
ਦਰਸ਼ਨ ਸਿੰਘ ਦਰਸ਼ ਪਸਿਆਣਾ ਆਪਣੀਆਂ ਕਵਿਤਾਵਾਂ ਵਿੱਚ ਦਿਹਾਤੀ ਸਭਿਅਚਾਰ ਦੇ ਪਤ੍ਰੀਬਿੰਬ ਪੇਸ਼ ਕਰਨ ਵਾਲਾ ਕਵੀ ਹੈ। ਉਹ ਪੰਜਾਬੀ ਦਿਹਾਤੀ ਸਭਿਆਚਾਰ ਨੂੰ ਪ੍ਰਣਾਇਆ ਹੋਇਆ ਸੰਵੇਦਨਸ਼ੀਲ ਸ਼ਾਇਰ ਹੈ, ਜਿਹੜਾ ਪਿੰਡਾਂ ਵਿੱਚ ਧਰਾਤਲ ਪੱਧਰ ‘ਤੇ ਵਾਪਰ ਰਹੀਆਂ ਘਟਨਾਵਾਂ, ਸਰਗਰਮੀਆਂ, ਲੋਕਾਈ ਦੇ ਵਿਹਾਰਕ ਜੀਵਨ ਅਤੇ ਖਾਸ ਤੌਰ ‘ਤੇ ਕਿਸਾਨੀ ਤੇ ਮਜ਼ਦੂਰ ਵਰਗ ਨਾਲ ਸੰਬੰਧਤ ਕਿੱਤਿਆਂ ਵਿੱਚ ਵਰਤੀਆਂ ਜਾਣ ਵਾਲੀਆਂ ਚੀਜ਼ਾਂ ਤੇ ਸੰਦਾਂ ਨੂੰ ਆਪਣੀਆਂ ਕਵਿਤਾਵਾਂ ਦੇ ਵਿਸ਼ੇ ਬਣਾਉਂਦਾ ਹੈ। ਉਸਦੀਆਂ ਕਵਿਤਾਵਾਂ ਪਿੰਡਾਂ ਦੇ ਵਾਤਾਵਰਨ, ਕਾਰ ਵਿਹਾਰ, ਰਸਮ ਰਿਵਾਜ਼ਾਂ, ਪਰੰਪਰਾਵਾਂ, ਖੇਡਾਂ, ਸਮਾਜਿਕ, ਆਰਥਿਕ ਸੰਗੀਤਕ ਅਤੇ ਸਭਿਆਚਾਰਕ ਸਰਗਰਮੀਆਂ ਦਾ ਬ੍ਰਿਤਾਂਤ ਸਿਰਜਦੀਆਂ ਹਨ। ਉਸਨੂੰ ਰਿਦਮ ਤੇ ਸੁਰ-ਤਾਲ ਦੀ ਵੀ ਸਮਝ ਲੱਗਦੀ ਹੈ। ਉਸਦੇ ਕਾਵਿ-ਸੰਗ੍ਰਹਿ ਦੇ ਨਾਮ ‘ਮੁਹੱਬਤ ਜ਼ਿੰਦਾਬਾਦ’ ਤੋਂ ਇਉਂ ਮਹਿਸੂਸ ਹੁੰਦਾ ਹੈ ਕਿ ਜਿਵੇਂ ਇਸ ਕਾਵਿ-ਸੰਗ੍ਰਹਿ ਵਿੱਚ ਇਸ਼ਕ-ਮੁਸ਼ਕ ਦੇ ਵਿੱਚ ਲਬਰੇਜ਼ ਕਵਿਤਾਵਾਂ ਹੋਣਗੀਆਂ, ਪ੍ਰੰਤੂ ਕਾਵਿ-ਸੰਗ੍ਰਹਿ ਦੀਆਂ ਸਾਰੀਆਂ ਕਵਿਤਾਵਾਂ ਪੜ੍ਹਨ ਤੋਂ ਪਤਾ ਲੱਗਦਾ ਹੈ ਕਿ ਉਸਦੀ ਮੁਹੱਬਤ ਗ਼ਰੀਬ ਵਰਗ ਦੇ ਦਿਹਾਤੀ ਲੋਕਾਂ ਦੇ ਸਭਿਆਚਾਰ ਨਾਲ ਹੈ। ਦਰਸ਼ਨ ਸਿੰਘ ਦਰਸ਼ ਪਸਿਆਣਾ ਅਜਿਹਾ ਕਵੀ ਹੈ, ਜਿਹੜਾ ਆਪਣੀ ਵਿਰਾਸਤ ਦੀ ਪਹਿਰੇਦਾਰੀ ਕਰਨ ਵਾਲੀਆਂ ਕਵਿਤਾਵਾਂ ਲਿਖਣ ਨੂੰ ਤਰਜ਼ੀਹ ਦਿੰਦਾ ਹੈ। ਆਮ ਤੌਰ ‘ਤੇ ਲਗਪਗ ਜਿਤਨੇ ਵੀ ਪੰਜਾਬੀ ਸ਼ਾਇਰ ਹਨ, ਉਨ੍ਹਾਂ ਦੀਆਂ ਕਵਿਤਾਵਾਂ ਆਧੁਨਿਕਤਾ ਦੀ ਪਿਉਂਦ ਵਾਲੀਆਂ ਤੇ ਸ਼ਹਿਰੀ ਵਰਗ ਦੀ ਪ੍ਰੀਨਿਧਤਾ ਕਰਨ ਵਾਲੀਆਂ ਹੁੰਦੀਆਂ ਹਨ। ਦਰਸ਼ ਆਪਣੀ ਦਿਹਾਤੀ ਜ਼ਿੰਦਗੀ ਨਾਲ ਜੁੜਿਆ ਹੋਇਆ ਹੈ। ਉਸਦੀਆਂ ਕਵਿਤਾਵਾਂ ਆਧੁਨਿਕਤਾ ਦੇ ਦੌਰ ਤੋਂ ਕੋਹਾਂ ਦੂਰ ਹਨ। ਉਸਦੀਆਂ ਕਵਿਤਾਵਾਂ ਨੂੰ ਦਿਹਾਤੀ ਸਭਿਆਚਾਰ ਦੀਆਂ ਪ੍ਰਤੀਕ ਕਿਹਾ ਜਾ ਸਕਦਾ ਹੈ। ਉਸਦੀ ਕਵਿਤਾ ਅਮੀਰ ਗ਼ਰੀਬ ਦੇ ਪਾੜੇ ਨੂੰ ਖ਼ਤਮ ਕਰਕੇ ਆਪਸੀ ਪਿਆਰ, ਸ਼ਹਿਨਸ਼ੀਲਤਾ, ਸਹਿਯੋਗ ਅਤੇ ਸਹਿਹੋਂਦ ਦੀਆਂ ਭਾਵਨਾਵਾਂ ਨੂੰ ਵਧਾਉਣ ਵਾਲੀ ਹੈ। ਸਮਾਜ ਦੇ ਦੱਬੇ ਕੁਚਲੇ ਲੋਕਾਂ, ਗ਼ਰੀਬਾਂ, ਮਜ਼ਦੂਰਾਂ ਅਤੇ ਕਿਸਾਨਾ ਨਾਲ ਸ਼ਾਹੂਕਾਰਾਂ ਵੱਲੋਂ ਕੀਤੀਆਂ ਜਾਂਦੀਆਂ ਜ਼ਿਆਦਤੀਆਂ ਨੂੰ ਵੀ ਉਹ ਕਵਿਤਾਵਾਂ ਦਾ ਰੂਪ ਦਿੰਦਾ ਹੈ। ਸ਼ਾਇਰ ਜ਼ਾਤ-ਪਾਤ ਦੇ ਬੰਧਨਾ ਤੋਂ ਮੁਕਤ ਸਮਾਜ ਦੀ ਸਮਾਨਤਾ ਦੀ ਸਿਰਜਣਾ ਦਾ ਲਖਾਇਕ ਹੈ। ਅਮੀਰ ਗ਼ਰੀਬ ਦਾ ਪਾੜਾ ਵਧਾਉਣ ਵਿੱਚ ਵਿਓਪਾਰੀਆਂ, ਪੂੰਜੀਪਤੀਆਂ ਅਤੇ ਰਾਜਨੀਤਕ ਲੋਕਾਂ ਦੀਆਂ ਕਰੂਰ ਹਰਕਤਾਂ ਦਾ ਪਰਦਾ ਫਾਸ਼ ਵੀ ਕਰਦਾ ਹੈ, ਜਿਨ੍ਹਾਂ ਦੇ ਵਾਅਦੇ ਕਦੇ ਵਫ਼ਾ ਨਹੀਂ ਹੁੰਦੇ। ਭਾਵ ਕੁਸ਼ਾਸ਼ਨ ਨੂੰ ਆੜੇ ਹੱਥੀਂ ਲੈਂਦਾ ਹੈ। ਉਹ ਇਹ ਵੀ ਮਹਿਸੂਸ ਕਰਦਾ ਹੈ ਕਿ ਆਜ਼ਾਦੀ ਦੀਆਂ ਬਰਕਤਾਂ ਹੇਠਲੇ ਪੱਧਰ ਤੱਕ ਨਹੀਂ ਪਹੁੰਚ ਰਹੀਆਂ, ਕੁਝ ਕੁ ਗਿਣੇ ਚੁਣੇ ਲੋਕ ਉਨ੍ਹਾਂ ਦਾ ਲਾਭ ਉਠਾ ਰਹੇ ਹਨ। ਇਸਤਰੀਆਂ ਨਾਲ ਹੋ ਰਹੇ ਵਰਤਾਰਿਆਂ ਅਤੇ ਸ਼ੋਸ਼ਣ ਦੀ ਵੀ ਉਹ ਆਪਣੀਆਂ ਕਵਿਤਾਵਾਂ ਵਿੱਚ ਨਿੰਦਿਆ ਕਰਦਾ ਹੋਇਆ, ਉਨ੍ਹਾਂ ਲਈ ਇਨਸਾਫ਼ ਦੀ ਆਸ ਕਰਦਾ ਹੈ। ਦਾਜ ਦਹੇਜ ਦੀ ਪਰੰਪਰਾ ਦਾ ਵਿਰੋਧੀ ਹੈ। ਸਮਾਜ ਦਾ ਇਸਤਰੀ ਬਾਰੇ ਜੋ ਮਾੜਾ ਵਿਵਹਾਰ ਹੈ, ਉਸਦੀ ਚਿੰਤਾ ਕਵੀ ਦੀਆਂ ਕਵਿਤਾਵਾਂ ਵਿੱਚੋਂ ਝਲਕਦੀ ਹੈ। ਔਰਤ ਨੂੰ ਸਮਾਜ ਦੀ ਸਿਰਜਕ ਦਾ ਖ਼ਿਤਾਬ ਦਿੰਦਾ ਹੋਇਆ, ਸ਼ਾਇਰ ਮਰਦ ਪ੍ਰਧਾਨ ਸਮਾਜ ਵੱਲੋਂ ਉਸ ਨਾਲ ਕੀਤੀ ਜਾਂਦੀ ਦੁਰਗਤੀ ਨੂੰ ਵੀ ਆਪਣੀਆਂ ਕਵਿਤਾਵਾਂ ਦਾ ਵਿਸ਼ਾ ਬਣਾਉਂਦਾ ਹੈ। ਇਸ ਕਾਵਿ-ਸੰਗ੍ਰਹਿ ਵਿੱਚ 46 ਕਵਿਤਾਵਾਂ ਹਨ, ਕਵੀ ਉਨ੍ਹਾਂ ਵਿੱਚੋਂ ਲਗਪਗ ਇੱਕ ਦਰਜਨ ਕਵਿਤਾਵਾਂ ਵਿੱਚ ਇਸਤਰੀਆਂ ਦੇ ਯੋਗਦਾਨ ਅਤੇ ਉਨ੍ਹਾਂ ਨਾਲ ਹੋ ਰਹੇ ਵਿਤਕਰਿਆਂ ਦਾ ਜ਼ਿਕਰ ਕਰਦਾ ਹੈ। ‘ਪੰਜਾਬ ਸਿਆਂ’, ‘ਮਾਂ ਬਾਝੋਂ’, ‘ਧੀ ਬਚਾਓ’, ‘ਸਵੈ-ਵਾਰਤਾ’, ‘ਨਾਰੀ ਦਿਵਸ’, ‘ਮਾਪੇ ਹੁੰਦੇ ਦੁਨੀਆ ਵਾਲਿਓ’, ‘ਔਰਤ ਮਰਦ ‘ਚ ਅੰਤਰ’, ‘ਸੰਧਾਰਾ’, ਗੁਸਤਾਖ਼’, ‘ਰੱਖੜੀ’, ਅਤੇ ‘ਧੀ ਜੰਮਣ ਲਈ’ ਕਵਿਤਾਵਾਂ ਔਰਤਾਂ ਨਾਲ ਸੰਬੰਧਤ ਹਨ। ਧੀ ਜੰਮਣ ‘ਤੇ ਮਰਦ ਪ੍ਰਧਾਨ ਸਮਾਜ ਬੁਰਾ ਮਨਾਉਂਦਾ ਹੈ। ਹਾਲਾਂ ਕਿ ਧੀ ਤੋਂ ਬਿਨਾ ਸਮਾਜ ਦੀ ਸਿਰਜਣਾ ਦਾ ਸਪਨਾ ਵੀ ਨਹੀਂ ਲਿਆ ਜਾ ਸਕਦਾ, ਪ੍ਰੰਤੂ ਫਿਰ ਵੀ ਮਰਦਾਂ ਦੀ ਮਾਨਸਿਕਤਾ ਔਰਤ ਦੀ ਨਿੰਦਿਆ ਕਰਦੀ ਹੈ। ਧੀਆਂ ਦੇ ਰਾਖਿਆਂ ਦਾ ਕੁੜੀਮਾਰਾਂ ਵਿੱਚ ਨਾਂ ਵੱਜਦਾ ਹੈ। ਧੀ ਜੰਮਣ ਲਈ ਵਿਗਿਆਨ ਮਰਦ ਅਤੇ ਔਰਤ ਦੋਹਾਂ ਨੂੰ ਬਰਾਬਰ ਦਾ ਜ਼ਿੰਮੇਵਾਰ ਸਮਝਦਾ ਹੈ। ਪਰ ਮਰਦ ਔਰਤ ਨੂੰ ਧੀ ਪੈਦਾ ਕਰਨ ਦਾ ਜ਼ਿੰਮੇਵਾਰ ਕਹਿਕੇ ਉਸਤੇ ਤਸ਼ੱਦਦ ਕਰਦਾ ਹੋਇਆ, ਉਸ ਨਾਲ ਮਾੜਾ ਵਿਵਹਾਰ ਕਰਦਾ ਹੈ। ‘ਧੀ ਜੰਮਣ ਲਈ’ ਸਿਰਲੇਖ ਵਾਲੀ ਕਵਿਤਾ ਵਿੱਚ ਕਵੀ ਲਿਖਦਾ ਹੈ:
ਧੀ ਜੰਮਣ ਲਈ ਪਿਉ ਵੀ ਐ, ਮਾਂ ਜਿੰਨਾ ਹੀ ਜ਼ਿੰਮੇਵਾਰ।
ਬੰਦ ਕਰੋ ਫਿਰ ਕੇਵਲ ਮਾਂ ਨੂੰ, ਕਰਨਾ ਖੱਜਲ ਖ਼ੁਆਰ।
ਧੀ ਜੰਮਣ ਦਾ ਦੋਸ਼ ਅਗਿਆਨੀਆਂ, ਮਾਵਾਂ ਦੇ ਸਿਰ ਮੜਿ੍ਹਆ।
ਪਰ ਵਿਗਿਆਨੀਆਂ ਨੇ ਪਰਦਾ ਹੁਣ, ਝੂਠ ਤੋਂ ਪਾਸੋੇ ਕਰਿਆ।
ਸ਼ਾਇਰ ‘ਮਹਿੰਗਾਈ ਤੇ ਬੇਰੋਜ਼ਗਾਰੀ ਬਾਰੇ ਵੀ ਚਿੰਤਾ ਪ੍ਰਗਟ ਕਰਦਾ ਹੈ। ਗ਼ਰੀਬਾਂ ਦਾ ਜਿਓਣਾ ਦੁੱਭਰ ਹੋ ਗਿਆ ਹੈ। ਮਹਿੰਗਾਈ ਅਸਮਾਨ ਨੂੰ ਚੜ੍ਹ ਗਈ ਹੈ। ਜ਼ਰੂਰੀ ਵਸਤਾਂ ਵੀ ਗ਼ਰੀਬਾਂ ਦੀ ਪਹੁੰਚ ਤੋਂ ਬਾਹਰ ਜਾ ਰਹੀਆਂ ਹਨ। ਜ਼ਮੀਨਦੋਜ਼ ਪਾਣੀ ਦੀ ਦੁਰਵਰਤੋਂ ਹੋ ਰਹੀ ਹੈ, ਇਸ ਲਈ ਜ਼ਮੀਨ ਦੋਜ਼ ਪਾਣੀ ਖ਼ਤਮ ਹੋਣ ਦੇ ਕਿਨਾਰੇ ਪਹੁੰਚ ਰਿਹਾ ਹੈ। ਪਾਣੀ ਨੂੰ ਪਲੀਤ ਵੀ ਕੀਤਾ ਜਾ ਰਿਹਾ ਹੈ ਸਮਾਜ ਆਪਣੀ ਸਮਾਜਿਕ ਜ਼ਿੰਮੇਵਾਰੀ ਨਿਭਾਉਣ ਵਿੱਚ ਅਸਫਲ ਹੋ ਰਿਹਾ ਹੈ। ਸ਼ਾਹੂਕਾਰਾਂ ਦੇ ਕਰਜ਼ਿਆਂ ਦਾ ਪਾਰ ਸਹਿਣਾ ਔਖਾ ਹੋ ਗਿਅਆ ਹੈ। ਕਿਸਾਨ ਖੁਦਕਸ਼ੀਆਂ ਕਰ ਰਹੇ ਹਨ। ‘ਪੰਜਾਬ ਸਿਆਂ’ ਸਿਰਲੇਖ ਵਾਲੀ ਕਵਿਤਾ ਵਿੱਚ ਕਵੀ ਲਿਖਦਾ ਹੈ:
ਚਾਅ ਤਿੜਕੇ ਪੁੱਤਰਾਂ ਦੇ, ਸੁਪਨੇ ਧੀਆਂ ਦੇ ਨਿੱਤ ਮਰਦੇ।
ਅੰਨਦਾਤੇ ਆਖੀਦੇ ਵਿਚਾਰੇ, ਨਿੱਤ ਖ਼ੁਦਕਸ਼ੀਆਂ ਕਰਦੇ।
ਇਸੇ ਕਵਿਤਾ ਵਿੱਚ ਕਵੀ ਲਿਖਦਾ ਹੈ ਕਿ ਪੁਰਾਣੇ ਪਿਪਲਾਂ ਬੋਹੜਾਂ ਵਰਗੇ ਰੁੱਖਾਂ ਹੇਠ ਹੁਣ ਭੰਗੜੇ ਤੇ ਗਿੱਧੇ ਨਹੀਂ ਪੈਂਦੇ, ਪਿੰਡਾਂ ਦਾ ਦਿਹਾਤੀ ਸਭਿਆਚਾਰ ਕਿਧਰੇ ਵੇਖਣ ਨੂੰ ਵੀ ਨਹੀਂ ਮਿਲਦਾ। ਪਹਿਲੇ ਨੰਬਰ ਤੇ ਆਉਣ ਵਾਲਾ ਪੰਜਾਬ ਹੇਠਲੇ ਨੰਬਰ ‘ਤੇ ਚਲਾ ਗਿਆ। ਨਸ਼ਾ ਚਾਰੇ ਪਾਸੇ ਫ਼ੈਲਿਆ ਹੋਇਆ ਹੈ। ਨੌਜਵਾਨੀ ਗੁਮਰਾਹ ਹੋਈ ਫਿਰਦੀ ਹੈ। ਸ਼ਾਇਰ ਕਲਮਾਂ ਵਾਲਿਆਂ ਨੂੰ ਵੀ ਨਿਹੋਰਾ ਮਾਰਦਾ ਹੈ ਕਿ ਉਹ ਵੀ ਲੋਕਾਈ ਦੇ ਹੱਕ ਵਿੱਚ ਆਵਾਜ਼ ਬੁਲੰਦ ਨਹੀਂ ਕਰ ਰਹੇ।
Êਪੰਜਾਬ ਦੀ ਨੌਜਵਾਨੀ ਪਰਵਾਸ ਕਰੀ ਜਾ ਰਹੀ ਹੈ। ਬਜ਼ੁਰਗ ਮਾਪੇ ਪਿੱਛੇ ਰੁਲ ਰਹੇ ਹਨ। ਅਜੋਕੀ ਨੌਜਵਾਨੀ ਮਾਪਿਆਂ ਨਾਲ ਨਿਰਮੋਹੀ ਹੋ ਗਈ ਹੈ। ਮਾਂ ਬਾਪ ਨੇ ਦੁੱਖ ਤਸੀਹੇ ਝਲਦਿਆਂ ਬੱਚਿਆਂ ਨੂੰ ਐਸ਼ ਆਰਾਮ ਦਿੱਤਾ, ਪ੍ਰੰਤੂ ਬੱਚੇ ਮਾਪਿਆਂ ਬਿਰਧ ਆਸ਼ਰਮਾ ਵਿੱਚ ਛੱਡਕੇ ਆਪ ਆਨੰਦ ਮਾਣਦੇ ਹਨ। ਸ਼ਾਇਰ ਨੇ ‘ਗੁਸਤਾਖੀ’ ਕਵਿਤਾ ਵਿੱਚ ਲਿਖਿਆ ਹੈ:
ਸੋਚੋ ਉਏ ਨੌਜਵਾਨੋ ਸ਼ਰਮਾ ਨਾ ਘੋਲ ਪੀਓ,
ਮਾਪੇ ਬਿਰਧ ਆਸ਼ਰਮਾਂ ਵਿੱਚ ਛੱਡ ਆਉਂਦੇ ਕਿਉਂ ਦੱਸਿਓ।
ਰੋਲ ਕੇ ਮਾਪੇ ਦਰਸ਼ ਕਹੇ ਮਰ ਜਾਂਦੇ ਜਿਉਂਦੇ ਜੀਅ
ਇਸ ਤੋਂ ਵੱਡੀ ਗੁਸਤਾਖੀ ਕੀ।
ਦਰਸ਼ਨ ਸਿੰਘ ਦਰਸ਼ ਦੀ ਸ਼ਬਦਾਵਲੀ ਠੇਠ ਤੇ ਸਰਲ ਦਿਹਾਤੀ ਹੈ, ਜਿਸਦੀ ਹਰ ਪਾਠਕ ਨੂੰ ਸਮਝਣ ਵਿੱਚ ਕੋਈ ਮੁਸ਼ਕਲ ਪੇਸ਼ ਨਹੀਂ ਆਉਂਦੀ ਤੇ ਪਾਠਕ ਆਨੰਦ ਮਾਣਦੇ ਹਨ। ਉਸਦੀ ਦਿਹਾਤੀ ਸ਼ਬਦਾਵਲੀ ਵਿੱਚ ਚੋਏ, ਕੱਸੀਆਂ, ਡੁੱਡੇ, ਹੱਲਿਆਂ ਵੇਲੇ, ਭੰਨਾਂ, ਘਾੜਤਾਂ, ਦਿਹਾੜੀ, ਲੋਹੜੇ, ਢਾਈ, ਮਣ, ਘੋਲ਼, ਦਰਿੰਦੇ, ਸੋਭਾ, ਮਾਣ, ਚਾਟੀ, ਮਧਾਣੀ, ਤੜਕੇ, ਤੇਹ, ਹਾਕਾਂ, ਡੰਡਾ, ਟ੍ਹਊਏ, ਚਰਖੇ, ਤੰਬੀ, ਕੰਡਾ, ਚੰਡਾਲਣੀ, ਚੁੜੇਲ, ਫੜ੍ਹਾਂ,ਕੁਟੰਬ,ਦਾਤਾਂ, ਟੋਭੇ, ਖੂਹ, ਬਿਗਲ, ਚੁਲ੍ਹੇ, ਟੁੱਕਰਾਂ, ਘੁੱਗ, ਧੱਕੇ, ਧੌਲੇ ਅਤੇ ਡੱਡੂ ਆਦਿ ਦੀ ਆਮ ਵਰਤੋਂ ਕੀਤੀ ਗਈ ਹੈ, ਜਿਸਨੂੰ ਸਮਝਣ ਵਿੱਚ ਮੁਸ਼ਕਲ ਨਹੀਂ ਆਉਂਦੀ। ਭਵਿਖ ਵਿੱਚ ਦਰਸ਼ਨ ਸਿੰਘ ਦਰਸ਼ ਪਸਿਆਣਾ ਤੋਂ ਹੋ ਵਧੀਆ ਦਿਹਾਤੀ ਚਿਤਰਣ ਦੀ ਆਸ ਕੀਤੀ ਜਾ ਸਕਦੀ ਹਾਂ।
ਸੰਪਰਕ ਦਰਸ਼ਨ ਸਿੰਘ ਦਰਸ਼ ਪਸਿਆਣਾ :9779585081
112 ਪੰਨਿਆਂ, 290 ਰੁਪਏ ਕੀਮਤ ਵਾਲਾ ਇਹ ਕਾਵਿ-ਸੰਗ੍ਰਹਿ ਕੈਲੀਬਰ ਪਬਲੀਕੇਸ਼ਨ ਪਟਿਆਲਾ ਨੇ ਪ੍ਰਕਾਸ਼ਤ ਕੀਤਾ ਹੈ।
ਉਜਾਗਰ ਸਿੰਘ
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ੁਜੳਗੳਰਸਨਿਗਹ48ੑੇੳਹੋੋ.ਚੋਮ

