ਸੰਨ 1990 ‘ਚ ਸਤਲੁਜ-ਯਮੁਨਾ ਲਿੰਕ ਨਹਿਰ ਦਾ ਮਾਮਲਾ ਦੁਬਾਰਾ ਭਖ਼ ਗਿਆ ਸੀ ਜੋ ਸਿੱਖ ਕੌਮ ਲਈ ਇੱਕ ਵੱਡੀ ਚੁਣੌਤੀ ਸੀ। ਕੇਂਦਰ ਸਰਕਾਰ ਲਗਾਤਾਰ ਪੰਜਾਬ ਦੇ ਪਾਣੀਆਂ ਦੀ ਲੁੱਟ ਕਰ ਰਹੀ ਸੀ ਜਦਕਿ ਰਾਇਪੇਰੀਅਨ ਕਨੂੰਨ ਅਨੁਸਾਰ ਦਰਿਆ ਦੇ ਪਾਣੀ ਉੱਤੇ ਹੱਕ ਓਸੇ ਦੇਸ਼ ਜਾਂ ਸੂਬੇ ਦਾ ਹੁੰਦਾ ਹੈ ਜਿੱਥੋਂ ਦੀ ਉਹ ਦਰਿਆ ਵਹਿੰਦਾ ਹੋਵੇ। ਇਹ ਉਹਨਾਂ ਨੂੰ ਕੁਦਰਤੀ ਦੇਣ ਹੈ ਅਤੇ ਦੂਜੇ ਪਾਸੇ ਹੜ੍ਹਾਂ ਮੌਕੇ ਵੀ ਉਸ ਇਲਾਕੇ ਦੇ ਲੋਕ ਹੀ ਨੁਕਸਾਨ ਝੱਲਦੇ ਹਨ। ਪੰਜਾਬ ਵਿੱਚ ਵਗਦੇ ਦਰਿਆਵਾਂ ਸਤਲੁਜ, ਬਿਆਸ ਅਤੇ ਰਾਵੀ ਉੱਤੇ ਹੱਕ ਕੇਵਲ ਪੰਜਾਬ ਦਾ ਹੈ ਪਰ ਹਿੰਦ ਸਰਕਾਰ ਨੂੰ ਇਹ ਗੱਲ ਮਨਜ਼ੂਰ ਨਹੀਂ ਸੀ ਤੇ ਉਲ਼ਟਾ ਦੂਜੇ ਰਾਜਾਂ ਹਰਿਆਣਾ ਅਤੇ ਰਾਜਸਥਾਨ ਨੂੰ ਦਿੱਤੇ ਜਾ ਰਹੇ ਪਾਣੀ ਦਾ ਮੁਆਵਜ਼ਾ ਵੀ ਪੰਜਾਬ ਨੂੰ ਨਹੀਂ ਸੀ ਦਿੱਤਾ ਜਾ ਰਿਹਾ ਤੇ ਪੰਜਾਬ ਕੋਲ਼ੋਂ ਬਿਜਲੀ ਦਾ ਕੰਟਰੋਲ ਵੀ ਸਰਕਾਰ ਨੇ ਖੋਹ ਲਿਆ ਸੀ।
ਮਿਤੀ 31 ਦਸੰਬਰ 1981 ਨੂੰ ਭਾਰਤ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਪੰਜਾਬ ਦੇ ਮੁੱਖ ਮੰਤਰੀ ਦਰਬਾਰਾ ਸਿਹੁੰ ਤੋਂ ਧੱਕੇ ਨਾਲ਼ ਦਸਤਖ਼ਤ ਕਰਵਾ ਕੇ ਪੰਜਾਬ ਨੂੰ ਬੰਜਰ ਬਣਾਉਣ ਦਾ ਫ਼ੈਸਲਾ ਕਰ ਲਿਆ ਸੀ। ਹਾਲਾਂਕਿ ਇਸ ਤੋਂ ਪਹਿਲਾਂ ਕੇਂਦਰ ਦੀਆਂ ਕਾਂਗਰਸੀ ਸਰਕਾਰਾਂ ਨੇ ਪੰਜਾਬ ਦੇ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋਂ ਅਤੇ ਗਿਆਨੀ ਜ਼ੈਲ ਸਿੰਘ ਨਾਲ਼ ਵੀ ਅਜਿਹੇ ਸਮਝੌਤੇ ਕੀਤੇ ਸਨ ਜੋ ਪੰਜਾਬ ਦੇ ਹਿੱਤਾਂ ਦੇ ਉਲ਼ਟ ਸਨ।
ਹੁਣ ਕੇਂਦਰ ਸਰਕਾਰ ਜੋ ਪੰਜਾਬ ਦੇ ਸਤਲੁਜ ਦਰਿਆ ਦਾ ਪਾਣੀ ਹਰਿਆਣੇ ਰਾਹੀਂ ਯਮੁਨਾ ਲਿਜਾਉਣੀ ਚਾਹੁੰਦੀ ਸੀ। ਜਿਸ ਕਰਕੇ ਸਤਲੁਜ-ਯਮੁਨਾ ਲਿੰਕ ਨਹਿਰ (ਐੱਸ.ਵਾਈ.ਐੱਲ.) ਬਣਾਉਣ ਦੀ ਵਿਉਂਤ ਘੜੀ ਗਈ ਜੀਹਦੇ ਖ਼ਿਲਾਫ਼ ਸਿੱਖਾਂ/ਪੰਜਾਬੀਆਂ ਨੂੰ ਡਟਣਾ ਹੀ ਪੈਣਾ ਸੀ। ਓਦੋਂ ਹੀ ਸਿੱਖਾਂ ਦੀਆਂ ਵੋਟਾਂ ਪੱਕੀਆਂ ਕਰਨ ਲਈ ਸਿਆਸੀ ਚਾਲ ਖੇਡਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਪ੍ਰਕਾਸ਼ ਸਿੰਘ ਬਾਦਲ ਨੇ ਅਖ਼ਬਾਰਾਂ ‘ਚ ਬਿਆਨ ਦੇ ਦਿੱਤਾ ਕਿ “ਸਤਲੁਜ-ਯਮੁਨਾ ਲਿੰਕ ਨਹਿਰ ਦੀ ਉਸਾਰੀ ਰੋਕਣ ਲਈ ਅਸੀਂ ਗੋਲ਼ੀਆਂ ਖਾਵਾਂਗੇ।”
ਐੱਸ.ਵਾਈ.ਐੱਲ. ਦੀ ਉਸਾਰੀ ਲਈ ਟੱਕ ਲਾਉਣ ਜਦੋਂ ਇੰਦਰਾ ਗਾਂਧੀ 8 ਅਪ੍ਰੈਲ 1982 ਨੂੰ ਪਟਿਆਲ਼ੇ ਜ਼ਿਲ੍ਹੇ ਦੇ ਪਿੰਡ ਕਪੂਰੀ ਵਿਖੇ ਆਈ ਤਾਂ ਇਸ ਫ਼ੈਸਲੇ ਖ਼ਿਲਾਫ਼ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਹਰਚੰਦ ਸਿੰਘ ਲੌਂਗੋਵਾਲ ਨੇ ਮੋਰਚਾ ਲਾ ਦਿੱਤਾ ਜਿਸ ਨੂੰ ‘ਜੰਗ ਹਿੰਦ-ਪੰਜਾਬ’ ਐਲਾਨਿਆ ਗਿਆ। ਪਰ 13 ਅਪ੍ਰੈਲ 1978 ਨੂੰ 13 ਸਿੰਘ ਸ਼ਹੀਦ ਕਰਵਾਉਣ ਕਾਰਨ ਤੇ 1977 ਤੋਂ 1980 ‘ਚ ਬਾਦਲ ਦੀ ਸਰਕਾਰ ਵੇਲ਼ੇ ਅਕਾਲੀਆਂ ਦਾ ਵੱਕਾਰ ਡਿੱਗਣ ਕਾਰਨ ਇਹਨਾਂ ਨੂੰ ਸਿੱਖਾਂ ਅਤੇ ਪੰਜਾਬੀਆਂ ਦਾ ਕੋਈ ਸਮਰਥਨ ਨਾ ਮਿਲਿਆ ਤੇ ਮੋਰਚਾ ਫੇਲ੍ਹ ਹੁੰਦਾ ਗਿਆ।
ਪਰ ਉਹਨੀਂ ਦਿਨੀਂ ਹੀ ਜਦ 19 ਜੁਲਾਈ 1982 ਨੂੰ ਪੁਲੀਸ ਨੇ ਆਲ ਇੰਡੀਆ ਸਿੱਖ ਸਟੂਡੈਂਟਸ ਫ਼ੈਡਰੇਸ਼ਨ ਦੇ ਪ੍ਰਧਾਨ ਭਾਈ ਸਾਹਿਬ ਭਾਈ ਅਮਰੀਕ ਸਿੰਘ ਜੀ ਅਤੇ ਦਮਦਮੀ ਟਕਸਾਲ ਦੇ ਸੀਨੀਅਰ ਆਗੂ ਬਾਬਾ ਠਾਹਰਾ ਸਿੰਘ ਜੀ ਨੂੰ ਅੰਮ੍ਰਿਤਸਰ ਦੀ ਕਚਹਿਰੀ ‘ਚੋਂ ਬੇਵਜ੍ਹਾ ਗ੍ਰਿਫ਼ਤਾਰ ਕਰ ਲਿਆ ਤਾਂ ਦਮਦਮੀ ਟਕਸਾਲ ਦੇ ਚੌਦ੍ਹਵੇਂ ਮੁਖੀ ਸੰਤ ਗਿਆਨੀ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲਿਆਂ ਨੇ ਤੁਰੰਤ ਮਹਿਤੇ ਤੋਂ ਸ੍ਰੀ ਅੰਮ੍ਰਿਤਸਰ ਆ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸਿੰਘਾਂ ਦੀ ਰਿਹਾਈ ਅਤੇ ਸਿੱਖ ਕੌਮ ਦੇ ਗਲ਼ੋਂ ਗਲਾਮੀ ਲਾਹੁਣ ਦੀ ਅਰਦਾਸ ਕਰਕੇ ਮੰਜੀ ਸਾਹਿਬ ਦੀਵਾਨ ਹਾਲ ਤੋਂ ਮੋਰਚਾ ਸ਼ੁਰੂ ਕਰ ਦਿੱਤਾ ਤੇ ਹਰ ਰੋਜ਼ 51 ਸਿੰਘਾਂ ਦਾ ਜਥਾ ਗ੍ਰਿਫ਼ਤਾਰੀ ਦੇਣ ਲੱਗਾ।
ਉੱਧਰ ਦੂਜੇ ਪਾਸੇ ਅਕਾਲੀਆਂ ਵੱਲੋਂ ਕਪੂਰੀ ਪਿੰਡ ‘ਚ ਲਾਏ ਮੋਰਚੇ ਦੀ ਤਾਂ ਕੋਈ ਚਰਚਾ ਹੀ ਨਹੀਂ ਸੀ, ਅਕਾਲੀ ਆਗੂ ਮੋਰਚਾ ਚੁੱਕਣ ਲਈ ਕਾਹਲੇ ਸਨ ਪਰ ਬਦਨਾਮੀ ਤੋਂ ਡਰ ਰਹੇ ਸਨ। ਇੱਧਰ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਮਹਾਂਪੁਰਸ਼ਾਂ ਵੱਲੋਂ ਲਾਏ ਮੋਰਚੇ ‘ਚ ਪੂਰਾ ਸਿੱਖ ਜਗਤ ਹੀ ਆ ਡਟਿਆ ਤੇ ਮੋਰਚਾ ਬੁਲੰਦੀਆਂ ‘ਤੇ ਪਹੁੰਚ ਗਿਆ। ਅਖੌਤੀ ਅਕਾਲੀ ਆਗੂਆਂ ਨੇ ਕਪੂਰੀ ਮੋਰਚਾ ਛੱਡ ਕੇ ਸੰਤ ਭਿੰਡਰਾਂਵਾਲਿਆਂ ਦੇ ਮੋਰਚੇ ਨੂੰ 4 ਅਗਸਤ 1982 ਨੂੰ ਅਪਣਾ ਲਿਆ ਤੇ ਇਸ ਵਿੱਚ ਸ੍ਰੀ ਅਨੰਦਪੁਰ ਸਾਹਿਬ ਦੇ ਮਤੇ ਦੀਆਂ ਮੰਗਾਂ ਨੂੰ ਵੀ ਸ਼ਾਮਲ ਕੀਤਾ ਗਿਆ ਜਿਸ ਵਿੱਚ ਸ੍ਰੀ ਅੰਮ੍ਰਿਤਸਰ ਨੂੰ ਪਵਿੱਤਰ ਸ਼ਹਿਰ ਦਾ ਦਰਜਾ, ਸਿੱਖ ਇੱਕ ਵੱਖਰੀ ਕੌਮ ਦਾ ਦਰਜਾ ਅਤੇ ਸਤਲੁਜ-ਯਮੁਨਾ ਲਿੰਕ ਨਹਿਰ ਦੀ ਉਸਾਰੀ ਨੂੰ ਰੋਕਣਾ ਆਦਿ ਮੁੱਦੇ ਸਨ। ਉਸ ਦਿਨ ਪ੍ਰਕਾਸ਼ ਸਿੰਘ ਬਾਦਲ ਨੇ ਆਪਣੀ ਅਗਵਾਈ ‘ਚ ਇੱਕ ਵੱਡੇ ਜਥੇ ਨਾਲ਼ ਗ੍ਰਿਫ਼ਤਾਰੀ ਦਿੱਤੀ।
19 ਜੁਲਾਈ 1982 ਤੋਂ 3 ਜੂਨ 1984 ਤਕ ਇਸ ਮੋਰਚੇ ‘ਚ ਤਕਰੀਬਨ ਦੋ ਲੱਖ ਤੀਹ ਹਜ਼ਾਰ ਤੋਂ ਵੱਧ ਸਿੰਘਾਂ-ਸਿੰਘਣੀਆਂ ਨੇ ਗ੍ਰਿਫ਼ਤਾਰੀਆਂ ਦਿੱਤੀਆਂ, 200 ਤੋਂ ਵੱਧ ਸਿੰਘਾਂ ਦੀਆਂ ਸ਼ਹਾਦਤਾਂ ਹੋਈਆਂ ਤੇ ਮੋਰਚੇ ਨੇ ਸਰਕਾਰ ਦੇ ਨੱਕ ‘ਚ ਦਮ ਕਰ ਦਿੱਤਾ। ਪਰ ਹਿੰਦੂ ਹਾਕਮਾਂ ਨੇ ਸਿੱਖਾਂ ਅਤੇ ਪੰਜਾਬੀਆਂ ਨੂੰ ਫਿਰ ਵੀ ਉਹਨਾਂ ਦੇ ਬਣਦੇ ਹੱਕ ਨਾ ਦਿੱਤੇ ਤੇ ਜੂਨ 1984 ਦੇ ਪਹਿਲੇ ਹਫ਼ਤੇ ਸ੍ਰੀ ਦਰਬਾਰ ਸਾਹਿਬ, ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਚਾਲੀ ਤੋਂ ਵੱਧ ਗੁਰਧਾਮਾਂ ਉੱਤੇ ਹਮਲਾ ਕਰ ਕੇ ਘੱਲੂਘਾਰਾ ਵਰਤਾ ਦਿੱਤਾ। ਜਿਸ ਦੌਰਾਨ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲ਼ੇ, ਭਾਈ ਅਮਰੀਕ ਸਿੰਘ, ਜਨਰਲ ਸ਼ਾਬੇਗ ਸਿੰਘ, ਬਾਬਾ ਠਾਹਰਾ ਸਿੰਘ, ਬੀਬੀ ਉਪਕਾਰ ਕੌਰ, ਬੀਬੀ ਪਰਮਜੀਤ ਕੌਰ, ਭਾਈ ਮੇਜਰ ਸਿੰਘ ਨਾਗੋਕੇ ਤੇ ਹੋਰ ਸੂਰਮੇ ਸ਼ਹਾਦਤਾਂ ਪ੍ਰਾਪਤ ਕਰ ਗਏ। ਪਰ ਦੂਜੇ ਪਾਸੇ ਪੰਥ ਨਾਲ਼ ਗ਼ੱਦਾਰੀ ਕਰਦਿਆਂ ਸ਼੍ਰੋਮਣੀ ਅਕਾਲੀ ਦੇ ਪ੍ਰਧਾਨ ਹਰਚੰਦ ਸਿੰਘ ਲੌਂਗੋਵਾਲ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਗੁਰਚਰਨ ਸਿੰਘ ਟੌਹੜਾ, ਫ਼ੈਡਰੇਸ਼ਨ ਆਗੂ ਰਜਿੰਦਰ ਸਿੰਘ ਮਹਿਤਾ, ਅਮਰਜੀਤ ਸਿੰਘ ਚਾਵਲਾ, ਵਿਰਸਾ ਸਿੰਘ ਵਲਟੋਹਾ ਆਦਿਕ ਜੋ ਸੰਗਤਾਂ ਦੀਆਂ ਲਾਸ਼ਾਂ ‘ਤੇ ਪੈਰ ਰੱਖ ਕੇ ਅਤੇ ਬਾਂਹਵਾਂ ਖੜ੍ਹੀਆਂ ਕਰਕੇ ਭਾਰਤੀ ਫ਼ੌਜ ਦੀਆਂ ਗੱਡੀਆਂ ਵਿੱਚ ਬਹਿ ਗਏ।
ਘੱਲੂਘਾਰੇ ਤੋਂ ਮਗਰੋਂ ਸਿੱਖ ਕੌਮ ਦੀ ਹਿੱਕ ‘ਚ ਖੰਜਰ ਖੋਭਦਿਆਂ ਅਖੌਤੀ ਅਕਾਲੀ ਆਗੂ ਹਰਚੰਦ ਸਿੰਘ ਲੌਂਗੋਵਾਲ ਅਤੇ ਸੁਰਜੀਤ ਸਿੰਘ ਬਰਨਾਲਾ ਨੇ ਭਾਰਤ ਦੇ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨਾਲ਼ 24 ਜੁਲਾਈ 1985 ਨੂੰ ਸਮਝੌਤਾ ਕਰ ਲਿਆ ਜਿਸ ਨੂੰ ‘ਰਾਜੀਵ-ਲੌਂਗੋਵਾਲ ਸਮਝੌਤਾ’ ਕਿਹਾ ਗਿਆ। ਇਸ ਨਾਲ਼ ਸਤਲੁਜ-ਯਮੁਨਾ ਲਿੰਕ ਨਹਿਰ ਰਾਹੀਂ ਪੰਜਾਬ ਦੇ ਪਾਣੀ ਲੁੱਟੇ ਜਾਣ ਦਾ ਹੋਰ ਵੀ ਪੱਕਾ ਇੰਤਜ਼ਾਮ ਖੁਦ ਅਕਾਲੀ ਆਗੂਆਂ ਨੇ ਆਪਣੇ ਹੱਥੀਂ ਕਰ ਦਿੱਤਾ। ਜਿਸ ਨੂੰ ਨਾ ਬਰਦਾਸ਼ਤ ਕਰਦਿਆਂ 25 ਦਿਨਾਂ ਬਾਅਦ ਹੀ ਸਿੱਖ ਕੌਮ ਦੇ ਯੋਧੇ ਭਾਈ ਹਲਮਿੰਦਰ ਸਿੰਘ ਲੀਲ੍ਹ ਅਤੇ ਭਾਈ ਗਿਆਨ ਸਿੰਘ ਲੀਲ੍ਹ ਨੇ 20 ਅਗਸਤ 1985 ਨੂੰ ਜ਼ਿਲ੍ਹਾ ਸੰਗਰੂਰ ਦੇ ਪਿੰਡ ਸ਼ੇਰਪੁਰ ਵਿੱਚ ਹਰਚੰਦ ਸਿੰਘ ਲੌਂਗੋਵਾਲ ਨੂੰ ਗੋਲ਼ੀਆਂ ਮਾਰ ਕੇ ਉਸ ਨੂੰ ਇੰਦਰਾ ਗਾਂਧੀ ਕੋਲ਼ ਨਰਕਾਂ ‘ਚ ਭੇਜ ਦਿੱਤਾ। ਜਿਸ ਨੂੰ ਕਵੀਸ਼ਰ ਸਿੰਘਾਂ ਨੇ ਇਸ ਤਰ੍ਹਾਂ ਗਾਇਆ:-
“(ਪਿੰਡ) ਗਿੱਦੜਆਣੀ ਦਾ ਗਿੱਦੜ ਮਾਰਿਆ, ਸ਼ੇਰਪੁਰ ਵਿੱਚ ਸ਼ੇਰਾਂ ਨੇ।” ਫਿਰ ਜਦੋਂ ਅਖੌਤੀ ਅਕਾਲੀ ਆਗੂ ਸੁਰਜੀਤ ਸਿੰਘ ਬਰਨਾਲਾ ਮੁੱਖ ਮੰਤਰੀ ਬਣਿਆ ਤਾਂ ਉਸ ਨੇ ‘ਰਾਜੀਵ-ਲੌਂਗੋਵਾਲ ਸਮਝੌਤੇ’ ਤਹਿਤ ਸਤਲੁਜ-ਯਮੁਨਾ ਲਿੰਕ ਨਹਿਰ ਬਣਾਉਣ ਦਾ ਅੱਧਿਓ ਵੱਧ ਕੰਮ ਪੂਰੇ ਜ਼ੋਰ-ਸ਼ੋਰ ਨਾਲ਼ ਕਰਵਾਇਆ। ਲੋਕ ਇਹਨਾਂ ਨੂੰ ਲਾਹਣਤਾਂ ਪਾਉਂਦੇ ਸਨ ਕਿ ਪਹਿਲਾਂ ਆਪ ਹੀ ਇਸ ਨਹਿਰ ਨੂੰ ਰੋਕਣ ਲਈ ਕਪੂਰੀ ਮੋਰਚਾ ਲਾਇਆ ਤੇ ਹੁਣ ਆਪ ਹੀ ਬਣਾ ਰਹੇ ਨੇ। ਸੋਚ ਕੇ ਵੇਖੋ ਕਿ ਨਹਿਰ ਦੀ ਉਸਾਰੀ ਰੁਕਵਾਉਣ ਲਈ ਅਖੌਤੀ ਅਕਾਲੀ ਆਗੂਆਂ ਦਾ ਸਾਥ ਦੇ ਕੇ ਜਿਨ੍ਹਾਂ ਨੇ ਸਰਕਾਰ ਦੇ ਤਸੀਹੇ ਝੱਲੇ, ਆਪਣੇ ਘਰ-ਪਰਿਵਾਰ ਬਰਬਾਦ ਕਰਵਾਏ, ਲੰਬੀਆਂ ਜੇਲ੍ਹਾਂ ਕੱਟੀਆਂ ਉਹਨਾਂ ਉੱਤੇ ਕੀ ਬੀਤਦੀ ਹੋਵੇਗੀ। ਇਹ ਅਕਾਲੀ ਤਾਂ ਹਿੰਦ ਸਰਕਾਰ ਦੇ ਬੀਬੇ ਪੁੱਤ ਬਣ ਗਏ ਸਨ ਤੇ ਉਹਨਾਂ ਦੇ ਇਸ਼ਾਰਿਆਂ ‘ਤੇ ਨੱਚ ਰਹੇ ਸਨ, ਇਹਨਾਂ ਨੇ ‘ਅਕਾਲੀ’ ਸ਼ਬਦ ਨੂੰ ਵੀ ਕਲੰਕਿਤ ਕਰ ਦਿੱਤਾ।
ਜਿਵੇਂ ਸੰਨ 2015 ‘ਚ ਅਕਾਲੀ ਦਲ ਬਾਦਲ ਦੇ ਰਾਜ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਹੋਈਆਂ ਤੇ ਇਨਸਾਫ਼ ਮੰਗਦੇ ਸਿੱਖਾਂ ਨੂੰ ਗੋਲੀਆਂ ਮਾਰ ਕੇ ਸ਼ਹੀਦ ਕੀਤਾ ਗਿਆ ਸੀ। ਇਹ ਅਕਾਲੀ ਉਹ ਨਹੀਂ ਜੋ ‘ਪੰਥ ਵਸੈ ਮੈਂ ਉਜੜਾ’ ਸਿਧਾਂਤ ਦੇ ਧਾਰਨੀ ਸਨ ਬਲਕਿ ਇਹ ਤਾਂ ਕਹਿੰਦੇ ਹਨ ਕਿ ‘ਸਾਨੂੰ ਕੁਰਸੀ ਮਿਲ਼ਣੀ ਚਾਹੀਦੀ ਏ, ਪੰਥ ਭਾਵੇਂ ਢੱਠੇ ਖੂਹ ‘ਚ ਪਵੇ।’ ਪ੍ਰਕਾਸ਼ ਸਿੰਘ ਬਾਦਲ ਨੇ ਸਿੱਖਾਂ ਦੇ ਕਾਤਲ ਬੁੱਚੜ ਸੁਮੇਧ ਸੈਣੀ ਨੂੰ ਪੰਜਾਬ ਪੁਲੀਸ ਦਾ ਡੀ.ਜੀ.ਪੀ. ਲਾਇਆ ਤੇ ਦੁਸ਼ਟ ਇਜ਼ਹਾਰ ਆਲਮ ਨੂੰ ਅਕਾਲੀ ਦਲ ਦਾ ਸੀਨੀਅਰ ਮੀਤ ਪ੍ਰਧਾਨ ਬਣਾਇਆ, ਬਲਾਤਕਾਰੀ ਸਿਰਸੇ ਵਾਲ਼ੇ ਪਖੰਡੀ ਨੂੰ ਤਖ਼ਤਾਂ ਦੇ ਜਥੇਦਾਰਾਂ ਤੋਂ ਬਿਨ-ਮੰਗੀ ਮਾਫ਼ੀ ਦਿਵਾਈ, ਹੁਕਮਨਾਮਿਆਂ ਦੀ ਪ੍ਰੰਪਰਾ ਦਾ ਘਾਣ ਕੀਤਾ ਤੇ ਰੱਜ ਕੇ ਸਿੱਖ ਸਿਧਾਂਤਾਂ ਨੂੰ ਮਲੀਆਮੇਟ ਕੀਤਾ। ਇਹ ਅਜੋਕੇ ਅਕਾਲੀ ਆਗੂਆਂ ਦਾ ਕਿਰਦਾਰ ਹੈ, ਇਹ ਫ਼ਖ਼ਰ-ਏ-ਕੌਮ ਨਹੀਂ ਬਲਕਿ ਗ਼ੱਦਾਰ-ਏ-ਕੌਮ ਹਨ। ਇਹਨਾਂ ਵਿੱਚ ਜ਼ਕਰੀਆਂ ਖਾਂ ਅਤੇ ਨਰੈਣੂ ਮਹੰਤ ਦੀ ਰੂਹ ਪ੍ਰਵੇਸ਼ ਕਰ ਚੁੱਕੀ ਹੈ। ਇਹਨਾਂ ਤੋਂ ਪੰਥ ਦੇ ਭਲੇ ਦੀ ਆਸ ਨਹੀਂ ਕੀਤੀ ਜਾ ਸਕਦੀ।
ਐੱਸ.ਵਾਈ.ਐੱਲ. ਨਹਿਰ ਵਾਲੇ ਮਾਮਲੇ ਕਾਰਨ ਤਾਂ ਪੰਜਾਬ ਵਿੱਚ ਕਈ ਵਾਰ ਉੱਥਲ-ਪੁਥਲ ਹੋਈ। ਜਿਵੇਂ 18 ਮਈ 1988 ਨੂੰ ਖ਼ਾਲਿਸਤਾਨ ਕਮਾਂਡੋ ਫੋਰਸ ਦੇ ਜੁਝਾਰੂਆਂ ਨੇ ਸਤਲੁਜ-ਯਮੁਨਾ ਲਿੰਕ ਨਹਿਰ ਦੀ ਉਸਾਰੀ ਰੋਕਣ ਲਈ ਰੋਪੜ ਜ਼ਿਲ੍ਹੇ ਵਿੱਚ ਖਰੜ ਨੇੜੇ ਇਸ ਨਹਿਰ ‘ਚ ਕੰਮ ਕਰਦੇ 35 ਭਈਏ ਗੋਲ਼ੀਆਂ ਦੀ ਵਾਛੜ ਨਾਲ਼ ਭੁੰਨ ਸੁੱਟੇ ਤੇ ਚਿਤਾਵਨੀ ਦਿੱਤੀ ਕਿ ‘ਜੇ ਇਹ ਨਹਿਰ ਬਣਾਉਣੀ ਬੰਦ ਨਾ ਕੀਤੀ ਤਾਂ ਬਾਕੀਆਂ ਦਾ ਹਸ਼ਰ ਵੀ ਏਹੀ ਹੋਵੇਗਾ।’ ਪਰ ਸਰਕਾਰ ਆਪਣੇ ਫ਼ੈਸਲੇ ‘ਤੇ ਬਜ਼ਿੱਦ ਸੀ ਤੇ ਪੰਜਾਬ ਨੂੰ ਬੰਜਰ ਬਣਾਉਣ ਦੀ ਪੂਰੀ ਤਾਕ ਵਿੱਚ ਸੀ।
ਅਕਾਲੀ ਆਗੂ ਤਾਂ ਪੰਥ ਅਤੇ ਪੰਜਾਬ ਨਾਲ ਗ਼ੱਦਾਰੀਆਂ ਕਰ ਗਏ ਪਰ ਖਾਲਿਸਤਾਨੀ ਜੁਝਾਰੂ ਸਿੰਘ ਤਾਂ ਪੰਥ ਤੇ ਪੰਜਾਬ ਲਈ ਆਪਣਾ ਖੂਨ ਵਹਾਅ ਰਹੇ ਸਨ ਤੇ ਉਹ ਹਰ ਹੀਲੇ ਐੱਸ.ਵਾਈ.ਐੱਲ. ਨਹਿਰ ਨੂੰ ਰੋਕਣਾ ਚਾਹੁੰਦੇ ਸਨ।
ਬੱਬਰ ਖਾਲਸਾ ਇੰਟਰਨੈਸ਼ਨਲ ਦੇ ਮੁਖੀ ਜਰਨੈਲ ਭਾਈ ਸੁਖਦੇਵ ਸਿੰਘ ਜੀ ਬੱਬਰ (ਦਾਸੂਵਾਲ) ਦੀ ਅਗਵਾਈ ‘ਚ ਜੁਝਾਰੂ ਸਿੰਘਾਂ ਦੀ ਮੀਟਿੰਗ ਹੋਈ ਜਿਸ ਦੌਰਾਨ ਫ਼ੈਸਲਾ ਲਿਆ
ਗਿਆ ਕਿ ਹੁਣ ਐੱਸ. ਵਾਈ. ਐੱਲ. ਨਹਿਰ ਨੂੰ ਰੋਕਣ ਲਈ ਧੜੱਲੇਦਾਰ ਐਕਸ਼ਨ ਕੀਤਾ ਜਾਵੇਗਾ। ਕਾਰਵਾਈ ਕਰਨ ਤੋਂ ਪਹਿਲਾਂ ਬੱਬਰ ਖਾਲਸਾ ਦੇ ਸਿੰਘਾਂ ਨੇ ਬੜੀ ਸੰਜੀਦਗੀ ਨਾਲ ਸਤਲੁਜ-ਯਮੁਨਾ ਲਿੰਕ ਨਹਿਰ ਦੇ ਚੀਫ਼ ਇੰਜੀਨੀਅਰ ਐੱਮ.ਐੱਲ. ਸੀਕਰੀ ਨੂੰ ਟੈਲੀਫ਼ੋਨ ਕਰ ਕੇ ਸਮਝਾਇਆ ਕਿ ਉਹ ਉਹ ਪੰਜਾਬ ਦੇ ਹਿੱਤ ਵਿੱਚ ਭੁਗਤੇ ਤੇ ਆਪਣੀ ਜ਼ਿੰਮੇਵਾਰੀ ਸਮਝ ਕੇ ਇਸ ਨਹਿਰ ਦੇ ਕੰਮ ਨੂੰ ਕਿਸੇ ਤਰ੍ਹਾਂ ਤੁਰੰਤ ਰਕਵਾਵੇ। ਪਰ ਸੀਕਰੀ ਨੇ ਜੁਝਾਰੂਆਂ ਦੀ ਗੱਲ ਨੂੰ ਅੱਖੋਂ ਪਰੋਖੇ ਕਰ ਕੇ ਸਰਕਾਰ ਤੋਂ ਸੁਰੱਖਿਆ ਹਾਸਲ ਕਰ ਲਈ ਤੇ ਨਹਿਰ ਦਾ ਕੰਮ ਜਾਰੀ ਰੱਖਿਆ।
ਫਿਰ ਜਥੇਦਾਰ ਭਾਈ ਸੁਖਦੇਵ ਸਿੰਘ ਬੱਬਰ ਵੱਲੋਂ ਸੌਂਪੀ ਜ਼ਿੰਮੇਵਾਰੀ ਨੂੰ ਪੂਰਾ ਕਰਨ ਲਈ ਜੁਝਾਰੂ ਭਾਈ ਬਲਵਿੰਦਰ ਸਿੰਘ ਜਟਾਣਾ, ਭਾਈ ਹਰਮੀਤ ਸਿੰਘ ਭਾਊਵਾਲ, ਭਾਈ ਬਲਵੀਰ ਸਿੰਘ ਫ਼ੌਜੀ ਮਕਰੋੜ ਅਤੇ ਭਾਈ ਜਗਤਾਰ ਸਿੰਘ ਪੰਜੋਲਾ ਜੋ 23 ਜੁਲਾਈ 1990 ਨੂੰ ਸਵੇਰੇ ਸਾਢੇ ਕੁ ਦਸ ਵਜੇ ਚੰਡੀਗੜ੍ਹ ਦੇ ਸੈਕਟਰ 26 ਵਿੱਚ ਸਤਲੁਜ-ਯਮੁਨਾ ਲਿੰਕ ਨਹਿਰ ਦੇ ਦਫ਼ਤਰ ਵਿੱਚ ਸਕੂਟਰਾਂ ‘ਤੇ ਸਵਾਰ ਹੋ ਕੇ ਪੁੱਜੇ ਅਤੇ ਉਸ ਸਮੇਂ ਅਫ਼ਸਰਾਂ ਦੀ ਜ਼ਰੂਰੀ ਮੀਟਿੰਗ ਚਲ ਰਹੀ ਸੀ। ਜਦ ਚਾਰੇ ਜੁਝਾਰੂ ਸਿੰਘ ਦਫ਼ਤਰ ਦੀ ਦੂਜੀ ਮੰਜ਼ਲ ਦੀਆਂ ਪੌੜੀਆਂ ਚੜ੍ਹ ਕੇ ਮੀਟਿੰਗ ਵਾਲੇ ਕਮਰੇ ‘ਚ ਵੜਨ ਲੱਗੇ ਤਾਂ ਅੱਗੇ ਕਰਮਚਾਰੀ ਭੋਲਾ ਪ੍ਰਸ਼ਾਦ ਖੜ੍ਹਾ ਸੀ ਉਸ ਨੇ ਸਿੰਘਾਂ ਨੂੰ ਰੋਕਣਾ ਚਾਹਿਆ ਪਰ ਜਦੋਂ ਸੂਰਮਿਆਂ ਨੇ ਪਿਸਤੌਲ ਵਿਖਾਏ ਤਾਂ ਉਹ ਏਨਾ ਡਰ-ਘਬਰਾ ਗਿਆ ਕਿ ਉਸ ਨੇ ਦੂਜੀ ਮੰਜ਼ਲ ਤੋਂ ਥੱਲੇ ਛਾਲ ਮਾਰ ਦਿੱਤੀ ਜਿਸ ਨਾਲ਼ ਉਸ ਦੀਆਂ ਲੱਤਾਂ ਟੁੱਟ ਗਈਆਂ। ਭਾਈ ਬਲਵਿੰਦਰ ਸਿੰਘ ਜਟਾਣਾ ਤੇ ਸਾਥੀਆਂ ਨੇ ਮੀਟਿੰਗ ਵਾਲੇ ਕਮਰੇ ਦੇ ਬੂਹੇ ਨੂੰ ਲੱਤ ਮਾਰੀ ਤੇ ਅੰਦਰ ਵੜਦਿਆਂ ਸਾਰ ਸਤਲੁਜ-ਯਮੁਨਾ ਲਿੰਕ ਨਹਿਰ ਦੇ ਚੀਫ਼ ਇੰਜੀਨੀਅਰ ਐੱਮ.ਐੱਲ. ਸੀਕਰੀ ਅਤੇ ਨਿਗਰਾਨ ਇੰਜੀਨੀਅਰ ਅਵਤਾਰ ਸਿੰਘ ਔਲਖ ਉੱਤੇ ਗੋਲ਼ੀਆਂ ਚਲਾ ਦਿੱਤੀਆਂ। ਸੀਕਰੀ ਤਾਂ ਮੌਕੇ ‘ਤੇ ਹੀ ਗੱਡੀ ਚੜ੍ਹ ਗਿਆ ਤੇ ਔਲਖ ਨੇ ਵੀ ਕਿੱਥੋਂ ਜਿਉਂਦਾ ਬਚਣਾ ਸੀ ਉਹ ਪੀ.ਜੀ.ਆਈ. ਹਸਪਤਾਲ ‘ਚ ਜਾ ਕੇ ਮਰ ਗਿਆ। ਸਿੰਘਾਂ ਵੱਲੋਂ ਕੀਤੇ ਇਸ ਹਮਲੇ ‘ਚ ਦੋ ਹੋਰ ਅਧਿਕਾਰੀ ਵੀ ਸਖਤ ਜਖਮੀ ਹੋ ਗਏ ਤੇ ਇਸ ਦਫ਼ਤਰ ‘ਚ ਕੰਮ ਕਰਦੇ 100 ਦੇ ਕਰੀਬ ਕਰਮਚਾਰੀ ਡਰ ਨਾਲ਼ ਕੰਧਾਂ ‘ਚ ਵੱਜਣ ਲੱਗੇ।
ਖਾਲਿਸਤਾਨੀ ਜੁਝਾਰੂਆਂ ਦੇ ਇਸ ਐਕਸ਼ਨ ਨਾਲ਼ ਦਿੱਲੀ ਦਰਬਾਰ ਦੀਆਂ ਚੂਲਾਂ ਹਿੱਲ ਗਈਆਂ। ਮੰਤਰੀ, ਅਫ਼ਸਰ ਤੇ ਹੋਰ ਸਰਕਾਰੀ ਅਧਿਕਾਰੀਆਂ ਨੂੰ ਹੁਣ ਲਿੰਕ ਨਹਿਰ ਦੀ ਉਸਾਰੀ ‘ਚੋਂ ਆਪਣੀ ਮੌਤ ਦਿਸਣ ਲੱਗੀ ਤੇ ਨਹਿਰ ਦਾ ਕੰਮ ਤੁਰੰਤ ਬੰਦ ਹੋ ਗਿਆ ਤੇ ਹਿੰਦ ਹਕੂਮਤ ਦੀ ਵੱਡੀ ਹਾਰ ਹੋਈ। ਇਹ ਨਹਿਰ ਅੱਜ-ਤਕ ਬੰਦ ਹੈ ਤੇ ਮੁੜ ਉਸਾਰੀ ਕਰਵਾਉਣ ਦੀ ਅਜੇ ਤਕ ਕਿਸੇ ਦੀ ਹਿੰਮਤ ਨਾ ਪਈ। ਯੋਧਿਆਂ ਨੇ ਅਜਿਹਾ ਬੰਨ੍ਹ ਮਾਰਿਆ ਜੋ ਹੁਣ-ਤਕ ਸਰਕਾਰਾਂ ਅਤੇ ਅਦਾਲਤਾਂ ਦੀਆਂ ਤਮਾਮ ਕੋਸ਼ਿਸ਼ਾਂ ਦੇ ਬਾਵਜੂਦ ਵੀ ਨਹੀਂ ਟੁੱਟਿਆ। ਜੇ ਕਿਸੇ ਨੇ ਅਗਾਂਹ ਕੋਸ਼ਿਸ਼ ਵੀ ਕੀਤੀ ਤਾਂ ਸੂਰਮੇ ਦੁਬਾਰਾ ਫਿਰ ਨਿੱਤਰਨਗੇ। ਇਸੇ ਲਈ ਤਾਂ ਪ੍ਰਸਿੱਧ ਗਾਇਕ ਸ਼ੁੱਭਦੀਪ ਸਿੰਘ ਸਿੱਧੂ ਮੂਸੇਵਾਲ਼ਾ ਨੇ ਗਾਇਆ ਸੀ ਕਿ ‘ਜੇ ਨਾ ਟਲੇ ਫਿਰ ਮੁੜ ਬਲਵਿੰਦਰ ਜਟਾਣਾ ਆਊ।’
ਰਣਜੀਤ ਸਿੰਘ ਦਮਦਮੀ ਟਕਸਾਲ
(ਪ੍ਰਧਾਨ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ)
ਮੋ: 8872293883.
Leave a Reply