ਪਟਿਆਲਾ, 14 ਜੁਲਾਈ:(ਵਰਲਡ ਪੰਜਾਬੀ ਟਾਈਮਜ਼)
ਪੰਜਾਬ ਸਰਕਾਰ ਦੇ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ (ਦਿਵਿਆਂਗਤਾ ਸੈੱਲ) ਵੱਲੋਂ ਦਿਵਿਆਂਗ ਵਿਅਕਤੀਆਂ ਦੇ ਅਧਿਕਾਰ ਐਕਟ, 2016 ਅਧੀਨ ਲਿਖਤੀ ਪ੍ਰੀਖਿਆਵਾਂ ਲਈ ਸਕ੍ਰਾਈਬ (Scribe)/ਰੀਡਰ/ਲੈਬ ਅਸਿਸਟੈਂਟ ਦੀ ਸਹੂਲਤ ਸਬੰਧੀ ਸੋਧੇ ਹੋਏ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ। ਇਹ ਹਦਾਇਤਾਂ ਸੂਬੇ ਦੀਆਂ ਸਾਰੀਆਂ ਭਰਤੀ ਅਤੇ ਪ੍ਰੀਖਿਆ ਕਰਵਾਉਣ ਵਾਲੀਆਂ ਸੰਸਥਾਵਾਂ ਵੱਲੋਂ ਲਾਗੂ ਕੀਤੀਆਂ ਜਾਣਗੀਆਂ।
ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਸ੍ਰ ਵਰਿੰਦਰ ਸਿੰਘ ਟਿਵਾਣਾ ਨੇ ਦੱਸਿਆ ਕਿ ਜਾਰੀ ਹਦਾਇਤਾਂ ਅਨੁਸਾਰ ਬੈਂਚਮਾਰਕ ਦਿਵਿਆਂਗਤਾ ਵਾਲੇ ਉਮੀਦਵਾਰਾਂ, ਜਿਨ੍ਹਾਂ ਨੂੰ ਲਿਖਣ ਵਿੱਚ ਦਿੱਕਤ ਹੈ, ਨੂੰ ਲੋੜ ਅਨੁਸਾਰ ਸਕ੍ਰਾਈਬ ਦੀ ਸਹੂਲਤ ਦਿੱਤੀ ਜਾਵੇਗੀ। ਇਸ ਤੋਂ ਇਲਾਵਾ, ਜਿਨ੍ਹਾਂ ਉਮੀਦਵਾਰਾਂ ਦੀ ਦਿਵਿਆਂਗਤਾ 40 ਫੀਸਦੀ ਤੋਂ ਘੱਟ ਹੈ ਪਰ ਮੈਡੀਕਲ ਅਥਾਰਟੀ ਵੱਲੋਂ ਲਿਖਣ ਵਿੱਚ ਅਸਮਰੱਥਤਾ ਪ੍ਰਮਾਣਿਤ ਕੀਤੀ ਜਾਂਦੀ ਹੈ, ਉਹ ਵੀ ਨਿਰਧਾਰਿਤ ਪ੍ਰਕਿਰਿਆ ਅਨੁਸਾਰ ਇਸ ਸਹੂਲਤ ਦਾ ਲਾਭ ਲੈ ਸਕਣਗੇ।
ਉਨ੍ਹਾਂ ਦੱਸਿਆ ਨੇ ਕਿ ਉਮੀਦਵਾਰ ਆਪਣੀ ਪਸੰਦ ਦਾ ਸਕ੍ਰਾਈਬ ਲਿਆ ਸਕਦੇ ਹਨ। ਸਕ੍ਰਾਈਬ ਦੀ ਯੋਗਤਾ ਉਮੀਦਵਾਰ ਦੀ ਘੱਟੋ-ਘੱਟ ਯੋਗਤਾ ਤੋਂ ਇੱਕ ਪੱਧਰ ਹੇਠਾਂ ਹੋਣੀ ਚਾਹੀਦੀ ਹੈ ਅਤੇ ਉਹ ਪ੍ਰਤੀ ਵਿਸ਼ਾ ਕੇਵਲ ਇੱਕ ਹੀ ਸਕ੍ਰਾਈਬ ਵਜੋਂ ਕੰਮ ਕਰ ਸਕੇਗਾ। ਪ੍ਰੀਖਿਆ ਕਰਵਾਉਣ ਵਾਲੀਆਂ ਸੰਸਥਾਵਾਂ ਨੂੰ ਸਕ੍ਰਾਈਬ ਦੀ ਯੋਗਤਾ ਅਤੇ ਯੋਗਤਾ ਮਾਪਦੰਡਾਂ ਦੀ ਜਾਂਚ ਕਰਨ ਦੇ ਵੀ ਨਿਰਦੇਸ਼ ਦਿੱਤੇ ਗਏ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਲੋੜ ਪੈਣ ‘ਤੇ ਪ੍ਰੀਖਿਆ ਸੰਸਥਾਵਾਂ ਜ਼ਿਲ੍ਹਾ, ਡਿਵੀਜ਼ਨ ਜਾਂ ਰਾਜ ਪੱਧਰ ‘ਤੇ ਸਕ੍ਰਾਈਬ/ਰੀਡਰ/ਲੈਬ ਅਸਿਸਟੈਂਟ ਦੇ ਪੈਨਲ ਵੀ ਤਿਆਰ ਕਰ ਸਕਦੀਆਂ ਹਨ, ਤਾਂ ਜੋ ਦਿਵਿਆਂਗ ਉਮੀਦਵਾਰਾਂ ਨੂੰ ਸਮੇਂ ਸਿਰ ਸਹੂਲਤ ਮੁਹੱਈਆ ਕਰਵਾਈ ਜਾ ਸਕੇ।
ਇਨ੍ਹਾਂ ਦਿਸ਼ਾ-ਨਿਰਦੇਸ਼ਾਂ ਦਾ ਉਦੇਸ਼ ਦਿਵਿਆਂਗ ਉਮੀਦਵਾਰਾਂ ਨੂੰ ਪ੍ਰੀਖਿਆਵਾਂ ਵਿੱਚ ਬਰਾਬਰ ਦਾ ਮੌਕਾ ਪ੍ਰਦਾਨ ਕਰਨਾ ਅਤੇ ਪ੍ਰੀਖਿਆ ਪ੍ਰਣਾਲੀ ਨੂੰ ਹੋਰ ਸੁਗਮ ਬਣਾਉਣਾ ਹੈ।