ਕੋਟਕਪੂਰਾ, 22 ਅਗਸਤ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਨੇੜਲੇ ਪਿੰਡ ਹਰੀਨੌ ਦੇ ਦਸਮੇਸ਼ ਮਿਸ਼ਨ ਸੀਨੀਅਰ ਸੈਕੰਡਰੀ ਸਕੂਲ ਵਿਖੇ ਸਦਭਾਵਨਾ ਦਿਵਸ ਮਨਾਇਆ ਗਿਆ। ਸਮਾਗਮ ਦਾ ਉਦੇਸ਼ ਵਿਦਿਆਰਥੀਆਂ ਵਿੱਚ ਸਹਿਯੋਗ ਦੀ ਭਾਵਨਾ ਵਿਕਸਿਤ ਕਰਨਾ ਹੈ। ਇਸ ਮੌਕੇ ਐਨ.ਐਸ.ਐਸ. ਪ੍ਰੋਗਰਾਮ ਅਫਸਰ ਸ਼ਮਿੰਦਰ ਕੌਰ ਨੇ ਵਿਦਿਆਰਥੀਆਂ ਨੂੰ ਦੱਸਿਆ ਕਿ ਇਹ ਦਿਨ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ ਜਨਮਦਿਨ ਮੌਕੇ ’ਤੇ ਬੜੀ ਹੀ ਖੁਸ਼ੀ ਨਾਲ ਪੂਰੇ ਭਾਰਤ ਵਿੱਚ ਮਨਾਇਆ ਜਾਂਦਾ ਹੈ। ਉਹਨਾਂ ਦਾ ਵਿਸ਼ਵਾਸ ਸੀ ਕਿ ਜੇਕਰ ਦੇਸ਼ ਦਾ ਹਰ ਨਾਗਰਿਕ ਪਿਆਰ, ਸਹਿਯੋਗ ਅਤੇ ਸਦਭਾਵਨਾ ਨਾਲ ਰਹੇਗਾ ਤਾਂ ਦੇਸ਼ ਬੜੀ ਜਲਦੀ ਹੀ ਵਿਕਾਸ ਦੀਆਂ ਉਚਾਈਆਂ ਤੱਕ ਪਹੁੰਚੇਗਾ। ਇਸ ਉਪਰੰਤ ਵਿਦਿਆਰਥੀਆਂ ਵੱਲੋਂ ਕਵਿਤਾ ਉਚਾਰਨ ਅਤੇ ਭਾਸ਼ਣ ਮੁਕਾਬਲਿਆਂ ਵਿੱਚ ਭਾਗ ਲਿਆ ਗਿਆ। ਇਸ ਮੌਕੇ ਬੋਲਦਿਆਂ ਸਕੂਲ ਦੇ ਮੈਨੇਜਿੰਗ ਡਾਇਰੈਕਟਰ ਬਲਜੀਤ ਸਿੰਘ ਨੇ ਦੱਸਿਆ ਕਿ ਸਦਭਾਵਨਾ ਦਾ ਅਰਥ ਹੈ ਭਾਈਚਾਰੇ ਅਤੇ ਏਕਤਾ ਨਾਲ ਰਹਿਣਾ। ਇਹ ਸਾਡੇ ਜੀਵਨ ਦਾ ਆਧਾਰ ਹੈ। ਸਾਨੂੰ ਕਿਸੇ ਵੀ ਆਧਾਰ ’ਤੇ ਕਿਸੇ ਮਨੁੱਖ ਨਾਲ ਕੋਈ ਭੇਦਭਾਵ ਨਹੀਂ ਕਰਨਾ ਚਾਹੀਦਾ, ਸਗੋਂ ਸਾਰਿਆਂ ਨਾਲ ਮਿਲ ਜੁਲ ਕੇ ਰਹਿਣਾ ਚਾਹੀਦਾ ਹੈ। ਜੇਕਰ ਕਿਸੇ ਨੂੰ ਮੱਦਦ ਦੀ ਲੋੜ ਹੈ ਤਾਂ ਉਸਦੀ ਮੱਦਦ ਕਰੋ ਤੇ ਉਸਦਾ ਆਸਰਾ ਬਣੋ। ਜੇਕਰ ਕਿਸੇ ਨਾਲ ਨਾ ਇਨਸਾਫੀ ਹੁੰਦੀ ਹੈ ਤਾਂ ਉਸ ਲਈ ਬੋਲੋ। ਨਫਰਤ ਅਤੇ ਈਰਖਾ ਕਮਜ਼ੋਰ ਵਿਅਕਤੀ ਦੀ ਨਿਸ਼ਾਨੀ ਹਨ, ਜਦਕਿ ਪਿਆਰ ਤੇ ਸਹਿਯੋਗ ਬਹਾਦਰਾਂ ਦੀ ਪਛਾਣ ਹੈ। ਡਾਇਰੈਕਟਰ/ਪ੍ਰਿੰਸੀਪਲ ਮੈਡਮ ਸੁਰਿੰਦਰ ਕੌਰ ਅਤੇ ਪ੍ਰਿੰਸੀਪਲ ਮੈਡਮ ਸੋਮਾ ਦੇਵੀ ਨੇ ਮੁਕਾਬਲਿਆਂ ਵਿੱਚ ਭਾਗ ਲੈਣ ਵਾਲੇ ਵਿਦਿਆਰਥੀਆਂ ਦੀ ਸ਼ਲਾਘਾ ਕੀਤੀ।

