ਡਾ: ਮੇਹਰ ਮਾਣਕ ਦੀ ਪੁਸਤਕ ਲੋਕ-ਅਰਪਣ ਅਤੇ ਚਰਚਾ

ਚੰਡੀਗੜ੍ਹ 3 ਮਈ (ਵਰਲਡ ਪੰਜਾਬੀ ਟਾਈਮਜ਼)

ਸਾਹਿਤ ਵਿਗਿਆਨ ਕੇਂਦਰ ( ਰਜਿ.) ਚੰਡੀਗੜ੍ਹ ਵਲੋਂ ਇੱਕ ਵਿਸ਼ੇਸ਼ ਅਤੇ ਵਿਸ਼ਾਲ ਇਕੱਤਰਤਾ ਵਿਚ ਡਾ. ਮੇਹਰ ਮਾਣਕ ਦੀ ਪੰਜਾਬ ਦੇ ਮਸਲਿਆਂ/ ਸੰਕਟਾਂ ਬਾਰੇ ਪੁਸਤਕ ” “ਪੰਜਾਬ– ਪੇਚੀਦਾ ਸਥਿਤੀ ਤੇ ਚੁਣੌਤੀਆਂ” ਅੱਜ ਪੰਜਾਬ ਕਲਾ ਭਵਨ ਚੰਡੀਗੜ੍ਹ ਵਿਖੇ ਲੋਕ-ਅਰਪਣ ਕੀਤੀ ਗਈ। ਇਸ ਸਮਾਗਮ ਦੀ ਪ੍ਰਧਾਨਗੀ ਪ੍ਰੋਫੈਸਰ ( ਡਾ.) ਲਖਵਿੰਦਰ ਸਿੰਘ ‌ਗਿੱਲ, ਥਾਪਰ ਯੂਨੀਵਰਸਿਟੀ ਪਟਿਆਲਾ ਨੇ ਕੀਤੀ ਅਤੇ ਪ੍ਰਸਿੱਧ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ( ਪ੍ਰਧਾਨ, ਪੰਜਾਬੀ ਲੇਖਕ ਸਭਾ, ਚੰਡੀਗੜ੍ਹ) ਇਸ ਸਮਾਗਮ ਵਿੱਚ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ । ਪ੍ਰਧਾਨਗੀ ਮੰਡਲ ਵਿੱਚ ਕਿਤਾਬ ਦੇ ਲੇਖਕ ਡਾ. ਮੇਹਰ ਮਾਣਕ ਅਤੇ ਗੁਰਦਰਸ਼ਨ ਸਿੰਘ ਮਾਵੀ ( ਪ੍ਰਧਾਨ, ਸਾਹਿਤ ਵਿਗਿਆਨ ਕੇਂਦਰ ਚੰਡੀਗੜ੍ਹ) ਵੀ ਸ਼ਾਮਲ ਸਨ। ਪ੍ਰੋਗਰਾਮ ਦੇ ਸ਼ੁਰੂ ਵਿੱਚ ਪ੍ਰਧਾਨਗੀ ਮੰਡਲ ਨੇ ਕਿਤਾਬ ਨੂੰ ਲੋਕ-ਅਰਪਣ ਕਰਨ ਦੀਆਂ ਰਸਮਾਂ ਨਿਭਾਈਆਂ। ਇਸ ਕਿਤਾਬ ਉੱਤੇ ਪ੍ਰੋਫੈਸਰ ਗੁਰਮੇਲ ਸਿੰਘ ਨੇ ਆਪਣਾ ਪਰਚਾ ਪੜ੍ਹਿਆ। ਪਰਚਾ ਪੜ੍ਹਦਿਆਂ ਡਾ. ਗੁਰਮੇਲ ਸਿੰਘ ਨੇ ਕਿਹਾ ਕਿ ਇਹ ਕਿਤਾਬ ਇਤਿਹਾਸਕ ਦਸਤਾਵੇਜ ਬਣੇਗੀ।ਹਰੀ ਕ੍ਰਾਂਤੀ ਨੇ ਥੋੜ੍ਹੇ ਸਮੇਂ ਲਈ ਖੁਸ਼ਹਾਲੀ ਲਿਆਂਦੀ ਪਰ ਹੁਣ ਕਈ ਸਮਸਿਆਵਾਂ ਪੈਦਾ ਹੋ ਰਹੀਆਂ ਹਨ।ਪਾਣੀ ਦਾ ਸੰਕਟ ਦਿਨੋ ਦਿਨ ਗੰਭੀਰ ਹੁੰਦਾ ਜਾ ਰਿਹਾ ਹੈ। ਇਹ ਕਿਤਾਬ ਵਿਰਾਟ ਹੋ ਰਹੇ ਸੰਕਟਾਂ ਵੱਲ ਇਸ਼ਾਰਾ ਕਰ ਰਹੀ ਹੈ।ਪ੍ਰਿੰਸੀਪਲ ਸਤਨਾਮ ਸਿੰਘ ਸ਼ੋਕਰ ਨੇ ਸਮਾਗਮ ਵਿੱਚ ਬੋਲਦਿਆਂ ਕਿਹਾ ਕਿ ਖੇਤੀਬਾੜੀ ਹੁਣ ਲਾਹੇਵੰਦ ਨਹੀਂ ਰਹੀ ਅਤੇ ਵਾਤਾਵਰਣ ਪਲੀਤ ਹੋ ਰਿਹਾ ਹੈ। ਸਾਨੂੰ ਇਸ ਬਾਰੇ ਗੰਭੀਰਤਾ ਨਾਲ ਸੋਚਣ ਦੁ ਜ਼ਰੂਰਤ ਹੈ। ਦੀਪਕ ਚਨਾਰਥਲ ਨੇ ਆਪਣੇ ਭਾਸ਼ਣ ਵਿੱਚ ਵੇਰਵੇ ਸਹਿਤ ਦੱਸਿਆ ਕਿ ਸਿਆਸੀ ਨੇਤਾ ਕੁਰਸੀ ਦੀ ਫਿਕਰ ਕਰਦੇ ਹਨ ਪਰ ਲੋਕਾਂ ਦੇ ਭਲੇ ਲਈ ਕੋਈ ਨਹੀਂ ਸੋਚਦਾ। ਸਿਆਸੀ ਇੱਛਾਸ਼ਕਤੀ ਅਤੇ ਸੋਚਣ ਸ਼ਕਤੀ ਦਾ ਗਾਇਬ ਹੋਣਾ ਫ਼ਿਕਰਮੰਦੀ ਵਾਲੀ ਗੱਲ ਹੈ। ਭੁਪਿੰਦਰ ਮਲਿਕ, ਪਰਮਜੀਤ ਮਾਨ, ਸੰਦੀਪ ਸਿੰਘ, ਡਾ. ਦਵਿੰਦਰ ਬੋਹਾ ਅਤੇ ਡਾ. ਹਰਨੇਕ ਸਿੰਘ ਕਲੇਰ ਨੇ ਵੀ ਕਿਤਾਬ ਬਾਰੇ ਆਪਣੇ ਆਪਣੇ ਆਪਣੇ ਵਿਚਾਰ ਸਾਂਝੇ ਕੀਤੇ। ਡਾ. ਮੇਹਰ ਮਾਣਕ ਨੇ ਕਿਹਾ ਕਿ ਸਰਕਾਰ ਨਿੱਕੀਆਂ ਨਿੱਕੀਆਂ ਸਹੂਲਤਾਂ ਨਾਲ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ।ਪ੍ਰਧਾਨਗੀ ਭਾਸ਼ਨ ਵਿਚ ਡਾ. ਗਿੱਲ ਨੇ ਦੱਸਿਆ ਕਿ ਇਹ ਕਿਤਾਬ ਸਰਲ ਭਾਸ਼ਾ ਵਿਚ ਲਿਖੀ ਗਈ ਹੈ ਜੋ ਸਾਂਭਣਯੋਗ ਹੈ।ਮੁੱਢ ਤੋਂ ਹੀ ਮਨੁੱਖ ਦੇ ਵਿਕਾਸ ਨਾਲ ਬਦਲਾਅ ਹੁੰਦਾ ਆਇਆ ਹੈ।ਹੁਣ ਸਰਕਾਰਾਂ ਵਲੋਂ ਲੋਕਾਂ ਦੇ ਹੱਕ ਦਬਾਏ ਜਾ ਰਹੇ ਹਨ।ਲੇਖਕਾਂ ਨੂੰ, ਬੁਧੀਜੀਵੀਆਂ ਨੂੰ ਡਟ ਕੇ ਲਿਖਣਾ ਚਾਹੀਦਾ ਹੈ। ਸੋਮਵਾਰ ਸਮੇਂ ਦੀ ਜ਼ਰੂਰਤ ਹੈ ਅਤੇ ਨਵੀਂ ਪੀੜ੍ਹੀ ਨੂੰ ਅੱਗੇ ਆਉਣਾ ਚਾਹੀਦਾ ਹੈ। ਇਹ ਸਮਾਗਮ ਪ੍ਰਸਿੱਧ ਸਮਾਜ ਵਿਗਿਆਨੀ ਸਵ. ਪ੍ਰੋਫੈਸਰ ਕੇ ਗੋਪਾਲ ਅਈਅਰ ਅਤੇ ਜਮਹੂਰੀ ਹੱਕਾਂ ਲਈ ਕੰਮ ਕਰਨ ਵਾਲੇ ਕਾਰਕੁੰਨ ਸਵ. ਸ਼ਿਵਚਰਨ ਸੰਧੂ ਅਰਾਈਆਂਵਾਲਾ ਨੂੰ ਸਮਰਪਿਤ ਕੀਤਾ ਗਿਆ ਇਸ ਪ੍ਰੋਗਰਾਮ ਦੀ ਸਟੇਜ ਸੰਚਾਲਨ ਗੁਰਦਰਸ਼ਨ ਸਿੰਘ ਮਾਵੀ ਨੇ ਸੁਚੱਜੇ ਢੰਗ ਨਾਲ ਕੀਤਾ। ਇਸ ਮੌਕੇ ਬਹੁਤ ਵੱਡੀ ਗਿਣਤੀ ਵਿਚ ਪਤਵੰਤੇ ਸੱਜਣ, ਵਿਦਵਾਨ ਅਤੇ ਲੇਖਕ ਹਾਜਰ ਸਨ।


Comments

Leave a Reply

Your email address will not be published. Required fields are marked *

This site uses Akismet to reduce spam. Learn how your comment data is processed.