ਕੋਟਕਪੂਰਾ, 8 ਨਵੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਨੇੜਲੇ ਪਿੰਡ ਹਰੀ ਨੌ ਵਿਖੇ ਸਵਰਗੀ ਸੁਪਨਦੀਪ ਸਿੰਘ ਸਿੱਧੂ ਦੀ ਮਿੱਠੀ ਯਾਦ ਵਿੱਚ ਸਥਾਪਿਤ ਕੀਤੀ ਗਈ ਲਾਇਬਰੇਰੀ ਵਿਖੇ ਇੱਕ ਵਿਸ਼ੇਸ਼ ਅਤੇ ਪ੍ਰਭਾਵਸ਼ਾਲੀ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਸਮਾਗਮ ਦੌਰਾਨ ਪਟਵਾਰੀ ਨਿਰਮਲਜੀਤ ਸਿੰਘ ਨੇ ਆਪਣੇ ਜਨਮਦਿਨ ਦੀ ਖੁਸ਼ੀ ਨੂੰ ਪਰੰਪਰਾਗਤ ਢੰਗ ਨਾਲ ਮਨਾਉਣ ਦੀ ਬਜਾਏ ਨਿਵੇਕਲੇ ਅਤੇ ਲਾਹੇਵੰਦ ਤਰੀਕੇ ਨਾਲ ਮਨਾਉਂਦਿਆਂ ਲਾਇਬਰੇਰੀ ਨੂੰ ਧਾਰਮਿਕ, ਇਤਿਹਾਸਕ ਅਤੇ ਗਿਆਨਵਰਧਕ ਕਿਤਾਬਾਂ ਭੇਂਟ ਕੀਤੀਆਂ। ਇਸ ਮੌਕੇ ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਪਟਵਾਰੀ ਨਿਰਮਲਜੀਤ ਸਿੰਘ ਨੇ ਕਿਹਾ ਕਿ ਅੱਜ-ਕੱਲ੍ਹ ਦੇ ਦੌਰ ਵਿੱਚ ਜਨਮਦਿਨ ਵਰਗੇ ਖੁਸ਼ੀ ਦੇ ਮੌਕਿਆਂ ‘ਤੇ ਫਜ਼ੂਲ ਖਰਚੀ ਕਰਨ ਦੀ ਬਜਾਏ ਪੁਸਤਕਾਂ ਦਾਨ ਕਰਨਾ ਇੱਕ ਬਹੁਤ ਹੀ ਸਾਰਥਕ ਅਤੇ ਸ਼ਲਾਘਾਯੋਗ ਕਦਮ ਹੈ। ਉਨ੍ਹਾਂ ਕਿਹਾ ਕਿ ਕਿਤਾਬਾਂ ਮਨੁੱਖ ਦੀਆਂ ਸਭ ਤੋਂ ਚੰਗੀਆਂ ਦੋਸਤ ਹੁੰਦੀਆਂ ਹਨ, ਜੋ ਸਾਡੀ ਆਉਣ ਵਾਲੀ ਨੌਜਵਾਨ ਪੀੜ੍ਹੀ ਨੂੰ ਗਿਆਨ ਦੀ ਰੋਸ਼ਨੀ ਨਾਲ ਜੋੜਨ ਦੇ ਨਾਲ-ਨਾਲ ਉਨ੍ਹਾਂ ਨੂੰ ਚੰਗੇ ਨੈਤਿਕ ਸੰਸਕਾਰ ਵੀ ਪ੍ਰਦਾਨ ਕਰਦੀਆਂ ਹਨ। ਉਨ੍ਹਾਂ ਸਮਾਜ ਦੇ ਹੋਰਨਾਂ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਆਪਣੇ ਖੁਸ਼ੀ ਦੇ ਦਿਹਾੜੇ ਅਜਿਹੇ ਸਮਾਜ ਭਲਾਈ ਅਤੇ ਗਿਆਨ ਵੰਡਣ ਵਾਲੇ ਕਾਰਜਾਂ ਵਿੱਚ ਯੋਗਦਾਨ ਪਾ ਕੇ ਮਨਾਉਣ। ਇਸ ਦੌਰਾਨ ਲਾਇਬਰੇਰੀ ਪ੍ਰਬੰਧਕਾਂ ਅਤੇ ਪਿੰਡ ਵਾਸੀਆਂ ਵੱਲੋਂ ਪਟਵਾਰੀ ਨਿਰਮਲਜੀਤ ਸਿੰਘ ਦੇ ਇਸ ਉੱਦਮ ਦੀ ਭਰਪੂਰ ਸ਼ਲਾਘਾ ਕਰਦਿਆਂ ਉਨ੍ਹਾਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਸਵਰਗੀ ਸੁਪਨਦੀਪ ਸਿੰਘ ਦੇ ਪਿਤਾ ਗੁਰਮੁੱਖ ਸਿੰਘ ਅਤੇ ਮਾਤਾ ਤੋਂ ਇਲਾਵਾ ਦਵਿੰਦਰ ਕੌਰ, ਹਮੀਰ ਸਿੰਘ ਚੌਕੀਦਾਰ, ਜੀਵਨ ਸਿੰਘ, ਬਲਦੇਵ ਸਿੰਘ ਸਮੇਤ ਹੋਰ ਵੀ ਕਈ ਮੁਹਤਬਰ ਵਿਅਕਤੀ ਅਤੇ ਨਗਰ ਨਿਵਾਸੀ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ।
