*ਹੱਡ ਬੀਤੀ ਕੀ ਦਸਾਂ ਲੋਕੋ! ਨਾ ਕੋਈ ਮੇਰੇ ਵਰਗਾ ਮਜਬੂਰ ਜਿਹਾ ਏ,
ਕੱਖੋਂ ਹੌਲੀ ਜ਼ਿੰਦਗੀ ਮੇਰੀ, ਕਹਿੰਦੇ ਨੇ ਮਜ਼ਦੂਰ ਜਿਹਾ ਏ।
*ਧੁੱਪਾਂ ਵਿੱਚ ਰੰਗ ਉੱਡ ਜਾਂਦਾ ਏ,ਨਾ ਮੁੱਖੜੇ ਤੇ ਬਹੁਤਾ ਨੂਰ ਜਿਹਾ ਏ,
ਭੁੱਖ-ਗਰੀਬੀ ਮੇਰਾ ਮੁਕੱਦਰ,ਹਰ ਸੁਪਨਾ ਚੂਰੋ-ਚੂਰ ਜਿਹਾ ਏ।
*ਮੇਰੀ ਚੌਂਕ ਵਿਚਾਲੇ ਬੋਲੀ ਲੱਗਦੀ,ਸ਼ਾਹਾਂ ਦਾ ਮੁੰਡਾ ਵਿਹੰਦਾ ਘੂਰ ਜਿਹਾ ਏ,
ਕਈ ਦਿਨ ਹੋ ਗਏ ਚੁੱਲ੍ਹਾ ਨਹੀਂ ਤਪਿਆ,ਤਪਿਆ ਨਹੀਂ ਤੰਦੂਰ ਜਿਹਾ ਏ।
*ਚਾਂਬਲਿਆ ਫਿਰਦਾ ਏ ਬਾਹਲਾ,ਕਹਿੰਦੇ ਨੇ ਮਗਰੂਰ ਜਿਹਾ ਏ,
ਮਾੜੇ ਬੰਦੇ ਨੂੰ ਭੰਡਣਾ ਅੱਜ-ਕੱਲ,ਦੁਨੀਆ ਦਾ ਦਸਤੂਰ ਜਿਹਾ ਏ।
*ਦਸਾਂ ਨੌਹਾਂ ਦੀ ਕਿਰਤ ਕਮਾਵਾਂ,ਇਸੇ ਗੱਲ ਦਾ ਸਰੂਰ ਜਿਹਾ ਏ।
ਪਰਖ ਨਾ ਸਾਡੇ ਸਬਰ ਹਾਕਮਾ!ਇਕ ਦਿਨ ਭੰਨ ਦੇਣਾ ਤੇਰਾ ਗਰੂਰ ਜਿਹਾ ਏ।
*ਨਾਮ ਸੁਰਖੀਆਂ ਵਿੱਚ ਨਹੀਂ ਆਉਂਦਾ ਮੇਰਾ,ਨਾ ਬਹੁਤਾ ਮਸ਼ਹੂਰ ਜਿਹਾ ਏ,
ਕੁਝ ਨਾ ਕੁਝ ਲਿਖਦਾ ਰਹਿੰਦਾ ਲਾਲੀ,ਲਿਖਣ ਦਾ ਥੋੜਾ ਫਤੂਰ ਜਿਹਾ ਏ।
ਲਿਖਣ ਦਾ ਥੋੜਾ ਫਤੂਰ ਜਿਹਾ ਏ ………..
⭐ ਪਰਮਜੀਤ ਲਾਲੀ ⭐
@98962-44038@
