ਗੁਰੂ ਸਾਹਿਬਾਨ ਦੇ ਹਲੇਮੀ ਰਾਜ ਵੱਲ ਵੱਧਦੇ ਕਦਮ
ਸਿੱਖੀ ਵਿੱਚ ਰਾਜ ਦੀ ਗੱਲ ਤਾਂ ਗੁਰੂ ਨਾਨਕ ਪਾਤਸ਼ਾਹ ਜੀ ਤੋਂ ਹੀ ਸ਼ੁਰੂ ਹੋ ਗਈ ਸੀ। ਭਾਈ ਗੁਰਦਾਸ ਜੀ ਲਿਖਦੇ ਨੇ ‘ਮਾਰਿਆ ਸਿਕਾ ਜਗਤਿ ਵਿਚਿ ਨਾਨਕ ਨਿਰਮਲ ਪੰਥ ਚਲਾਇਆ।’ ਸਿੱਕਾ ਮਾਰਨ ਦਾ ਅਰਥ ਵੱਖਰੇ ਧਰਮ ਦੀ ਸਥਾਪਨਾ ਅਤੇ ਹਲੇਮੀ ਰਾਜ ਦਾ ਸਿਧਾਂਤ ਹੀ ਸੀ। ਇਸ ਰਾਜ ਦੇ ਸੰਕਲਪ ਨੂੰ ਕਲਗੀਧਰ ਪਾਤਸ਼ਾਹ ਜੀ ਦੇ ਥਾਪੜੇ ਸਦਕਾ ਬਾਬਾ ਬੰਦਾ ਸਿੰਘ ਜੀ ਬਹਾਦਰ ਨੇ ਸਾਕਾਰ ਕੀਤਾ। ਜਦੋਂ ਸਿੱਖ ਰਾਜ ਹੋਂਦ ਵਿੱਚ ਆਇਆ ਤਾਂ ਗੁਰੂ ਸਾਹਿਬ ਦੇ ਨਾਂ ‘ਤੇ ਨਾਨਕਸ਼ਾਹੀ ਸਿੱਕੇ ਚਲਾਏ ਗਏ। ਰਾਜ ਦੇ ਲਈ ਦੇਗ, ਤੇਗ, ਤਖ਼ਤ, ਫ਼ੌਜ, ਸ਼ਸਤਰ ਕੁਰਬਾਨੀ ਦਾ ਜਜ਼ਬਾ ਅਤੇ ਨਗਰਾਂ ਦੀ ਸਥਾਪਨਾ ਤੇ ਹਰ ਤਰ੍ਹਾਂ ਦੀ ਗ਼ੁਲਾਮੀ ਤੋਂ ਛੁਟਕਾਰਾ ਪਾਉਣਾ ਜ਼ਰੂਰੀ ਸੀ ਤੇ ਸਾਡੇ ਗੁਰੂ ਸਾਹਿਬਾਨਾਂ ਨੇ ਹਰ ਉਹ ਕਾਰਜ ਕੀਤਾ ਜੋ ਇੱਕ ਗੁਰੂ, ਸੰਤ, ਰਾਜਾ, ਬਾਦਸ਼ਾਹ, ਨੀਤੀਵਾਨ ਅਤੇ ਜਰਨੈਲ ਕਰਦਾ ਹੈ। ਗੁਰੂ ਸਾਹਿਬ ਨੇ ਆਪਣੇ ਸਿੱਖਾਂ ਦੀ ਘਾੜਤ ਹੀ ਸੰਤ-ਸਿਪਾਹੀ ਵਾਲੀ ਘੜੀ ਤੇ ਉਸ ਨੂੰ ਹਰ ਪੱਖੋਂ ਸੰਪੂਰਨ ਬਣਾਇਆ।
ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਵੱਲੋਂ ਬਿਪਰ ਦੀ ਅਧੀਨਤਾ ਵਾਲੇ ਢਾਂਚੇ ਨੂੰ ਰੱਦ ਕਰਨਾ, ਸਮਾਜਿਕ ਵੰਡ ਦੇ ਪ੍ਰਤੀਕ ਜਨੇਊ ਨੂੰ ਪਹਿਨਣ ਤੋਂ ਇਨਕਾਰ ਕਰਨਾ, ਅੱਗ ਦੇ ਦੁਆਲੇ ਫੇਰੇ ਨਾ ਲੈਣੇ, ਮੂਰਤੀ ਪੂਜਾ ਦਾ ਵਿਰੋਧ ਕਰਨਾ, ਬੰਦਗੀ ਵਿੱਚ ਜੁੜੇ ਸਾਧੂਆਂ ਅਤੇ ਢਿੱਡੋਂ ਭੁੱਖੇ ਲੋਕਾਂ ਨੂੰ ਲੰਗਰ ਛਕਾਉਣਾ, ਮੋਦੀਖ਼ਾਨੇ ਵਿੱਚ ਲੋੜਵੰਦਾਂ ਦੀ ਮਦਦ ਲਈ ‘ਤੇਰਾ-ਤੇਰਾ’ ਤੋਲਣਾ, ਭਾਈ ਲਾਲੋ ਦੇ ਘਰ ਦਸਾਂ ਨਹੁੰਆਂ ਦੀ ਕਮਾਈ ਦਾ ਰੁੱਖਾ-ਮਿੱਸਾ ਪ੍ਰਸ਼ਾਦਾ ਛਕਣਾ, ਮਲਿਕ ਭਾਗੋ ਦੀ ਲੁੱਟ-ਠੱਗੀ ਅਤੇ ਧ੍ਰੋਹ ਵਾਲੀ ਕਮਾਈ ਦੀ ਰੋਟੀ ਨੂੰ ਗ਼ਰੀਬਾਂ ਦੇ ਲਹੂ ਨਾਲ਼ ਭਿੱਜੀ ਦੱਸਣਾ, ਸਰਬੱਤ ਦੇ ਭਲੇ ਦਾ ਉਪਦੇਸ਼ ਦੇਣਾ, ਰਾਜਿਆਂ ਨੂੰ ਜਨਤਾ ਨਾਲ ਨਿਆਂ ਕਰਨ ਲਈ ਕਹਿਣਾ, ਨਿਰਭਉ ਅਤੇ ਨਿਰਵੈਰ ਰਹਿਣਾ, ਕਰਤਾਰਪੁਰ ਨਗਰ ਵਸਾਉਣਾ, ਇੱਕ ਅਕਾਲ ਪੁਰਖ ਨਾਲ ਜੁੜਨ ਦਾ ਹੋਕਾ ਦੇਣਾ ਇਹ ਹਲੇਮੀ ਰਾਜ ਦਾ ਨਕਸ਼ਾ ਵਾਹੁਣ ਦਾ ਹੀ ਤਾਂ ਮਹਾਨ ਕਾਰਜ ਸੀ।
ਸ੍ਰੀ ਗੁਰੂ ਅੰਗਦ ਦੇਵ ਜੀ ਨੇ ਵੀ ਸੰਗਤਾਂ ਨੂੰ ਗੁਰਬਾਣੀ ਦਾ ਗਿਆਨ ਦਿੱਤਾ, ਗੁਰਮੁਖੀ-ਪੰਜਾਬੀ ਨੂੰ ਤਰਤੀਬਬੱਧ ਕਰਕੇ ਖ਼ੁਦ ਇਸ ਦਾ ਪ੍ਰਚਾਰ ਕੀਤਾ, ਬੱਚਿਆਂ ਨੂੰ ਪੜ੍ਹਾਇਆ ਲਿਖਾਇਆ, ਸਿੱਖਾਂ ਵਿੱਚ ਸਰੀਰਕ ਬਲ ਭਰਨ ਲਈ ‘ਮੱਲ ਅਖਾੜੇ’ ਕਾਇਮ ਕੀਤੇ, ਸਮੇਂ ਦੇ ਬਾਦਸ਼ਾਹ ਹੁੰਮਾਯੂ ਦੀ ਤਲਵਾਰ ਦਾ ਕੋਈ ਭੈਅ ਨਾ ਮੰਨਿਆ, ਗੋਇੰਦਵਾਲ ਸਾਹਿਬ ਨਗਰ ਵਸਾ ਕੇ ਉਸ ਨੂੰ ਜਿੱਥੇ ਸਿੱਖੀ ਪ੍ਰਚਾਰ ਦਾ ਕੇਂਦਰ ਬਣਾਇਆ ਓਥੇ ਹੀ ਸਿੱਖ ਰਾਜ ਦਾ ਬਿੰਬ ਅਤੇ ਸਾਂਝੀਵਾਲਤਾ ਦਾ ਸਿਧਾਂਤ ਵੀ ਲੋਕਾਂ ਨੂੰ ਵਿਖਾਇਆ। ਬਾਉਲੀ ਸਾਹਿਬ ਦਾ ਨਿਰਮਾਣ ਕਰਵਾ ਕੇ ਜਾਤ-ਪਾਤ ਤੇ ਊਚ-ਨੀਚ ਨੂੰ ਦੂਰ ਕੀਤਾ। ਮਾਤਾ ਖੀਵੀ ਜੀ ਨੂੰ ਲੰਗਰ ਪ੍ਰਥਾ ਅਤੇ ਸੰਗਤੀ ਰਿਹਾਇਸ਼ਾਂ ਦਾ ਸਾਰਾ ਪ੍ਰਬੰਧ ਸੌਂਪ ਕੇ ਔਰਤ ਨੂੰ ਮਾਣ ਬਖ਼ਸ਼ਿਆ ਤੇ ਇਹ ਵੀ ਸਿੱਧ ਕੀਤਾ ਕਿ ਹਲੇਮੀ ਰਾਜ ਵਿੱਚ ਹਰੇਕ ਪ੍ਰਾਣੀ ਦੀ ਰੋਟੀ, ਕੱਪੜਾ, ਮਕਾਨ ਆਦਿਕ ਦੀ ਜ਼ਰੂਰਤ ਪੂਰੀ ਹੋਵੇਗੀ।
ਤੀਜੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਜੀ ਨੇ ਵੀ ਹਲੇਮੀ ਰਾਜ ਦਾ ਪ੍ਰਬੰਧ ਚਲਾਉਣ ਦੀ ਸਿੱਖਿਆ ਦਿੰਦਿਆਂ ਮੁਗਲ ਸਾਮਰਾਜ ਦੇ 22 ਸੂਬਿਆਂ ਦੇ ਸਮਾਨੰਤਰ 22 ਸੇਵਾਦਾਰ ਪ੍ਰਚਾਰ ਲਈ ਥਾਪੇ ਜੋ ‘ਮੰਜੀਦਾਰ’ ਕਹਾਏ, ਬੀਬੀਆਂ ਨੂੰ ਵੀ ਪੀਹੜੇ ਬਖ਼ਸ਼ੇ ਤੇ ਸਮਾਜ ਵਿੱਚ ਇੱਕ ਨਵੀਂ ਕ੍ਰਾਂਤੀ ਲਿਆਂਦੀ। ‘ਪਹਿਲੇ ਪੰਗਤ ਪਾਛੇ ਸੰਗਤ’ ਦੇ ਗੁਰੂ ਸਿਧਾਂਤ ਅਨੁਸਾਰ ਅਕਬਰ ਬਾਦਸ਼ਾਹ ਨੇ ਵੀ ਗੁਰੂ ਦਰਬਾਰ ਵਿੱਚ ਸਾਂਝੀ ਪੰਗਤ ਵਿੱਚ ਬੈਠ ਕੇ ਪ੍ਰਸ਼ਾਦਾ ਛਕਿਆ ਤੇ ਇਹ ਦੁਨਿਆਵੀ ਬਾਦਸ਼ਾਹ ਵੀ ਇਲਾਹੀ ਪਾਤਸ਼ਾਹ ਜੀ ਦੇ ਅੱਗੇ ਝੁਕਿਆ। ਗੁਰੂ ਸਾਹਿਬ ਨੇ ਸਤੀ ਪ੍ਰਥਾ, ਘੁੰਡ ਕੱਢਣ ਅਤੇ ਹੋਰ ਕਈ ਕੂੜ ਰਸਮਾਂ ਵਿਰੁੱਧ ਜ਼ੋਰਦਾਰ ਆਵਾਜ਼ ਉਠਾਈ।
ਚੌਥੇ ਪਾਤਸ਼ਾਹ ਗੁਰੂ ਰਾਮਦਾਸ ਜੀ ਮਹਾਰਾਜ ਨੇ ਵੀ ਗੁਰੂ ਨਾਨਕ ਸਾਹਿਬ ਦੇ ਤਖ਼ਤ ਉੱਤੇ ਬਿਰਾਜਮਨ ਹੁੰਦਿਆਂ ਹੀ ਸ੍ਰੀ ਅੰਮ੍ਰਿਤਸਰ ਸਾਹਿਬ ਨਗਰ ਵਸਾ ਕੇ ਸਿੱਖ ਧਰਮ ਦੇ ਕੇਂਦਰੀ ਅਸਥਾਨ ਦੀ ਉਸਾਰੀ ਲਈ ਸਰੋਵਰ ਦੀ ਖੁਦਵਾਈ ਸ਼ੁਰੂ ਕਰਵਾਈ, ਇਸ ਨਗਰ ਦੀ ਯੋਜਨਾਬੰਦੀ ਇੱਕ ਰਾਜਧਾਨੀ ਵਾਂਗ ਕੀਤੀ, ਵੱਖ-ਵੱਖ 52 ਕਿੱਤਿਆਂ ਦੇ ਲੋਕਾਂ ਨੂੰ ਇੱਥੇ ਲਿਆਂਦਾ ਤੇ ਇੱਕ ਵੱਡਾ ਵਪਾਰਕ ਕੇਂਦਰ ਕਾਇਮ ਕੀਤਾ ਜੋ ਅੱਜ ਵੀ ਗੁਰੂ ਬਜ਼ਾਰ ਦੇ ਨਾਂ ਨਾਲ਼ ਅਤੇ ਲੂਣ ਮੰਡੀ, ਆਟਾ ਮੰਡੀ, ਚੀਲ ਮੰਡੀ, ਮਿਸ਼ਰੀ ਬਜ਼ਾਰ, ਪਾਪੜ ਬਜ਼ਾਰ, ਕਹੀਆਂ ਵਾਲਾ ਬਜ਼ਾਰ ਅਤੇ ਬਜ਼ਾਰ ਮੋਚੀਆਂ ਦੇ ਨਾਵਾਂ ਨਾਲ਼ ਮਸ਼ਹੂਰ ਹੈ। ਗੁਰੂ ਸਾਹਿਬ ਨੇ ਸਮਾਜ ਵੱਲੋਂ ਦੁਰਕਾਰੇ ਅਖੌਤੀ ਨੀਵੀਆਂ ਜਾਤਾਂ ਦੇ ਲੋਕਾਂ ਨੂੰ ਪੂਰਬ ਵਾਲੇ ਪਾਸੇ ਵਸਾ ਕੇ ਉਹਨਾਂ ਦਾ ਸਤਿਕਾਰ ਕਾਇਮ ਕੀਤਾ ਤੇ ਗੁਰੂ ਨਾਨਕ ਸਾਹਿਬ ਦੇ ਸਿਧਾਂਤ ਨੂੰ ਅਮਲੀ ਜਾਮਾ ਪਹਿਨਾਇਆ ਤੇ ਸਿੱਧ ਕੀਤਾ ਕਿ ਹਲੇਮੀ ਰਾਜ ਵਿੱਚ ਕਿਸੇ ਨਾਲ ਵੀ ਕੋਈ ਵਿਤਕਰਾ ਨਹੀਂ ਹੋਵੇਗਾ, ਸਭ ਨੂੰ ਬਰਾਬਰ ਦੇ ਹੱਕ ਮਿਲਣਗੇ।
ਇਹ ਅੰਮ੍ਰਿਤਸਰ ਸ਼ਹਿਰ ਕਿਸੇ ਰਾਜੇ, ਬਾਦਸ਼ਾਹ ਦੇ ਅਧੀਨ ਨਹੀਂ ਸੀ ਤੇ ਨਾ ਹੀ ਇੱਥੇ ਕੋਈ ਜਜ਼ੀਆ (ਟੈਕਸ) ਲੱਗਦਾ ਸੀ। ਇਹ ਸ਼ਹਿਰ ਪੂਰੀ ਤਰ੍ਹਾਂ ਸੁਤੰਤਰ ਸੀ ਤੇ ਗੁਰੂ ਸਾਹਿਬ ਦੀ ਦੇਖ-ਰੇਖ ਹੇਠ ਚੱਲਦਾ ਸੀ। ਇਹ ਸਿੱਖਾਂ ਦੇ ਧਾਰਮਿਕ ਆਦਰਸ਼, ਰਾਜਸੀ ਸੰਕਲਪ ਅਤੇ ਪ੍ਰਭੂਸੱਤਾ ਦਾ ਪ੍ਰਤੀਕ ਸੀ। ਜਦੋਂ-ਜਦੋਂ ਵੀ ਕਿਸੇ ਹਕੂਮਤ ਨੇ ਸਿੱਖਾਂ ਨੂੰ ਦਬਾਉਣ, ਡਰਾਉਣ ਤੇ ਝੁਕਾਉਣ ਦਾ ਯਤਨ ਕੀਤਾ ਜਾਂ ਸਾਡੀ ਅਣਖ਼-ਗ਼ੈਰਤ ਨੂੰ ਵੰਗਾਰਿਆ ਤਾਂ ਉਸ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਆਪਣਾ ਨਿਸ਼ਾਨਾ ਜ਼ਰੂਰ ਬਣਾਇਆ। ਦੁਸ਼ਮਣਾਂ ਤੇ ਦੋਖੀਆਂ ਨੂੰ ਪਤਾ ਹੈ ਕਿ ਸਿੱਖਾਂ ਨੂੰ ਇੱਥੋਂ ਹੀ ਰੂਹਾਨੀਅਤ ਤਾਕਤ ਮਿਲ਼ਦੀ ਹੈ। ਗੁਰੂ ਰਾਮਦਾਸ ਜੀ ਨੇ ਅਨੰਦ ਕਾਰਜ ਲਈ ਲਾਵਾਂ ਦੀ ਬਾਣੀ ਅਤੇ ਮੌਤ ਦੇ ਸੰਸਕਾਰ ਲਈ ਅਲਾਹੁਣੀਆਂ ਬਾਣੀ ਉਚਾਰ ਕੇ ਸਿੱਖਾਂ ਦੇ ਹਰ ਤਰ੍ਹਾਂ ਦੇ ਸੰਸਕਾਰ ਵੱਖਰੇ ਕੀਤੇ। ਇਸ ਤੋਂ ਪਹਿਲਾਂ ਗੁਰੂ ਨਾਨਕ ਸਾਹਿਬ ਦੀਆਂ ਲਾਵਾਂ ਮੂਲ ਮੰਤਰ ਦੇ ਦੁਆਲੇ ਹੋਈਆਂ ਸਨ ਤੇ ਤੀਜੇ ਪਾਤਸ਼ਾਹ ਨੇ ਅਨੰਦ ਸਾਹਿਬ ਦੀ ਬਾਣੀ ਵਿਚਾਰ ਕੇ ਖ਼ੁਸ਼ੀ-ਗ਼ਮੀ ਵਿੱਚ ਇਹ ਪੜ੍ਹਨ ਦਾ ਹੁਕਮ ਕਰ ਦਿੱਤਾ ਸੀ।
ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸਿੱਖੀ ਦਾ ਲਿਖਤੀ ਵਿਧਾਨ ‘ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ ਦੇ ਰੂਪ ਵਿੱਚ ਸਿੱਖਾਂ ਨੂੰ ਬਖ਼ਸ਼ਿਆ ਤਾਂ ਜੋ ਸਿੱਖਾਂ ਨੂੰ ਗੁਰਮਤਿ ਸਿਧਾਂਤ ਦੀ ਸੇਧ ਸਦੀਵੀ-ਕਾਲ ਮਿਲਦੀ ਰਹੇ। ਸ੍ਰੀ ਦਰਬਾਰ ਸਾਹਿਬ ਦੀ ਉਸਾਰੀ ਕਰਵਾ ਕੇ ਚੰਦੋਆ ਲਾ ਕੇ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਦਾ ਪ੍ਰਕਾਸ਼ ਪੀਹੜੇ (ਤਖ਼ਤ) ‘ਤੇ ਕਰਵਾਇਆ ਤੇ ਉੱਪਰ ਚੌਰ ਝੁਲਵਾਇਆ। ਗੁਰੂ ਸਾਹਿਬ ਨੇ ਇੱਕ ਠੋਸ ਨੀਤੀ ਤਹਿਤ ਸਿੱਖਾਂ ਨੂੰ ਜੰਗ-ਯੁੱਧ ਲੜਨ ਦੇ ਲਈ ਤਿਆਰ ਕਰਨ ਅਤੇ ਆਰਥਿਕ ਪੱਖੋਂ ਹੋਰ ਮਜਬੂਤ ਕਰਨ ਲਈ ਘੋੜਿਆਂ ਦਾ ਵਪਾਰ ਕਰਵਾਇਆ, ਫਿਰ ਸਿੱਖ ਛੇਤੀ ਹੀ ਘੋੜਿਆਂ ਦੀਆਂ ਨਸਲਾਂ ਬਾਰੇ ਵੀ ਜਾਣ ਗਏ ਤੇ ਘੋੜ ਸਵਾਰੀ ਵਿੱਚ ਵੀ ਮਾਹਰ ਹੋ ਗਏ। ਸਿੱਖਾਂ ਨੂੰ ਸ਼ਾਸਤਰ ਅਤੇ ਸ਼ਸਤਰ ਵਿੱਦਿਆ ਵਿੱਚ ਨਿਪੁੰਨ ਕਰਨ ਲਈ ਭਾਈ ਗੁਰਦਾਸ ਜੀ, ਬਾਬਾ ਬੁੱਢਾ ਜੀ, ਭਾਈ ਜੇਠਾ ਜੀ ਦੀ ਸੇਵਾ ਲਗਾਈ ਗਈ। ਇਸ ਹਲੇਮੀ ਰਾਜ ਪ੍ਰਬੰਧ ਨੂੰ ਵੇਖ ਕੇ ਦਿੱਲੀ ਦਾ ਬਾਦਸ਼ਾਹ ਜਹਾਂਗੀਰ ਬੁਖ਼ਲਾ ਗਿਆ, ਚੰਦੂ ਅਤੇ ਨਕਸ਼ਬੰਦੀਆਂ ਦੀਆਂ ਸ਼ਿਕਾਇਤਾਂ ਨੇ ਉਸ ਦੇ ਹੋਰ ਵੀ ਕੰਨ ਭਰ ਦਿੱਤੇ ਤੇ ਪੰਜਵੇਂ ਪਾਤਸ਼ਾਹ ਨੇ ਤੱਤੀ ਤਵੀ ਉੱਤੇ ਬੈਠ ਕੇ ਸ਼ਾਂਤਮਈ ਸ਼ਹਾਦਤ ਦੇ ਕੇ ਸਿੱਖਾਂ ਨੂੰ ਸ਼ਹਾਦਤ ਦਾ ਪਾਠ ਪੜ੍ਹਾਇਆ ਅਤੇ ਹੱਕ, ਸੱਚ ਅਤੇ ਧਰਮ ਲਈ ਸਿਰ ਤਲੀ ‘ਤੇ ਟਿਕਾਉਣ ਦਾ ਹੁਨਰ ਤੇ ਸ਼ਹੀਦੀਆਂ ਦੇਣ ਦਾ ਵੱਲ ਸਿਖਾਇਆ।
ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਗੁਰੂ ਨਾਨਕ ਸਾਹਿਬ ਦੇ ਤਖ਼ਤ ਦਾ ਵਾਰਸ ਬਣਦਿਆਂ ਹੀ ਮੀਰੀ-ਪੀਰੀ ਦੀਆਂ ਦੋ ਕਿਰਪਾਨਾਂ ਧਾਰਨ ਕਰ ਲਈਆਂ ਅਤੇ ਦਸਤਾਰ ਉੱਤੇ ਕਲਗੀ ਲਗਾਈ, ਬਾਜ ਰੱਖਿਆ ਅਤੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਧਰਮ ਦੇ ਸਿਧਾਂਤਾਂ ਨੂੰ ਜਿਉਂਦਾ ਰੱਖਣ, ਸਵੈ ਰੱਖਿਆ, ਮਜ਼ਲੂਮਾਂ ਦੀ ਰਾਖੀ ਅਤੇ ਜ਼ਾਲਮ ਹਕੂਮਤਾਂ ਨਾਲ ਟੱਕਰ ਲੈਣ ਲਈ ਲਈ ਹਰੇਕ ਸਿੱਖ ਨੂੰ ਸ਼ਸਤਰਧਾਰੀ (ਹਥਿਆਰਬੰਦ) ਹੋਣ ਦਾ ਹੁਕਮ ਕੀਤਾ। ਢਾਡੀਆਂ, ਕਵੀਆਂ ਤੇ ਪ੍ਰਚਾਰਕਾਂ ਨੂੰ ਕੌਮ ਵਿੱਚ ਸੂਰਬੀਰਤਾ ਤੇ ਚੜ੍ਹਦੀ ਕਲਾ ਭਰਨ ਲਈ ਜੋਸ਼ੀਲਾ ਪ੍ਰਚਾਰ ਤੇ ਲਲਕਾਰਮਈ ਸੁਰ ਛੇੜਨ ਦੀ ਤਾਕੀਦ ਕੀਤੀ। ਦਿੱਲੀ ਤਖ਼ਤ ਨੂੰ ਵੰਗਾਰਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਿਰਜਣਾ ਕੀਤੀ, 12 ਫੁੱਟ ਉੱਚਾ ਥੜ੍ਹਾ ਬਣਾ ਕੇ ਉਸ ਉੱਤੇ ਆਸਣ ਲਾਇਆ, 52 ਚੋਣਵੇਂ ਘੋੜ-ਸਵਾਰ ਅਤੇ 500 ਹੋਰ ਘੋੜ ਸਵਾਰਾਂ ਦੀ ਫ਼ੌਜ ਰੱਖੀ ਅਤੇ ਲੋਹਗੜ੍ਹ ਕਿਲ੍ਹਾ ਅਤੇ ਬਿਬੇਕਸਰ ਬਣਵਾਇਆ। ਸਿੱਖ ਸੰਗਤਾਂ ਜਿੱਥੇ ਮਾਇਆ, ਬਸਤਰ ਅਤੇ ਸੋਨਾ-ਚਾਂਦੀ ਭੇਟ ਕਰਦੀਆਂ ਸਨ ਓਥੇ ਗੁਰੂ ਸਾਹਿਬ ਨੇ ਨੌਜਵਾਨਾਂ ਨੂੰ ਆਪਣੀਆਂ ਜਵਾਨੀਆਂ, ਵਧੀਆ ਘੋੜੇ ਅਤੇ ਤੇਜਧਾਰ ਸ਼ਸਤਰ ਭੇਟ ਕਰਨ ਦੇ ਫੁਰਮਾਨ ਜਾਰੀ ਕੀਤੇ। ਸ੍ਰੀ ਦਰਬਾਰ ਸਾਹਿਬ ਦੇ ਸਨਮੁੱਖ ਗੁਰੂ ਸਾਹਿਬ ਨੇ ਖ਼ੁਦ ਸ੍ਰੀ ਅਕਾਲ ਤਖ਼ਤ ਸਾਹਿਬ ਰਚ ਕੇ, ਇੱਥੇ ਜੰਗੀ ਮਸ਼ਕਾਂ ਕਰਵਾ ਕੇ, ਲੋਕਾਂ ਦੇ ਝਗੜੇ ਨਿਪਟਾ ਕੇ, ਸੰਗਤਾਂ ਨੂੰ ਹਲੂਣਾ ਦੇ ਕੇ, ਸਿੱਖਾਂ ਵਿੱਚ ਬਹਾਦਰੀ ਭਰ ਕੇ ਸਾਨੂੰ ਤਖ਼ਤਾਂ ਤੇ ਤਾਜਾਂ ਵਾਲ਼ੇ ਬਣਾਇਆ। ‘ਬਾਜ ਤਾਜ ਤਿਨ ਤੇ ਸਭ ਲੈਨਾ’ ਕਹਿ ਕੇ ਚਾਰ ਜੰਗ ਕੀਤੇ ਤੇ ਫ਼ਤਹਿ ਪਾਈ, ਗਵਾਲੀਅਰ ਦੇ ਕਿਲ੍ਹੇ ਵਿੱਚੋਂ 52 ਹਿੰਦੂ ਰਾਜੇ ਰਿਹਾਅ ਕਰਵਾਏ, ਚੰਦੂ ਨੂੰ ਸਜ਼ਾ ਦਿੱਤੀ ਅਤੇ ਆਖ਼ਰ ਜਹਾਂਗੀਰ ਵੀ ਇਸ ਸੱਚੇ ਤਖ਼ਤ ਅਤੇ ਸੱਚੇ ਪਾਤਸ਼ਾਹ ਅੱਗੇ ਝੁਕਿਆ ਸੀ।
ਗੁਰੂ ਤਖ਼ਤ ‘ਤੇ ਬਿਰਾਜਮਾਨ ਹੁੰਦਿਆਂ ਸਤਵੇਂ ਪਾਤਸ਼ਾਹ ਸ੍ਰੀ ਗੁਰੂ ਹਰਿ ਰਾਇ ਸਾਹਿਬ ਜੀ ਨੇ ਵੀ ਸ਼ਸਤਰਧਾਰੀ ਯੋਧਿਆਂ ਅਤੇ ਘੋੜ ਸਵਾਰ ਫ਼ੌਜਾਂ ਨੂੰ ਆਪਣੇ ਨਾਲ ਰੱਖਿਆ। ਲੋਕਾਈ ਦੀ ਭਲਾਈ ਲਈ ਦਵਾਖ਼ਾਨੇ ਤੇ ਸ਼ਫ਼ਾਖ਼ਾਨੇ ਖੋਲ੍ਹੇ, ਬਾਗ਼ ਲਵਾਏ, ਬਿਮਾਰ ਤੇ ਜ਼ਖ਼ਮੀ ਜਾਨਵਰਾਂ ਦੇ ਇਲਾਜ ਵੀ ਕੀਤੇ। ਗੁਰੂ ਸਾਹਿਬ ਦੇ ਦਰਬਾਰ ਵਿੱਚ ਨਗਾਰੇ ਵੱਜਦੇ, ਹਾਥੀ ਝੂਮਦੇ, 2200 ਫ਼ੌਜੀ ਵਰਦੀਆਂ ਪਾ ਕੇ ਦੀਵਾਨ ਵਿੱਚ ਸੱਜਦੇ। ਜਦੋਂ ਬਾਦਸ਼ਾਹ ਔਰੰਗਜ਼ੇਬ ਨੇ ਚਿੱਠੀ ਲਿਖ ਕੇ ਗੁਰੂ ਸਾਹਿਬ ਨੂੰ ਮਿਲਣ ਲਈ ਇੱਛਾ ਜ਼ਾਹਰ ਕੀਤੀ ਤਾਂ ਗੁਰੂ ਪਾਤਸ਼ਾਹ ਜੀ ਨੇ ਉਸ ਨੂੰ ਮਿਲਣ ਤੋਂ ਸਾਫ਼ ਇਨਕਾਰ ਕਰ ਦਿੱਤਾ ਤੇ ਉਸ ਨੂੰ ‘ਜਗਤ ਧ੍ਰੋਹੀ’ ਕਿਹਾ।
ਅਠਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੂੰ ਜਦੋਂ ਛੋਟੀ ਉਮਰ ਵਿੱਚ ਹੀ ਗੁਰਤਾਗੱਦੀ ਪ੍ਰਾਪਤ ਹੋਈ ਤਾਂ ਗੁਰੂ ਦਰਬਾਰ ਦੀਆਂ ਫ਼ੌਜਾਂ ਨੇ ਨਗਾਰੇ ਵਜਾਏ ਅਤੇ ਬੰਦੂਕਾਂ ਚਲਾ ਕੇ ਸਲਾਮੀ ਦਿੱਤੀ। ਜਦੋਂ ਰਾਜਾ ਜੈ ਸਿੰਘ ਅਤੇ ਬਾਦਸ਼ਾਹ ਔਰੰਗਜ਼ੇਬ ਨੇ ਗੁਰੂ ਸਾਹਿਬ ਦੇ ਦਰਸ਼ਨ ਕਰਨ ਦੀ ਇੱਛਾ ਪ੍ਰਗਟਾਈ ਤਾਂ ਗੁਰੂ ਪਾਤਸ਼ਾਹ ਜੀ ਨੇ ਕਿਹਾ “ਅਸੀਂ ਦਿੱਲੀ ਤਾਂ ਜਾਵਾਂਗੇ, ਰਾਜਾ ਜੈ ਸਿੰਘ ਨੂੰ ਮਿਲਾਂਗੇ ਪਰ ਮਲੇਛ ਔਰੰਗਜ਼ੇਬ ਨੂੰ ਦਰਸ਼ਨ ਨਹੀਂ ਦਿਆਂਗੇ।” ਫਿਰ ਜਦੋਂ ਪਾਤਸ਼ਾਹ ਜੀ ਦਿੱਲੀ ਗਏ ਤਾਂ ਉਹਨਾਂ ਦੇ ਕਾਫ਼ਲੇ ਲਸ਼ਕਰ ਵਿੱਚ ਹਾਥੀ, ਘੋੜੇ, ਨਗਾਰੇ, ਝੰਡੇ, ਕਿਰਪਾਨਾਂ, ਤੀਰ-ਕਮਾਨ, ਬੰਦੂਕਾਂ, ਨੇਜ਼ੇ, ਘੋੜ ਸਵਾਰ ਫ਼ੌਜਾਂ, ਪੈਦਲ ਫ਼ੌਜਾਂ, ਗੁਰੂ ਸਾਹਿਬ ਦੀ ਪਾਲਕੀ, ਮਾਤਾ ਜੀ ਦਾ ਰੱਥ ਅਤੇ ਬੇਤਹਾਸ਼ਾ ਸੰਗਤਾਂ ਸਨ ਇਹ ਵੱਖਰਾ ਹੀ ਜਾਹੋ ਜਲਾਲ ਸੀ ਜਿਸ ਸਾਹਮਣੇ ਦਿੱਲੀ ਤਖ਼ਤ ਵੀ ਫਿੱਕਾ ਪੈ ਗਿਆ ਸੀ। ਦਿੱਲੀ ਵਿੱਚ ਔਰੰਗਜ਼ੇਬ ਨੂੰ ਚੁਣੌਤੀ ਦਿੰਦਿਆਂ ਰਾਜਾ ਜੈ ਸਿੰਘ ਦੇ ਬੰਗਲੇ ਵਿੱਚ ਗੁਰੂ ਸਾਹਿਬ ਨੇ ਦਰਬਾਰ ਲਗਾਏ।
ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਪਹਿਲਾਂ ਆਪਣੇ ਪਿਤਾ ਛੇਵੇਂ ਪਾਤਸ਼ਾਹ ਜੀ ਦੀ ਅਗਵਾਈ ਵਿੱਚ ਕਰਤਾਰਪੁਰ ਦੀ ਜੰਗ ਵਿੱਚ ਤੇਗ ਦੇ ਜੌਹਰ ਵਿਖਾਏ ਸਨ ਤੇ ਉਹਨਾਂ ਗੁਰੂ ਨਾਨਕ ਸਾਹਿਬ ਵਾਂਗ ਹੀ ਲੰਬੀਆਂ ਯਾਤਰਾਵਾਂ ਕਰਕੇ ਧਰਮ ਦਾ ਪ੍ਰਚਾਰ ਕੀਤਾ ਤੇ ਫਿਰ ਗੁਰੂ ਸਾਹਿਬ ਨੇ ਐਸਾ ਮਹਾਨ ਸਾਕਾ ਕਰ ਵਿਖਾਇਆ ਜਿਸ ਦੀ ਦੁਨੀਆਂ ਉੱਤੇ ਕੋਈ ਦੂਜੀ ਮਿਸਾਲ ਨਹੀਂ ਮਿਲਦੀ। ਜਦੋਂ ਔਰੰਗਜ਼ੇਬ ਬਾਦਸ਼ਾਹ ਤਲਵਾਰ ਦੇ ਜ਼ੋਰ ਨਾਲ ਹਿੰਦੂ ਧਰਮ ਨੂੰ ਖ਼ਤਮ ਕਰਨ ‘ਤੇ ਤੁਲਿਆ ਹੋਇਆ ਸੀ ਤਾਂ ਗੁਰੂ ਸਾਹਿਬ ਨੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਸ਼ਰਨ ‘ਚ ਆਏ ਕਸ਼ਮੀਰੀ ਬ੍ਰਾਹਮਣਾਂ ਦੀ ਚੀਖ-ਪੁਕਾਰ ਨੂੰ ਸੁਣਿਆ। ਭਾਵੇਂ ਕਿ ਗੁਰੂ ਸਾਹਿਬ ਜੀ ਹਿੰਦੂ ਧਰਮ, ਹਿੰਦੂ ਵਿਸ਼ਵਾਸਾਂ ਅਤੇ ਤਿਲਕ-ਜਨੇਊ ਦੇ ਧਾਰਨੀ ਨਹੀਂ ਸਨ ਪਰ ਫਿਰ ਵੀ ਸਰਬੱਤ ਦੇ ਭਲੇ ਦੇ ਆਸ਼ੇ ਤਹਿਤ ਅਤੇ ਹਿੰਦੂ ਧਰਮ ਉੱਤੇ ਵੱਡਾ ਪਰਉਪਕਾਰ ਕਰਦਿਆਂ ਹਿੰਦੂ ਧਰਮ ਦੀ ਰਾਖੀ, ਧਾਰਮਿਕ ਅਜ਼ਾਦੀ ਅਤੇ ਮਨੁੱਖੀ ਹੱਕਾਂ ਲਈ ਦਿੱਲੀ ਜਾ ਕੇ ਖ਼ੁਦ ਸ਼ਹਾਦਤ ਦਿੱਤੀ ਅਤੇ ਆਪਣੇ ਪਿਆਰੇ ਸਿੱਖਾਂ ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਅਤੇ ਭਾਈ ਦਿਆਲਾ ਜੀ ਦੀ ਸ਼ਹਾਦਤ ਨੂੰ ਵੀ ਅੱਖੀਂ ਤੱਕਿਆ। ਹਰੇਕ ਹਿੰਦੂ ਨੂੰ ਯਾਦ ਹੋਣਾ ਚਾਹੀਦਾ ਹੈ ਕਿ ਜੇ ਅੱਜ ਮੰਦਰਾਂ ਵਿੱਚ ਟੱਲ ਖੜਕਦੇ ਹਨ, ਮੱਥੇ ‘ਤੇ ਤਿਲਕ ਲੱਗਦੇ ਹਨ, ਹਿੰਦੂ ਧਰਮ ਦੀ ਹੋਂਦ ਹੈ ਤਾਂ ਗੁਰੂ ਸਾਹਿਬ ਦੀ ਸ਼ਹਾਦਤ ਸਦਕਾ ਹੀ ਹੈ। ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਹੀ ਚੱਕ ਨਾਨਕੀ (ਸ੍ਰੀ ਅਨੰਦਪੁਰ ਸਾਹਿਬ) ਨਗਰ ਵਸਾਇਆ ਸੀ ਅਤੇ ਅਸਾਮ ਦੇ ਰਾਜਾ ਚੱਕ੍ਰਧਵੱਜ ਅਤੇ ਰਾਜਾ ਰਾਮ ਸਿੰਘ ਵਿਚਕਾਰ ਜੰਗ ਰੁਕਵਾਈ ਤੇ ਸੁਲਹਾ ਕਰਵਾਈ ਸੀ।
ਜਦੋਂ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਗੁਰਤਾਗੱਦੀ ਉੱਤੇ ਬਿਰਾਜਮਾਨ ਹੋਏ ਤਾਂ ਬਾਬਾ ਬੁੱਢਾ ਸਾਹਿਬ ਜੀ ਦੇ ਵੰਸ਼ਜ ਨੇ ਉਹਨਾਂ ਨੂੰ ਹੀਰਿਆਂ ਜੜੀ ਕਲਗੀ, ਮੋਤੀਆਂ ਦੀ ਮਾਲਾ, ਦੁਸ਼ਾਲਾ, ਚਾਂਦੀ ਦੇ ਸਾਜ ਨਾਲ ਸਜਿਆ ਘੋੜਾ, ਬਾਜ਼, ਤੀਰ-ਕਮਾਨ, ਕਿਰਪਾਨ ਤੇ ਮੋਹਰਾਂ ਵੀ ਭੇਟ ਕੀਤੀਆਂ ਸਨ ਇਹ ਸਭ ਤਖ਼ਤ ਸਿੰਘਾਸਨ ਅਤੇ ਰਾਜ ਤਿਲਕ ਦੀਆਂ ਹੀ ਨਿਸ਼ਾਨੀਆਂ ਸਨ। ਗੁਰੂ ਸਾਹਿਬ ਨੇ ਅਨੰਦਪੁਰ ਸਾਹਿਬ ਵਿੱਚ ਪੰਜ ਕਿਲ੍ਹੇ ਅਨੰਦਗੜ੍ਹ, ਲੋਹਗੜ੍ਹ, ਫ਼ਤਹਿਗੜ੍ਹ, ਹੋਲਗੜ੍ਹ ਅਤੇ ਤਾਰਾਗੜ੍ਹ ਉਸਾਰੇ, ਸ਼ਸਤਰ ਬਣਾਉਣ ਦੇ ਕਾਰਖ਼ਾਨੇ ਲਾਏ, ਸਿੱਖਾਂ ਨੂੰ ਜੰਗੀ ਅਭਿਆਸ ਕਰਵਾਏ ਅਤੇ ਕਾਬਲ ਤੋਂ ਚੰਗੀ ਨਸਲ ਦੇ ਘੋੜੇ ਖ੍ਰੀਦਣ ਲਈ ਭੇਜਿਆ। ਗੁਰੂ ਸਾਹਿਬ ਨੇ ਔਰੰਗਜ਼ੇਬ ਦੀ ਹਕੂਮਤ ਨੂੰ ਵੰਗਾਰਦਿਆਂ ਨੌਂ ਨੇਜੇ ਭਰ ਉੱਚਾ ਸਿੰਘਾਸਨ ਤਿਆਰ ਕਰਵਾਇਆ ਤੇ ਉਸ ਵੱਲੋਂ ਲੋਕਾਂ ਉੱਤੇ ਲਾਈਆਂ ਸਾਰੀਆਂ ਪਬੰਦੀਆਂ ਨੂੰ ਤੋੜਿਆ। ਸ੍ਰੀ ਅਨੰਦਪੁਰ ਸਾਹਿਬ ‘ਚ ਸਵੇਰੇ-ਸ਼ਾਮ ਦੀਵਾਨ ਸੱਜਦੇ, ਧੌਂਸੇ ਅਤੇ ਨਗਾਰੇ ਵੀ ਵੱਜਦੇ, ਸਿੱਖ ਘੋੜ ਸਵਾਰੀ ਅਤੇ ਸ਼ਸਤਰ ਚਲਾਉਣ ਦੇ ਮੁਕਾਬਲੇ ਕਰਦੇ, ਗੁਰੂ ਦਰਬਾਰ ਦੀਆਂ ਸ਼ਾਨਾਂ ਨੂੰ ਵੇਖ ਕੇ ਅਤੇ ਰਣਜੀਤ ਨਗਾਰੇ ਦੀ ਗੂੰਜਾਂ ਸੁਣ ਕੇ ਬਾਦਸ਼ਾਹ ਔਰੰਗਜ਼ੇਬ ਅਤੇ ਹਿੰਦੂ ਪਹਾੜੀ ਰਾਜੇ ਦੰਗ ਰਹਿ ਗਏ। ਗੁਰੂ ਸਾਹਿਬ ਪੂਰੀ ਬਾਦਸ਼ਾਹਤ, ਅਜ਼ਾਦੀ, ਪ੍ਰਭੂਸੱਤਾ ਅਤੇ ਜਾਹੋ ਜਲਾਲ ਨਾਲ ਵਿਚਰਦੇ ਸਨ।
ਫਿਰ 1699 ਦੀ ਵਿਸਾਖੀ ਵਾਲੇ ਦਿਨ ਗੁਰੂ ਸਾਹਿਬ ਨੇ ਤਿੱਖੀ ਕਿਰਪਾਨ ਕੱਢ ਕੇ ਪੰਜ ਸੀਸ ਮੰਗੇ ਤੇ ਵਿਲੱਖਣ ਕੌਤਕ ਰਚਾ ਕੇ ਪੰਜ ਸਿੱਖਾਂ ਨੂੰ ਅੰਮ੍ਰਿਤ ਛਕਾਇਆ, ਤੇ ਉਹਨਾਂ ਨੂੰ ਪੰਜ ਪਿਆਰਿਆਂ ਦਾ ਖ਼ਿਤਾਬ ਦਿੱਤਾ ਤੇ ਉਹਨਾਂ ਪਾਸੋਂ ਖ਼ੁਦ ਅੰਮ੍ਰਿਤ ਛਕ ਕੇ ਆਪਣੇ ਆਪ ਨੂੰ ਖ਼ਾਲਸਾ ਪੰਥ ਵਿੱਚ ਅਭੇਦ ਕਰ ਦਿੱਤਾ ਤੇ ਬਚਨ ਕੀਤਾ ਕਿ “ਖ਼ਾਲਸਾ ਅਕਾਲ ਪੁਰਖ ਕੀ ਫ਼ੌਜ। ਪ੍ਰਗਟਿਓ ਖ਼ਾਲਸਾ ਪ੍ਰਮਾਤਮ ਕੀ ਮੌਜ।” ਪੰਜ ਕਕਾਰਾਂ ‘ਚ ਕਿਰਪਾਨ ਨੂੰ ਸ਼ਾਮਲ ਕੀਤਾ ਜੋ ਅਣਖ਼, ਅਜ਼ਾਦੀ ਅਤੇ ਸੂਰਮਗਤੀ ਦੀ ਪ੍ਰਤੀਕ ਹੈ। ਖ਼ਾਲਸਾ ਪੰਥ ਦੀ ਸਾਜਨਾ ਨਾਲ ਹਲੇਮੀ ਰਾਜ ਦੇ ਸਿਧਾਂਤ-ਸੰਕਲਪ ਦੀ ਸੰਪੂਰਨਤਾ ਹੋ ਗਈ। ਸ੍ਰੀ ਅਨੰਦਪੁਰ ਸਾਹਿਬ ਨੂੰ ਖ਼ਾਲਸੇ ਦਾ ਸੁਤੰਤਰ ਰਾਜ ਐਲਾਨਿਆ ਗਿਆ ਤੇ ਖ਼ਾਲਸਾਈ ਵਿਧਾਨ ਸਥਾਪਿਤ ਕੀਤਾ ਗਿਆ। ਗੁਰੂ ਸਾਹਿਬ ਨੇ ਹਕੂਮਤੀ ਰਾਜ ਦੇ ਅੰਦਰ ਅਜ਼ਾਦ ਰਾਜ ਵਸਾਉਣ ਦੀ ਕਲਾ ਵਿਖਾਈ। ਗੁਰੂ ਸਾਹਿਬ ਨੇ 14 ਜੰਗਾਂ ਵੀ ਲੜੀਆਂ, ਚਮਕੌਰ ਦੀ ਗੜ੍ਹੀ ਵਿੱਚ ਦੁਸ਼ਮਣ ਦੀ ਦਸ ਲੱਖ ਫ਼ੌਜ ਨਾਲ 40 ਸਿੰਘਾਂ ਨੇ ਯੁੱਧ ਲੜ ਕੇ ਸ਼ਾਨਾਮੱਤਾ ਇਤਿਹਾਸ ਸਿਰਜਿਆ। ਗੁਰੂ ਸਾਹਿਬ ਨੇ ਯੁੱਧਨੀਤੀ, ਰਾਜਨੀਤੀ, ਭੇਸ ਬਦਲਣਾ ਅਤੇ ਜ਼ਫ਼ਰਨਾਮਾ (ਜਿੱਤ ਦੀ ਚਿੱਠੀ) ਲਿਖਣਾ ਸਭ ਕੁਝ ਸਿੱਖਾਂ ਨੂੰ ਸਿਖਾਇਆ ਜੋ ਰਾਜ ਦੀਆਂ ਲੋੜਾਂ ਸਨ। ਇਹ ਸਭ ਹਲੇਮੀ ਰਾਜ, ਬੇਗਮਪੁਰਾ ਅਤੇ ਸਿੱਖ ਰਾਜ ਦੀ ਸਥਾਪਨਾ ਦੀ ਹੀ ਤਿਆਰੀ ਦੇ ਮਹਾਨ ਕਾਰਜ ਸਨ। ਫਿਰ ਗੁਰੂ ਸਾਹਿਬ ਜੀ ਨੇ ਆਤਮਾ ਗ੍ਰੰਥ ਵਿੱਚ ਅਤੇ ਸਰੀਰ ਪੰਥ ਵਿੱਚ ਆਖਦਿਆਂ ਸਦੀਵੀ ਤੌਰ ਉੱਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ-ਪਦਵੀ ਦੇ ਕੇ ਗੁਰੂ ਤਖ਼ਤ ਉੱਤੇ ਬਿਰਾਜਮਾਨ ਕਰ ਦਿੱਤਾ।
ਗੁਰੂ ਸਾਹਿਬ ਨੇ ਜੋਤੀ ਜੋਤਿ ਸਮਾਉਣ ਤੋਂ ਪਹਿਲਾਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਜਰਨੈਲ ਥਾਪ ਕੇ ਮੁਗਲੀਆ ਸਲਤਨਤ ਦੀਆਂ ਜੜ੍ਹਾਂ ਪੁੱਟਣ, ਜ਼ੁਲਮ ਦਾ ਖ਼ਾਤਮਾ ਕਰਨ ਅਤੇ ਖ਼ਾਲਸਾ ਰਾਜ ਦੀ ਸਥਾਪਨਾ ਲਈ ਪੰਜ ਸਿੰਘਾਂ ਦੀ ਅਗਵਾਈ ਵਿੱਚ ਪੰਜ ਤੀਰ ਬਖ਼ਸ਼ ਕੇ ਦੇਸ ਪੰਜਾਬ ਵੱਲ ਤੋਰਿਆ। ਫਿਰ ਖ਼ਾਲਸਾ ਫ਼ੌਜਾਂ ਨੇ ਸਢੌਰਾ, ਸਮਾਣਾ, ਚੱਪੜਚਿੜੀ ਅਤੇ ਸਰਹੰਦ ਉੱਤੇ ਜਿੱਤ ਪ੍ਰਾਪਤ ਕੀਤੀ, ਸਾਹਿਬਜ਼ਾਦਿਆਂ ਤੇ ਪੀਰ ਬੁੱਧੂ ਸ਼ਾਹ ਦੇ ਕਾਤਲਾਂ ਨੂੰ ਸਜ਼ਾਵਾਂ ਦਿੱਤੀਆਂ ਅਤੇ ਸੰਨ 1710 ਵਿੱਚ ਦਰਬਾਰ-ਏ-ਖ਼ਾਲਸਾ ਲਾ ਕੇ ਖ਼ਾਲਸਾ ਰਾਜ ਦਾ ਐਲਾਨ ਕੀਤਾ। ਇਸ ਤੋਂ ਅੱਗੇ ਫਿਰ ਸਿੱਖ ਮਿਸਲਾਂ ਦੇ ਸਰਦਾਰਾਂ ਨੇ ਸੰਨ 1765 ਵਿੱਚ ਗੁਰੂ ਹੁਕਮਾਂ ਅਨੁਸਾਰ ਹੀ ਪੰਜਾਬ ਦੀ ਧਰਤੀ ਉੱਤੇ ਖ਼ਾਲਸੇ ਦੇ ਝੰਡੇ ਗੱਡ ਦਿੱਤੇ ਅਤੇ 11 ਮਾਰਚ 1783 ਨੂੰ ਦਿੱਲੀ ਦੇ ਲਾਲ ਕਿਲ੍ਹੇ ਉੱਤੇ ਵੀ ਖ਼ਾਲਸਾਈ ਨਿਸ਼ਾਨ ਝੁਲਾਇਆ। ਉਸ ਸਮੇਂ ਸਿੱਖ ਆਖਦੇ ਸਨ ਕਿ “ਸਿੰਘਨ ਪਾਤਸ਼ਾਹੀ ਸਾਹਿਬ ਸੱਚੇ ਦਈ। ਗੁਰੂ ਨਾਨਕ ਸ਼ਹਿਨਸ਼ਾਹ। ਦੀਨ ਦੁਨੀ ਦਾ ਸਚਾ ਪਾਤਸ਼ਾਹ।” ਇਸੇ ਤਰ੍ਹਾਂ ਫਿਰ 1799 ਵਿੱਚ ਲਾਹੌਰ ਦੇ ਸ਼ਾਹੀ ਕਿਲੇ ਉੱਤੇ ਕਬਜ਼ਾ ਕਰਕੇ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਵਿਸ਼ਾਲ ਖ਼ਾਲਸਾ ਰਾਜ ਸਥਾਪਿਤ ਕੀਤਾ। 1849 ਵਿੱਚ ਖੁੱਸੇ ਇਸ ਰਾਜ ਦੀ ਪ੍ਰਾਪਤੀ ਲਈ ਮਹਾਰਾਣੀ ਜ਼ਿੰਦ ਕੌਰ, ਸਰਦਾਰ ਸ਼ਾਮ ਸਿੰਘ ਅਟਾਰੀ, ਬਾਬਾ ਮਹਾਰਾਜ ਸਿੰਘ, ਮਹਾਰਾਜਾ ਦਲੀਪ ਸਿੰਘ ਤੇ ਹੋਰ ਸਿੱਖਾਂ ਨੇ ਬੜਾ ਸੰਘਰਸ਼ ਲੜਿਆ। 1947 ਤੋਂ ਭਾਰਤੀ ਗ਼ੁਲਾਮੀ ਵਿਰੁੱਧ ਸਿੱਖ ਲੜਦੇ ਆ ਰਹੇ ਨੇ, 1978 ਦੇ ਸਾਕੇ ਉਪਰੰਤ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਨੇ ਸਿੱਖ ਰਾਜ ਲਈ ਸਿੱਖਾਂ ਨੂੰ ਮੁੜ ਲਾਮਬੰਦ ਕੀਤਾ, ਸੰਨ 1984 ‘ਚ ਸ੍ਰੀ ਦਰਬਾਰ ਸਾਹਿਬ ਉੱਤੇ ਹੋਏ ਹਮਲੇ ਤੋਂ ਬਾਅਦ ਆਪਣੇ ਖ਼ਾਲਸਾ ਰਾਜ (ਖ਼ਾਲਿਸਤਾਨ) ਦੀ ਪ੍ਰਾਪਤੀ ਲਈ ਸਿੱਖਾਂ ਨੇ ਦਸ ਸਾਲ ਪੂਰੇ ਜੋਸ਼ ਜਜ਼ਬੇ ਅਤੇ ਹੁਲਾਸ ਨਾਲ ਹਥਿਆਰਬੰਦ ਸੰਘਰਸ਼ ਲੜਿਆ ਤੇ ਰਾਜਨੀਤਿਕ ਅਤੇ ਜ਼ਮਹੂਰੀਅਤ ਤਰੀਕਿਆਂ ਨਾਲ ਸਿੱਖ ਅੱਜ ਵੀ ਯਤਨਸ਼ੀਲ ਹਨ। ‘ਰਾਜ ਕਰੇਗਾ ਖ਼ਾਲਸਾ’ ਦਾ ਦੋਹਰਾ ਪੜ੍ਹਨ ਵਾਲੇ ਹਰੇਕ ਸਿੱਖ ਦੇ ਅੰਦਰ ਖ਼ਾਲਸਾ ਰਾਜ ਨੂੰ ਮੁੜ ਸਾਕਾਰ ਕਰਨ ਦੀ ਤੜਪ ਹੈ। ਗੁਰੂ ਸਾਹਿਬਾਨਾਂ ਵੱਲੋਂ ਬਖ਼ਸ਼ਿਆ ਰਾਜ ਦਾ ਸੰਕਲਪ, ਸੁਤੰਤਰ ਖ਼ਾਲਸਾਈ ਸਿਧਾਂਤ ਅਤੇ ‘ਇਨ ਗਰੀਬ ਸਿੱਖਨ ਕੋ ਦੇਊਂ ਪਾਤਸ਼ਾਹੀ’ ਦਾ ਬਚਨ ਸਿੱਖਾਂ ਦੇ ਕਣ ਕਣ ਵਿੱਚ ਵਸਿਆ ਹੋਇਆ ਹੈ। ਜਦੋਂ ਸਿੱਖ, ਰਾਜ ਦੀ ਗੱਲ ਕਰਦੇ ਹਨ ਤਾਂ ਉਹ ਗੁਰੂ ਸਾਹਿਬ ਦੇ ਹੁਕਮ ‘ਤੇ ਹੀ ਪਹਿਰਾ ਦੇ ਰਹੇ ਹੁੰਦੇ ਹਨ।
ਰਣਜੀਤ ਸਿੰਘ ਦਮਦਮੀ ਟਕਸਾਲ
(ਪ੍ਰਧਾਨ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ)
ਮੋ: 8872293883
……….

