ਕੋਟਕਪੂਰਾ, 28 ਮਈ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਪੰਜਵੇਂ ਪਾਤਸ਼ਾਹ ਗੁਰੂ ਅਰਜਨ ਪਾਤਸ਼ਾਹ ਜੀ ਦੇ ਪਾਵਨ ਸ਼ਹੀਦੀ ਦਿਹਾੜੇ ਨੂੰ ਸਥਾਨਕ ਸਮਰਪਿਤ ਡੀ.ਸੀ.ਐੱਮ ਇੰਟਰਨੈਸ਼ਨਲ ਸਕੂਲ ਵਿਖੇ ਵਿਸ਼ੇਸ਼ ਤੌਰ ’ਤੇ ਠੰਡੇ-ਮਿੱਠੇ ਜਲ ਦੀ ਛਬੀਲ ਲਾਈ ਗਈ। ਇਸ ਮੌਕੇ ਸਕੂਲ ਪ੍ਰਬੰਧਕਾਂ, ਅਧਿਆਪਕਾਂ ਅਤੇ ਵਿਦਿਆਰਥੀਆਂ ਵੱਲੋਂ ਸੇਵਾ ਅਤੇ ਮਨੁੱਖਤਾ ਦਾ ਸੁਨੇਹਾ ਦਿੰਦਿਆਂ, ਨਰਸਰੀ ਜਮਾਤ ਤੋ ਬਾਰਵੀਂ ਜਮਾਤ ਤੱਕ ਦੇ ਸਾਰੇ ਵਿਦਿਆਰਥੀਆਂ ਨੂੰ ਠੰਡਾ -ਮਿੱਠਾ ਜਲ ਛਕਾਇਆ ਗਿਆ ਅਤੇ ਰਾਹਗੀਰਾਂਅਤੇ ਆਮ ਲੋਕਾਂ ਨੂੰ ਠੰਡਾ ਮਿੱਠਾ ਜਲ ਛਕਾਇਆ ਗਿਆ। ਸਕੂਲ ਕੈਂਪਸ ਵਿੱਚ ਸਵੇਰ ਤੋਂ ਹੀ ਸੇਵਾ ਦਾ ਅਤਿ ਭਾਵੁਕ ਅਤੇ ਧਾਰਮਿਕ ਮਾਹੌਲ ਵੇਖਣ ਨੂੰ ਮਿਲਿਆ। ਵਿਦਿਆਰਥੀਆਂ ਨੇ ਪੂਰੇ ਉਤਸ਼ਾਹ ਅਤੇ ਸ਼ਰਧਾ ਨਾਲ ਸੇਵਾ ਨਿਭਾਉਂਦਿਆਂ ਲੋਕਾਂ ਨੂੰ ਜਲ ਪਿਲਾਇਆ ਅਤੇ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਤੋਂ ਪ੍ਰੇਰਣਾ ਲੈਣ ਦਾ ਸੰਦੇਸ਼ ਦਿੱਤਾ। ਇਸ ਦੌਰਾਨ ਸਕੂਲ ਦੇ ਅਧਿਆਪਕਾਂ ਨੇ ਵਿਦਿਆਰਥੀਆਂ ਨੂੰ ਗੁਰੂ ਅਰਜਨ ਪਾਤਸ਼ਾਹ ਜੀ ਦੀ ਸ਼ਹਾਦਤ, ਸਹਿਣਸ਼ੀਲਤਾ, ਸ਼ਾਂਤੀ ਅਤੇ ਮਨੁੱਖਤਾ ਪ੍ਰਤੀ ਦਿੱਤੇ ਮਹਾਨ ਯੋਗਦਾਨ ਬਾਰੇ ਜਾਣੂ ਕਰਵਾਇਆ। ਸਕੂਲ ਪ੍ਰਿੰਸੀਪਲ ਸ਼੍ਰੀਮਤੀ ਮੀਨਾਕਸੀ ਸ਼ਰਮਾ ਨੇ ਕਿਹਾ ਕਿ ਗੁਰੂ ਸਾਹਿਬ ਦੀ ਸ਼ਹਾਦਤ ਸਾਨੂੰ ਸੱਚ, ਸੇਵਾ ਅਤੇ ਸਰਬੱਤ ਦੇ ਭਲੇ ਦਾ ਮਾਰਗ ਦਿਖਾਉਂਦੀ ਹੈ। ਉਨ੍ਹਾਂ ਕਿਹਾ ਕਿ ਅਜਿਹੇ ਧਾਰਮਿਕ ਅਤੇ ਸਮਾਜਿਕ ਉਪਰਾਲੇ ਵਿਦਿਆਰਥੀਆਂ ਵਿੱਚ ਸੇਵਾ ਭਾਵਨਾ, ਦਇਆ ਅਤੇ ਮਨੁੱਖਤਾ ਦੇ ਗੁਣ ਪੈਦਾ ਕਰਦੇ ਹਨ। ਉਨ੍ਹਾਂ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਜੀਵਨ ਵਿੱਚ ਗੁਰੂਆਂ ਦੀਆਂ ਸਿੱਖਿਆਵਾਂ ਨੂੰ ਅਪਣਾਉਣ ਅਤੇ ਸਮਾਜ ਦੀ ਭਲਾਈ ਲਈ ਹਮੇਸ਼ਾਂ ਅੱਗੇ ਆਉਣ। ਇਸ ਦੌਰਾਨ ਪੂਰਾ ਮਾਹੌਲ ਗੁਰੂ ਜਸ ਅਤੇ ਸੇਵਾ ਭਾਵਨਾ ਨਾਲ ਰੰਗਿਆ ਹੋਇਆ ਨਜ਼ਰ ਆਇਆ। ਵਿਦਿਆਰਥੀਆਂ ਨੇ ਵੀ ਇਹ ਪ੍ਰਣ ਕੀਤਾ ਕਿ ਉਹ ਹਮੇਸ਼ਾਂ ਮਨੁੱਖਤਾ ਦੀ ਸੇਵਾ ਲਈ ਤਤਪਰ ਰਹਿਣਗੇ ਅਤੇ ਗੁਰੂ ਸਾਹਿਬ ਦੇ ਦਰਸਾਏ ਮਾਰਗ ’ਤੇ ਚੱਲਣਗੇ। ਇਸ ਉਪਰਾਲੇ ਦੀ ਇਲਾਕਾ ਵਾਸੀਆਂ ਵੱਲੋਂ ਭਰਪੂਰ ਸਰਾਹਨਾ ਕੀਤੀ ਗਈ।

