
ਲੁਧਿਆਣਾ 16 ਮਈ (ਵਰਲਡ ਪੰਜਾਬੀ ਟਾਈਮਜ਼)
ਪੀ.ਏ.ਯੂ. ਦੇ ਕਮਿਊਨਟੀ ਸਾਇੰਸ ਕਾਲਜ ਦੇ ਐਪਰਲ ਅਤੇ ਟੈਕਸਟਾਇਲ ਵਿਗਿਆਨ ਵਿਭਾਗ ਨੇ ਇਕ ਮਹਿਮਾਨ ਭਾਸ਼ਣ ਆਯੋਜਨ ਕੀਤਾ| ਇਸ ਭਾਸ਼ਣ ਮੌਕੇ ਪ੍ਰਧਾਨਗੀ ਲਈ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਮੌਜੂਦ ਰਹੇ| ਉਹਨਾਂ ਨਾਲ ਕਾਲਜ ਦੇ ਡੀਨ ਡਾ. ਕਿਰਨ ਬੈਂਸ ਸ਼ਾਮਿਲ ਹੋਏ| ਮਹਿਮਾਨ ਭਾਸ਼ਣ ਦੇਣ ਲਈ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਐਪਰਲ ਅਤੇ ਟੈਕਸਟਾਇਲ ਤਕਨਾਲੋਜੀ ਵਿਭਾਗ ਦੇ ਸਹਾਇਕ ਪ੍ਰੋਫੈਸਰ ਡਾ. ਪਰਮਬੀਰ ਮੱਲੀ ਮੌਜੂਦ ਸਨ| ਆਪਣੇ ਭਾਸ਼ਣ ਦੌਰਾਨ ਡਾ. ਮੱਲੀ ਨੇ ਵਸਤਰ ਵਿਗਿਆਨ ਵਿਚ ਫੈਸ਼ਨ ਡਿਜ਼ਾਇੰਨਿੰਗ ਅਤੇ ਸਿਰਜਣਾਤਮਕ ਮੁਹਾਰਤ ਦੀ ਮਹੱਤਤਾ ਬਾਰੇ ਗੱਲ ਕੀਤੀ| ਇਸਦੇ ਨਾਲ ਹੀ ਉਹਨਾਂ ਨੇ ਕੱਪੜਿਆਂ ਦੀਆਂ ਕਿਸਮਾਂ, ਬਣਤਰ ਅਤੇ ਬੁਣਤਰ ਦੇ ਨਾਲ ਸਿਲਾਈ ਤਕਨੀਕਾਂ ਬਾਰੇ ਦੱਸਿਆ| ਡਾ. ਮੱਲੀ ਨੇ ਵਸਤਰ ਵਿਗਿਆਨ ਦੇ ਖੇਤਰ ਵਿਚ ਹੋਈ ਤਰੱਕੀ ਅਤੇ ਇਸ ਖੇਤਰ ਵਿਚ ਵਿਦਿਆਰਥੀਆਂ ਲਈ ਮੌਕਿਆਂ ਬਾਰੇ ਵੀ ਗੱਲ ਕੀਤੀ|
ਪ੍ਰਧਾਨਗੀ ਭਾਸ਼ਣ ਦਿੰਦਿਆਂ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਕਿਹਾ ਕਿ ਅਜੋਕੇ ਦੌਰ ਵਿਚ ਅਜਿਹੇ ਗਿਆਨ ਵਰਧਕ ਭਾਸ਼ਣ ਵਿਦਿਆਰਥੀਆਂ ਨੂੰ ਰਚਨਾਤਮਕ ਦਿਸ਼ਾ ਵੱਲ ਤੋਰਦੇ ਹਨ| ਉਹਨਾਂ ਨੇ ਸੰਸਾਰ ਦੀਆਂ ਵਸਤਰ ਦੇ ਖੇਤਰ ਵਿਚ ਬਦਲਦੀਆਂ ਰੁਚੀਆਂ ਬਾਰੇ ਵਿਸਥਾਰ ਨਾਲ ਗੱਲ ਕੀਤੀ ਅਤੇ ਕਿਹਾ ਕਿ ਹੁਣ ਵਸਤਰ ਮਨੁੱਖੀ ਸਖਸ਼ੀਅਤ ਦਾ ਅਭਿੰਨ ਅੰਗ ਬਣ ਚੁੱਕੇ ਹਨ ਅਤੇ ਇਸ ਖੇਤਰ ਨੂੰ ਤਕਨੀਕੀ ਤੌਰ ਤੇ ਮੁਹਾਰਤ ਨਾਲ ਜੋੜਨਾ ਸਮੇਂ ਦੀ ਲੋੜ ਹੈ|
ਕਾਲਜ ਦੇ ਡੀਨ ਡਾ. ਕਿਰਨ ਬੈਂਸ ਨੇ ਇਸ ਸ਼ਾਨਦਾਰ ਭਾਸ਼ਣ ਨੂੰ ਆਯੋਜਿਤ ਕਰਨ ਲਈ ਵਿਭਾਗ ਦੇ ਵਿਗਿਆਨੀਆਂ ਦੀ ਪ੍ਰਸ਼ੰਸ਼ਾ ਕੀਤੀ|

