ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਵੱਲੋਂ ਡਾ. ਆਤਮਜੀਤ ਦੇ ਸੱਜਰੇ ਨਾਟਕ “ਕਿਸ਼ਤੀਆਂ ਵਿੱਚ ਜਹਾਜ਼” ਦਾ ਨਾਟ-ਪਾਠ 19 ਅਪ੍ਰੈਲ ਐਤਵਾਰ ਨੂੰ ਪੰਜਾਬੀ ਭਵਨ ਲੁਧਿਆਣਾ ਵਿੱਚ ਸੁਣਿਆ।
ਲਗਪਗ ਸਵਾ ਡੇਢ ਘੰਟਾ ਸਾਰੇ ਸਰੋਤਿਆਂ ਨੇ ਸਾਹ ਰੋਕ ਕੇ ਸੁਣਿਆ।
ਉੱਘੇ ਲੇਖਕ ਤੇ ਦੇਸ਼ ਭਗਤ ਡਾ. ਦੀਵਾਨ ਸਿੰਘ ਕਾਲ਼ੇਪਾਣੀ ਦੀ ਜ਼ਿੰਦਗੀ , ਸੇਵਾ ਅਤੇ ਕੁਰਬਾਨੀਆਂ ਤੇ ਆਧਾਰਿਤ ਇਸ ਨਾਟਕ ਨੂੰ ਡਾ.ਆਤਮਜੀਤ ਦੇ ਮੂੰਹੋਂ ਸੁਣਨਾ ਸੁਭਾਗ ਸੀ।
ਇਤਿਹਾਸ ਦੀਆਂ ਗੁੰਝਲਾਂ ਖੋਲ੍ਹਦਾ ਇਹ ਨਾਟਕ ਸੁਭਾਸ਼ ਚੰਦਰ ਬੋਸ ਵਰਗੇ ਵੱਡੇ ਦੇਸ਼ ਭਗਤਾਂ ਦਾ ਵੀ ਉਹ ਪੱਖ ਪੇਸ਼ ਕਰਦਾ ਹੈ ਜੋ ਹੁਣ ਤੀਕ ਕੇਂਦਰ ਬਿੰਦੂ ਨਹੀਂ ਬਣਿਆ।
ਗ਼ੁਲਾਮੀ ਤੋਂ ਗ਼ੁਲਾਮੀ ਤੀਕ ਦੀ ਯਾਤਰਾ ਵਿੱਚ ਡਾ. ਦੀਵਾਨ ਸਿੰਘ ਕਾਲੇਪਾਣੀ ਗੁਰੂ ਆਸ਼ੇ ਦਾ ਪਰਮ ਸਿੱਖ ਬਣ ਕੇ ਉੱਭਰਦਾ ਹੈ।
ਜਿਸ ਦੇ ਸਿਰ ਉੱਪਰ ਪੱਗ ਹੈ ਤੇ ਪੱਗ ਹੇਠ ਸਿਰ ਵਿੱਚ ਜੱਗ ਹੈ, ਸਰਬੱਤ ਦਾ ਭਲਾ ਮੰਗਦਾ। ਡਾ. ਦੀਵਾਨ ਸਿੰਘ ਕਾਲ਼ੇਪਾਣੀ ਜੀ ਦੀ ਜੀਵਨ ਸਾਥਣ ਇੰਦਰ ਕੌਰ ਦਾ ਸਮਰਪਣ ਤੇ ਕੁਰਬਾਨੀ ਵੀ ਕੇਂਦਰ ਬਿੰਦੂ ਦੇ ਚੌਗਿਰਦ ਰਹਿੰਦੀ ਹੈ, ਰੂਹ ਬਣ ਕੇ ਆਖ਼ਰੀ ਸਵਾਸਾਂ ਤੀਕ।
ਸਿਆਲਕੋਟ ਦੇ ਪਿੰਡ ਗੁਰੂ ਕੀਆਂ ਗਲ੍ਹੋਟੀਆਂ ਦਾ ਜੰਮਪਲ ਡਾ. ਦੀਵਾਨ ਸਿੰਘ ਕਾਲੇਪਾਣੀ ਸਬਰ ਸਿਦਕ ਸੰਤੋਖ ਤੇ ਸਮਰਪਣ ਲਈ ਜ਼ਿੰਦਾਬਾਦ। ਉਨ੍ਹਾਂ ਦਾ ਪਰਿਵਾਰ ਜ਼ਿੰਦਾਬਾਦ, ਜਿੰਨ੍ਹਾਂ ਨੇ ਉਸ ਦੀ ਵਿਰਾਸਤ ਨੂੰ ਦਸਤਾਵੇਜ਼ੀ ਪ੍ਰਮਾਣ ਸਹਿਤ ਸੰਭਾਲਿਆ ਹੈ।
ਡਾਕਟਰ ਦੀਵਾਨ ਸਿੰਘ ਕਾਲੇਪਾਣੀ ਦਾ ਜਨਮ 22 ਮਈ 1897 ਨੂੰ ਹੋਇਆ ਤੇ 13-14 ਜਨਵਰੀ 1944 ਦੀ ਨਾਤ ਸਦੀਵੀ ਅਲਵਿਦਾ ਕਹਿ ਗਏ ਸਨ ।
ਉਨ੍ਹਾਂ ਨੂੰ ਜਪਾਨੀਆਂ ਨੇ ਬੜੇ ਅਕਹਿ ਤੇ ਅਸਹਿ ਤਸੀਹੇ ਦੇ ਕੇ ਅੰਡੇਮਾਨ (ਕਾਲਾਪਾਣੀ) ਦੀ ਸੈਲੂਲਰ ਜ਼ੇਲ ਵਿੱਚ ਸ਼ਹੀਦ ਕਰ ਦਿੱਤਾ ।ਉਹ ਫੌਜ ਵਿੱਚ ਡਾਕਟਰ ਸਨ ।ਉਹ ਲੋਕ ਭਲਾਈ ਤੇ ਸਰਬੱਤ ਦਾ ਭਲਾ ਚਾਹੁਣ ਵਾਲੇ ਅਤੇ ਆਪਣੇ ਵਿਚਾਰਾਂ ਤੇ ਅਡਿੱਗ ਰਹਿਣ ਵਾਲੇ ਇਨਸਾਨ ਸਨ ।ਉਨ੍ਹਾਂ ਦਾ ਕਾਵਿ ਸੰਗ੍ਰਹਿ “ਵਗਦੇ ਪਾਣੀ”1938 ਵਿੱਚ ਛਪਿਆ। ਉਨ੍ਹਾਂ ਦੇ ਦੋ ਹੋਰ ਕਾਵਿ ਸੰਗ੍ਰਹਿ “ਅੰਤਿਮ ਲਹਿਰਾਂ “ ਅਤੇ “ਮਲ੍ਹਿਆਂ ਦੇ ਬੇਰ” ਉਨ੍ਹਾਂ ਦੀ ਮੌਤ ਤੋਂ ਬਾਦ ਛਪੇ ਹਨ ।
ਉਨ੍ਹਾਂ ਦੀ ਵਿਗਿਆਨਿਕ ਸੋਚ, ਮਨੁੱਖੀ ਮਨੋਵਿਗਿਆਨ ਦੀ ਸੂਝ, ਲੋਕਾਂ ਲਈ ਲਗਾਤਾਰ ਕੁਝ ਨਾ ਕੁਝ ਕਰਦੇ ਰਹਿਣ ਦੀ ਤਾਂਘ, ਆਜ਼ਾਦੀ ਲਈ ਤੜਪ ਅਤੇ ਕਥਨੀ ਤੇ ਕਰਨੀ ਵਿੱਚ ਫਰਕ ਨਾ ਹੋਣਾ; ਉਨ੍ਹਾਂ ਦੀ ਕਵਿਤਾ ਨੂੰ ਖਾਸ ਬਣਾਉਂਦੇ ਹਨ
ਡਾ. ਆਤਮਜੀਤ ਨੇ ਡਾ. ਕਾਲ਼ੇਪਾਣੀ ਦੇ ਸਪੁੱਤਰ ਪ੍ਰਿੰਸੀਪਲ ਮਹਿੰਦਰ ਸਿੰਘ ਢਿੱਲੋਂ ਦੀ ਉਨ੍ਹਾਂ ਬਾਰੇ ਲਿਖੀ ਪੁਸਤਕ
ਦਾ ਚੰਗਾ ਹਵਾਲਾ ਦੇ ਕੇ ਸਾਡੇ ਲਈ ਨਵੀਂ ਖਿੜਕੀ ਖੋਲ੍ਹੀ ਹੈ।
ਪੰਜਾਬ ਸਰਕਾਰ ਨੇ ਉਨ੍ਹਾਂ ਦੇ ਜਨਮ ਸ਼ਤਾਬਦੀ ਸਾਲ 1998 ਵਿੱਚ ਉਨ੍ਹਾਂ ਬਾਰੇ ਵਿਸ਼ੇਸ਼ ਲੇਖ ਲਿਖਵਾ ਕੇ ਐੱਨ ਇਕਬਾਲ ਸਿੰਘ ਪਾਸੋਂ ਸੰਪਾਦਿਤ ਕਰਵਾ ਕੇ “ਡਾ. ਦੀਵਾਨ ਸਿੰਘ ਕਾਲ਼ੇਪਾਣੀ ਸਿਮਰਤੀ ਗ੍ਰੰਥ” ਵੀ ਪ੍ਰਕਾਸ਼ਿਤ ਕੀਤਾ ਸੀ।
ਡਾ. ਆਤਮਜੀਤ ਨੂੰ ਅਕਾਡਮੀ ਦੀ ਕਾਰਜਕਾਰਨੀ ਵੱਲੋਂ ਸਨਮਾਨਿਤ ਕੀਤਾ ਗਿਆ।
ਗੁਰਭਜਨ ਗਿੱਲ

