ਕਾਰ ਨੇ ਮਾਰੀ ਮੋਟਰਸਾਈਕਲ ਨੂੰ ਜ਼ੋਰਦਾਰ ਟੱਕਰ, ਹਾਦਸੇ ਵਿੱਚ ਦੋਨੋ ਨੌਂਜਵਾਨਾਂ ਦੀ ਮੌਤ
ਕੋਟਕਪੂਰਾ, 28 ਮਈ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਫਰੀਦਕੋਟ ਦੇ ਪਿੰਡ ਮਹਿਮੂਆਣਾ ਕੋਲ ਅੱਜ ਸਵੇਰੇ ਦਰਦਨਾਕ ਹਾਦਸੇ ਦੌਰਾਨ ਦੋ ਨੌਜਵਾਨ ਮੋਟਰਸਾਈਕਲ ਸਵਾਰਾਂ ਦੀ ਜਾਨ ਚਲੀ ਗਈ। ਮਿਲੀ ਜਾਣਕਾਰੀ ਅਨੁਸਾਰ ਸੁਬਹ ਕਰੀਬ 4:00 ਵਜੇ ਇੱਕ ਆਈ 20 ਕਾਰ ਵੱਲੋਂ ਇੱਕ ਮੋਟਰਸਾਈਕਲ ਨੂੰ ਜੋ ਜ਼ੋਰਦਾਰ ਟੱਕਰ ਮਾਰੀ, ਜਿਸ ’ਤੇ ਦੋ ਨੌਜਵਾਨ ਸਵਾਰ ਸਨ। ਹਾਦਸਾ ਐਨਾ ਜ਼ਬਰਦਸਤ ਸੀ ਕਿ ਟੱਕਰ ਤੋਂ ਬਾਅਦ ਦੋਨਾਂ ਨੌਜਵਾਨਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਦੋਨੋਂ ਨੌਜਵਾਨਾਂ ਦੀ ਪਛਾਣ ਗੁਰਪ੍ਰੀਤ ਸਿੰਘ ਅਤੇ ਜਸ਼ਨਪ੍ਰੀਤ ਸਿੰਘ ਜੋ ਕੇ ਮਹਿਜ਼ 19 ਸਾਲ ਦੀ ਉਮਰ ਦੇ ਸਨ, ਵਜੋਂ ਹੋਈ ਜੋ ਪਿੰਡ ਮਹਿਮੂਆਣਾ ਦੇ ਹੀ ਰਹਿਣ ਵਾਲੇ ਸਨ। ਦੋਨੋ ਨੌਂਜਵਾਨ ਪੱਲੇਦਾਰੀ ਦਾ ਕੰਮ ਕਰਦੇ ਸਨ, ਜੋ ਸਵੇਰੇ ਆਪਣੇ ਕੰਮ ਲਈ ਫਰੀਦਕੋਟ ਆ ਰਹੇ ਸਨ ਤਾਂ ਸਾਹਮਣੇ ਆ ਰਹੀ ਇੱਕ ਆਈ 20 ਕਾਰ ਵੱਲੋਂ ਉਹਨਾਂ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ। ਫਿਲਹਾਲ ਪੁਲਿਸ ਵੱਲੋਂ ਦੋਨੋ ਮ੍ਰਿਤਕਾ ਦੀਆਂ ਲਾਸ਼ਾਂ ਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਫਰੀਦਕੋਟ ਦੀ ਮੋਰਚਰੀ ਵਿੱਚ ਰਖਵਾਇਆ ਗਿਆ ਹੈ, ਜਿੱਥੇ ਉਨ੍ਹਾਂ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ। ਪੁਲਿਸ ਵੱਲੋਂ ਕਾਰ ਨੂੰ ਕਬਜ਼ੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਦਰਮਿਆਨ ਕਾਰ ਚਾਲਕ ਫਰਾਰ ਦੱਸਿਆ ਜਾ ਰਿਹਾ ਹੈ। ਮ੍ਰਿਤਕਾ ਦੇ ਭਰਾ ਅਤੇ ਚਾਚੇ ਨੇ ਦੱਸਿਆ ਕਿ ਜਸ਼ਨਪ੍ਰੀਤ ਅਤੇ ਗੁਰਪ੍ਰੀਤ ਜੋ ਦੋਨੋ ਆਂਢ-ਗੁਆਂਢ ਵਿੱਚ ਰਹਿੰਦੇ ਸਨ ਅਤੇ ਪੱਲੇਦਾਰੀ ਦਾ ਕੰਮ ਕਰਦੇ ਸਨ। ਅੱਜ ਸਪੈਸ਼ਲ ਲੱਗੀ ਹੋਣ ਕਾਰਨ ਦੋਨੋ ਸਵੇਰੇ ਜਲਦੀ ਘਰੋਂ ਕੰਮ ਤੇ ਜਾਣ ਲਈ ਮੋਟਰਸਾਈਕਲ ’ਤੇ ਸਵਾਰ ਹੋ ਕੇ ਜ਼ਾ ਰਹੇ ਸਨ, ਹਲੇ ਪਿੰਡ ਦੀ ਮੇਨ ਸੜਕ ’ਤੇ ਚੜੇ ਹੀ ਸਨ ਕਿ ਸਾਹਮਣੇ ਤੋਂ ਆ ਰਹੀ ਕਾਰ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਦੋਨਾਂ ਦੀ ਮੋਕੇ ’ਤੇ ਹੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਕਾਰ ਸਵਾਰ ਨੀਂਦ ਵਿੱਚ ਸੀ, ਜਿਸ ਕਾਰਨ ਉਸਨੇ ਟੱਕਰ ਮਾਰ ਦਿੱਤੀ। ਉਨ੍ਹਾਂ ਕਿਹਾ ਕਿ ਕਾਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਉਨ੍ਹਾਂ ਮੰਗ ਕੀਤੀ ਕਿ ਕਾਰ ਚਾਲਕ ਖ਼ਿਲਾਫ਼ ਸਖਤ ਕਾਰਵਾਈ ਕੀਤੀ ਜਾਵੇ ਅਤੇ ਜੇਕਰ ਕਾਰਵਾਈ ਨਾ ਕੀਤੀ ਤਾਂ ਉਹ ਧਰਨਾ ਲਾਉਣਗੇ।

