ ਪੰਜਾਬੀ ਟਾਈਮਜ਼)
ਪ੍ਰਸਿੱਧ ਪਸਾਰ ਮਾਹਿਰ ਅਤੇ ਪੀ.ਏ.ਯੂ. ਦੇ ਸੰਚਾਰ ਕੇਂਦਰ ਵਿੱਚ ਅਪਰ ਨਿਰਦੇਸ਼ਕ ਵਜੋਂ ਸੇਵਾ ਨਿਭਾਅ ਰਹੇ ਡਾ. ਤੇਜਿੰਦਰ ਸਿੰਘ ਰਿਆੜ ਨੇ ਅੱਜ ਪੀ.ਏ.ਯੂ. ਦੇ ਨਿਰਦੇਸ਼ਕ ਵਿਦਿਆਰਥੀ ਭਲਾਈ ਵਜੋਂ ਅਹੁਦਾ ਸੰਭਾਲ ਲਿਆ | ਉਹਨਾਂ ਦੀ ਨਿਯੁਕਤੀ ਨੂੰ ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਹਰਵਿੰਦਰ ਸਿੰਘ ਧਾਲੀਵਾਲ ਦੀ ਪ੍ਰਧਾਨਗੀ ਵਿੱਚ ਹੋਈ ਪ੍ਰਬੰਧਕੀ ਬੋਰਡ ਦੀ ਮੀਟਿੰਗ ਵਿੱਚ ਪ੍ਰਵਾਨਗੀ ਦਿੱਤੀ ਗਈ |
ਸੰਚਾਰ ਕੇਂਦਰ ਦੇ ਅਪਰ ਨਿਰਦੇਸ਼ਕ ਵਜੋਂ 6 ਸਾਲ ਤੋਂ ਵਧੇਰੇ ਵਕਫ਼ੇ ਦੌਰਾਨ ਪੀ.ਏ.ਯੂ. ਦੀਆਂ ਪਸਾਰ ਗਤੀਵਿਧੀਆਂ ਨੂੰ ਕਿਸਾਨਾਂ ਤੱਕ ਪਹੁੰਚਾਉਣ ਲਈ ਸਿਰਤੋੜ ਯਤਨ ਕਰਨ ਵਾਲੇ ਡਾ. ਤੇਜਿੰਦਰ ਸਿੰਘ ਰਿਆੜ ਇਸ ਤੋਂ ਪਹਿਲਾਂ ਸਕਿੱਲ ਡਿਵੈਲਪਮੈਂਟ ਦੇ ਸਹਿਯੋਗੀ ਨਿਰਦੇਸ਼ਕ ਵਜੋਂ ਕਾਰਜਸ਼ੀਲ ਸਨ | ਇਸਦੇ ਨਾਲ ਹੀ ਉਹਨਾਂ ਨੂੰ ਅਗਸਤ 2026 ਵਿਚ ਮਿਲਖ ਅਧਿਕਾਰੀ ਵੀ ਨਿਯੁਕਤ ਕੀਤਾ ਗਿਆ ਸੀ| ਸਕਿੱਲ ਡਿਵੈਲਪਮੈਂਟ ਰਾਹੀਂ ਖੇਤੀ ਕਾਰੋਬਾਰੀ ਮੁਹਾਰਤ ਨੂੰ ਪੰਜਾਬ ਵਿੱਚ ਹੀ ਨਹੀਂ ਉੱਤਰੀ ਭਾਰਤ ਵਿੱਚ ਕਿਸਾਨਾਂ ਤੱਕ ਪਸਾਰਨ ਲਈ ਡਾ. ਰਿਆੜ ਨੇ ਬੇਹੱਦ ਉੱਘਾ ਯੋਗਦਾਨ ਪਾਇਆ | ਡਾ. ਰਿਆੜ ਨੇ ਪੋਸਟ ਗ੍ਰੈਜਏਟ ਅਤੇ ਅੰਡਰ ਗ੍ਰੈਜੁਏਟ ਕੋਰਸਾਂ ਦੇ ਅਧਿਆਪਨ ਤੋਂ ਬਿਨਾਂ ਪਸਾਰ ਸਿਖਲਾਈ, ਪਸਾਰ ਪ੍ਰਸ਼ਾਸਨ, ਸੰਚਾਰ ਪ੍ਰਕਿਰਿਆ ਅਤੇ ਪਸਾਰ ਸਿੱਖਿਆ ਦਾ ਫਲਸਫਾ ਪੜਾਇਆ ਹੈ | ਉਹਨਾਂ ਨੇ 40 ਖੋਜ ਪੇਪਰ, 18 ਕਿਤਾਬਾਂ, 42 ਬੁਲਿਟਨ ਅਤੇ 150 ਪਸਾਰ ਲੇਖ ਲਿਖੇ | ਉਹਨਾਂ ਦੀ ਖੋਜ ਇੱਕ ਸਮੂਹ ਵਿੱਚ ਕਿਸਾਨਾਂ, ਸੰਸਥਾਵਾਂ ਦੀ ਕਾਰਜਸ਼ੀਲਤਾ ਵਧਾ ਕੇ ਸਿਖਲਾਈ ਪ੍ਰੋਗਰਾਮ ਆਯੋਜਿਤ ਕਰਨ ਵੱਲ ਸੇਧਤ ਰਹੀ ਹੈ | ਟੀ ਵੀ, ਰੇਡਿਓ ਉੱਪਰ ਖੇਤੀ ਪੋ੍ਰਗਰਾਮਾਂ ਵਿੱਚ ਕਿਸਾਨਾਂ ਨੂੰ ਲਾਹੇਵੰਦ ਜਾਣਕਾਰੀ ਨਾਲ ਜੋੜਨਾ ਡਾ. ਰਿਆੜ ਦੀ ਮੁਹਾਰਤ ਦਾ ਵਿਸ਼ੇਸ਼ ਖੇਤਰ ਰਿਹਾ ਹੈ | ਉਹਨਾਂ ਨੇ 1700 ਤੋਂ ਵਧੇਰੇ ਟੀ ਵੀ, ਰੇਡੀਓ ਵਾਰਤਾਲਾਪ ਕਰਵਾਏ | 1200 ਤੋਂ ਵਧੇਰੇ ਸਿਖਲਾਈ ਪ੍ਰੋਗਰਾਮ ਆਯੋਜਿਤ ਕਰਕੇ ਡਾ. ਰਿਆੜ ਨੇ ਕਿਸਾਨਾਂ, ਕਿਸਾਨ ਬੀਬੀਆਂ, ਪੇਂਡੂ ਨੌਜਵਾਨਾਂ, ਪਸਾਰ ਅਧਿਕਾਰੀਆਂ ਅਤੇ ਖੇਤੀ ਮਾਹਿਰਾਂ ਨੂੰ ਨਵੀਆਂ ਖੇਤੀ ਤਕਨੀਕਾਂ ਨਾਲ ਜੋੜਿਆ ਹੈ | ਉਹ ਕਈ ਕਿਸਾਨ ਸੰਗਠਨਾਂ ਜਿਵੇਂ ਪੀ.ਏ.ਯੂ. ਕਿਸਾਨ ਕਲੱਬ, ਸ਼ਹਿਦ ਮੱਖੀ ਪਾਲਣ ਐਸੋਸੀਏਸ਼ਨ, ਪੀ.ਏ.ਯੂ. ਬੀਜ ਅਤੇ ਨਰਸਰੀ ਉਤਪਾਦਕ ਕਲੱਬ, ਪੀ.ਏ.ਯੂ. ਰੁੱਖ ਪਾਲਕ ਐਸੋਸੀਏਸ਼ਨ, ਪੀ.ਏ.ਯੂ. ਫੁੱਲ ਉਤਪਾਦਕ ਕਲੱਬ, ਪੀ.ਏ.ਯੂ. ਸੋਇਆਬੀਨ ਉਤਪਾਦਕ ਕਲੱਬ, ਫਸਲੀ ਰਹਿੰਦ-ਖੂੰਹਦ ਪ੍ਰਬੰਧਨ ਐਸੋਸੀਏਸ਼ਨ ਅਤੇ ਪੀ.ਏ.ਯੂ ਆਰਗੈਨਿਕ ਫਾਰਮਿੰਗ ਕਲੱਬ ਨਾਲ ਜੁੜ ਕੇ ਉਹਨਾਂ ਦੇ ਸੁਚਾਰੂ ਕੰਮ ਕਾਜ ਨੂੰ ਸੰਚਾਲਿਤ ਕਰਦੇ ਰਹੇ ਹਨ | ਇਸ ਤੋਂ ਇਲਾਵਾ ਉਹ ਕੈਰੋਂ ਕਿਸਾਨ ਘਰ ਦੇ ਇੰਚਾਰਜ ਵੀ ਹਨ |
ਇਹ ਵੀ ਜ਼ਿਕਰਯੋਗ ਹੈ ਕਿ ਡਾ. ਰਿਆੜ ਰਾਸ਼ਟਰੀ ਪੱਧਰ ਦੇ ਬਾਸਕਟਬਾਲ ਖਿਡਾਰੀ ਅਤੇ ਪੀ.ਏ.ਯੂ. ਦੇ ਯੂਨੀਵਰਸਿਟੀ ਕਲਰ ਹੋਲਡਰ ਰਹੇ ਹਨ| ਇਸ ਮੁਹਾਰਤ ਦਾ ਲਾਭ ਨਿਸ਼ਚਤ ਤੌਰ ਤੇ ਪੀ.ਏ.ਯੂ. ਦੀਆਂ ਖੇਡਾਂ ਦੇ ਖੇਤਰ ਵਿਚ ਉਭਰਦੇ ਖਿਡਾਰੀਆਂ ਨੂੰ ਮਿਲੇਗਾ|
ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਹਰਵਿੰਦਰ ਸਿੰਘ ਧਾਲੀਵਾਲ ਨੇ ਉਹਨਾਂ ਦੀ ਨਿਯੁਕਤੀ ਉੱਪਰ ਵਧਾਈ ਦਿੰਦਿਆਂ ਆਸ ਪ੍ਰਗਟਾਈ ਕਿ ਡਾ. ਰਿਆੜ ਦੀ ਰਹਿਨੁਮਾਈ ਹੇਠ ਡਾਇਰੈਕਟੋਰੇਟ ਵਿਦਿਆਰਥੀ ਭਲਾਈ ਪੀ.ਏ.ਯੂ. ਵਿਚ ਵਿਦਿਆਰਥੀਆਂ ਲਈ ਉਸਾਰੂ ਮਾਹੌਲ ਸਿਰਜਣ ਦੇ ਨਾਲ-ਨਾਲ ਖੇਡਾਂ ਅਤੇ ਸਹਿਗਤੀਵਿਧੀਆਂ ਦੇ ਖੇਤਰ ਵਿੱਚ ਹੋਰ ਬੁਲੰਦੀਆਂ ਛੂਹੇਗਾ| ਡਾ. ਰਿਆੜ ਨੇ ਇਸ ਜ਼ਿੰਮੇਵਾਰੀ ਲਈ ਉਹਨਾਂ ਉੱਪਰ ਵਿਸ਼ਵਾਸ਼ ਪ੍ਰਗਟ ਕਰਨ ਲਈ ਧੰਨਵਾਦ ਕਰਦਿਆਂ ਯਕੀਨ ਦੁਆਇਆ ਕਿ ਉਹ ਵਿਦਿਅਰਥੀਆਂ ਦੀ ਭਲਾਈ ਲਈ ਨਿਰੰਤਰ ਗਤੀਸ਼ੀਲ ਰਹਿਣਗੇ ਅਤੇ ਉਹਨਾਂ ਦੀ ਕੋਸ਼ਿਸ਼ ਹੋਵੇਗੀ ਕਿ ਪੀ.ਏ.ਯੂ. ਆਪਣੀਆਂ ਉਸਾਰੂ ਰਹੁਰੀਤਾਂ ਨੂੰ ਹੋਰ ਪੱਕਿਆਂ ਕਰੇ| ਉਹਨਾਂ ਕਿਹਾ ਕਿ ਉਹਨਾਂ ਦੀ ਪਹਿਲ ਵਿਦਿਆਰਥੀਆਂ ਲਈ ਹੋਸਟਲਾਂ ਅਤੇ ਯੂਨੀਵਰਸਿਟੀ ਵਿਚ ਘਰ ਵਰਗਾ ਮਾਹੌਲ ਸਿਰਜਣ ਦੀ ਰਹੇਗੀ|
