ਲੁਧਿਆਣਾ 3 ਜੁਲਾਈ (ਵਰਲਡ ਪੰਜਾਬੀ ਟਾਈਮਜ਼)
ਪੀ ਏ ਯੂ ਦੇ ਸਾਬਕਾ ਵਿਦਿਆਰਥੀ, ਡਾ. ਯੋਗਰਾਜ ਸ਼ਰਮਾ, ਸੀਨੀਅਰ ਪਲਾਂਟ ਪੈਥੋਲੋਜਿਸਟ ਨੇ ਆਪਣੇ ਸਕੂਲ ਅਧਿਆਪਕ ਸ. ਸੁੰਦਰ ਸਿੰਘ ਘੁੰਮਣ ਦੀ ਯਾਦ ਵਿੱਚ ਸਕਾਲਰਸ਼ਿਪ ਸਥਾਪਤ ਕਰਨ ਲਈ ਖੇਤੀਬਾੜੀ ਕਾਲਜ ਨੂੰ 5 ਲੱਖ ਰੁਪਏ ਦਾਨ ਕੀਤੇ ਹਨ।
ਡਾ. ਸ਼ਰਮਾ ਨੇ ਕਿਹਾ ਕਿ ਇਹ ਸਕਾਲਰਸ਼ਿਪ ਉਨ੍ਹਾਂ ਦੇ ਸਕੂਲ ਅਧਿਆਪਕ ਸ. ਸੁੰਦਰ ਸਿੰਘ ਘੁੰਮਣ ਨੂੰ ਸ਼ਰਧਾਂਜਲੀ ਹੈ, ਜਿਨ੍ਹਾਂ ਦੇ ਸਮਰਥਨ, ਮਾਰਗਦਰਸ਼ਨ ਅਤੇ ਉਤਸ਼ਾਹ ਨੇ ਉਨ੍ਹਾਂ ਦੇ ਅਕਾਦਮਿਕ ਸਫ਼ਰ ਦੌਰਾਨ ਮਹੱਤਵਪੂਰਨ ਭੂਮਿਕਾ ਨਿਭਾਈ। ਇਸ ਲਈ ਸ਼ੁਕਰ ਅਤੇ ਸਤਿਕਾਰ ਦੇ ਵਜੋਂ ਡਾ. ਸ਼ਰਮਾ ਨੇ ਸਥਾਈ ਰੂਪ ਵਿਚ ਉਨ੍ਹਾਂ ਦੇ ਯੋਗਦਾਨ ਨੂੰ ਯਾਦ ਕਰਨ ਦੀ ਇੱਛਾ ਪ੍ਰਗਟਾਈ ਜੋ ਯੋਗ ਵਿਦਿਆਰਥੀਆਂ ਨੂੰ ਲਾਭ ਪਹੁੰਚਾਏਗੀ।
ਇਹ ਸਕਾਲਰਸ਼ਿਪ ਆਰਥਿਕ ਤੌਰ ‘ਤੇ ਕਮਜ਼ੋਰ ਪਿਛੋਕੜ ਵਾਲੇ ਹੋਣਹਾਰ ਵਿਦਿਆਰਥੀਆਂ ਨੂੰ ਦਿੱਤੀ ਜਾਵੇਗੀ, ਜਿਸ ਨਾਲ ਉਹ ਵਿੱਤੀ ਰੁਕਾਵਟਾਂ ਤੋਂ ਬਿਨਾਂ ਆਪਣੀ ਵਿਦਿਆ ਪ੍ਰਾਪਤੀ ਜਾਰੀ ਰੱਖ ਸਕਣਗੇ। ਡਾ. ਸ਼ਰਮਾ ਨੇ ਉਮੀਦ ਪ੍ਰਗਟਾਈ ਕਿ ਸਕਾਲਰਸ਼ਿਪ ਨਾ ਸਿਰਫ਼ ਹੋਣਹਾਰ ਵਿਦਿਆਰਥੀਆਂ ‘ਤੇ ਵਿੱਤੀ ਬੋਝ ਨੂੰ ਘੱਟ ਕਰੇਗੀ ਸਗੋਂ ਆਉਣ ਵਾਲੀਆਂ ਪੀੜ੍ਹੀਆਂ ਵਿੱਚ ਹਮਦਰਦੀ ਅਤੇ ਸੇਵਾ ਦੇ ਸੱਭਿਆਚਾਰ ਨੂੰ ਵੀ ਪ੍ਰੇਰਿਤ ਕਰੇਗੀ। ਉਨ੍ਹਾਂ ਕਿਹਾ ਕਿ ਯੋਗ ਨੌਜਵਾਨਾਂ ਦੀ ਸਿੱਖਿਆ ਲਈ ਸਹਿਯੋਗ ਕਰਨਾ ਉਨ੍ਹਾਂ ਲੋਕਾਂ ਦਾ ਸਨਮਾਨ ਕਰਨ ਵਾਂਗ ਹੈ ਜਿਨ੍ਹਾਂ ਨੇ ਸਾਡੇ ਜੀਵਨ ਨੂੰ ਸਕਾਰਾਤਮਕ ਤੌਰ ‘ਤੇ ਪ੍ਰਭਾਵਿਤ ਕੀਤਾ ਹੈ।
ਪੀ ਏ ਯੂ ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਡਾ. ਸ਼ਰਮਾ ਦੇ ਇਸ ਯੋਗਦਾਨ ਦੀ ਸ਼ਲਾਘਾ ਕੀਤੀ। ਖੇਤੀਬਾੜੀ ਕਾਲਜ ਦੇ ਡੀਨ ਡਾ. ਚਰਨਜੀਤ ਸਿੰਘ ਔਲਖ ਨੇ ਡਾ. ਸ਼ਰਮਾ ਦੇ ਉਪਰਾਲੇ ਲਈ ਦਿਲੋਂ ਧੰਨਵਾਦ ਕੀਤਾ। ਡਾ. ਔਲਖ ਨੇ ਅੱਗੇ ਕਿਹਾ ਕਿ ਇਹ ਸਕਾਲਰਸ਼ਿਪ ਆਰਥਿਕ ਤੌਰ ‘ਤੇ ਕਮਜ਼ੋਰ ਵਰਗਾਂ ਦੇ ਹੋਣਹਾਰ ਵਿਦਿਆਰਥੀਆਂ ਨੂੰ ਸਹਾਇਤਾ ਪ੍ਰਦਾਨ ਕਰੇਗੀ ਅਤੇ ਸ. ਸੁੰਦਰ ਸਿੰਘ ਘੁੰਮਣ ਦੀ ਸਦੀਵੀ ਯਾਦ ਨੂੰ ਹੋਰ ਵੀ ਪ੍ਰਪੱਕ ਕਰੇਗੀ।

