
ਲੁਧਿਆਣਾ 18 ਮਈ (ਵਰਲਡ ਪੰਜਾਬੀ ਟਾਈਮਜ਼)
ਬੀਤੇ ਦਿਨੀਂ ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਇਕ ਰਸਮੀ ਸਮਾਰੋਹ ਦੌਰਾਨ ਪੀ.ਏ.ਯੂ. ਦੇ ਸਵੀਮਿੰਗ ਪੂਲ ਨੂੰ ਗਰਮੀਆਂ ਦੇ ਮੌਜੂਦਾ ਸੀਜ਼ਨ ਲਈ ਖੋਲ੍ਹਣ ਦਾ ਐਲਾਨ ਕੀਤਾ| ਡਾ. ਗੋਸਲ ਨੇ ਇਸ ਦੌਰਾਨ ਕਿਹਾ ਕਿ ਸਵੀਮਿੰਗ ਪੂਲ ਨੂੰ ਵਿਦਿਆਰਥੀਆਂ ਅਤੇ ਹੋਰ ਲੋਕਾਂ ਲਈ ਖੋਲਿਆ ਜਾਣਾ ਫਿਟਨੈਸ ਅਤੇ ਸਿਹਤ ਸੰਬੰਧੀ ਜਾਗਰੂਕਤਾ ਦੇ ਨਜ਼ਰੀਏ ਤੋਂ ਅਹਿਮ ਪੜਾਅ ਹੁੰਦਾ ਹੈ| ਉਹਨਾਂ ਕਿਹਾ ਕਿ ਉਹ ਰਾਸ਼ਟਰੀ ਪੱਧਰ ਤੇ ਖਿਡਾਰੀਆਂ ਦੇ ਚੰਗੇ ਪ੍ਰਦਰਸ਼ਨ ਦੀ ਉਮੀਦ ਕਰਦੇ ਹਨ ਅਤੇ ਉਹਨਾਂ ਨੇ ਇਸਦਾ ਵੱਧ ਤੋਂ ਵੱਧ ਲਾਹਾ ਲੈਣ ਲਈ ਵਿਦਿਆਰਥੀਆਂ ਨੂੰ ਪ੍ਰੇਰਿਤ ਕੀਤਾ|
ਇਸ ਸਮਾਰੋਹ ਦੌਰਾਨ ਨਿਰਦੇਸ਼ਕ ਵਿਦਿਆਰਥੀ ਭਲਾਈ ਡਾ. ਕਮਲਜੀਤ ਸਿੰਘ ਸੂਰੀ ਨੇ ਆਸ ਪ੍ਰਗਟਾਈ ਕਿ ਗਰਮ ਰੁੱਤ ਵਿਚ ਵਿਦਿਆਰਥੀ ਆਪਣੀ ਫਿਟਨੈਸ ਲਈ ਇਸ ਸਵੀਮਿੰਗ ਪੂਲ ਦਾ ਲਾਭ ਉਠਾਉਣਗੇ| ਉਹਨਾਂ ਨੇ ਯੂਨੀਵਰਸਿਟੀ ਦੇ ਬੁਨਿਆਦੀ ਢਾਂਚੇ ਨੂੰ ਵਿਦਿਆਰਥੀਆਂ ਦੀ ਭਲਾਈ ਲਈ ਇਸਤੇਮਾਲ ਕੀਤੇ ਜਾਣ ਦੇ ਤਹੱਈਏ ਨੂੰ ਦੁਹਰਾਇਆ|
ਪੀ.ਏ.ਯੂ. ਦੇ ਤੈਰਾਕੀ ਕੋਚ ਸ਼੍ਰੀ ਅਜੇ ਸ਼ਰਮਾ ਨੇ ਦੱਸਿਆ ਕਿ ਇਹ ਸਵੀਮਿੰਗ ਪੂਲ ਪੀ.ਏ.ਯੂ. ਤੋਂ ਇਲਾਵਾ ਲੁਧਿਆਣਾ ਦੇ ਆਮ ਲੋਕਾਂ ਲਈ ਵੀ ਸੇਵਾਵਾਂ ਮੁਹੱਈਆ ਕਰਵਾਏਗਾ| ਉਹਨਾਂ ਇਹ ਵੀ ਕਿਹਾ ਕਿ ਇਸ ਪੂਲ ਵਿਚ ਓਲੰਪਿਕ ਪੱਧਰ ਦੇ ਮਿਆਰ ਨਿਰਧਾਰਤ ਕੀਤੇ ਗਏ ਹਨ ਜਿਸ ਨਾਲ ਤੈਰਾਕੀ ਦੀ ਸਿਖਲਾਈ ਲੈਣ ਵਾਲਿਆਂ ਨੂੰ ਸੁਵਿਧਾ ਹੋ ਸਕੇ| ਇਸ ਮੌਕੇ ਡਾ. ਰੁਪਿੰਦਰ ਕੌਰ, ਡਾ. ਹਰਮੀਤ ਸਿੰਘ ਕਿੰਗਰਾ, ਡਾ ਸੁਖਬੀਰ ਸਿੰਘ, ਡਾ. ਪਰਮਵੀਰ ਸਿੰਘ, ਡਾ. ਧਰਮਿੰਦਰ ਸਿੰਘ ਅਤੇ ਡਾ. ਗਗਨਦੀਪ ਕੌਰ ਮੌਜੂਦ ਸਨ|

