ਲੁਧਿਆਣਾ 16 ਮਈ (ਵਰਲਡ ਪੰਜਾਬੀ ਟਾਈਮਜ਼)
ਪੀ.ਏ.ਯੂ. ਦੇ ਡਾਇਰੈਕਟੋਰੇਟ ਪਸਾਰ ਸਿੱਖਿਆ ਵੱਲੋਂ ਮਸਾਲੇ ਵਾਲੀਆਂ ਅਤੇ ਮਹਿਕਦਾਰ ਫਸਲਾਂ ਉਗਾਉਣ ਵਾਲੇ ਕਿਸਾਨਾਂ ਦੇ ਕਲੱਬ ਲਈ ਵਿਸ਼ੇਸ਼ ਸਿਖਲਾਈ ਕੈਂਪ ਆਯੋਜਿਤ ਕੀਤਾ ਗਿਆ| ਇਸ ਵਿਚ 20 ਕਿਸਾਨ ਸ਼ਾਮਿਲ ਹੋਏ| ਜੈਵਿਕ ਅਤੇ ਕੁਦਰਤੀ ਖੇਤੀ ਸਕੂਲ ਦੇ ਡਾ. ਰਜਿੰਦਰ ਕੁਮਾਰ ਦੀ ਸੰਚਾਲਨਾ ਹੇਠ ਹੋਏ ਇਸ ਸਿਖਲਾਈ ਕੈਂਪ ਵਿਚ ਮਾਹਿਰਾਂ ਨੇ ਮਸਾਲੇ ਵਾਲੀਆਂ ਫਸਲਾਂ ਦੀ ਕਾਸ਼ਤ ਦੀਆਂ ਤਕਨੀਕਾਂ ਅਤੇ ਮੰਡੀ ਵਿਚ ਇਹਨਾਂ ਦੀਆਂ ਸੰਭਾਵਨਾਵਾਂ ਬਾਰੇ ਵਿਸਥਾਰ ਨਾਲ ਗੱਲ ਕੀਤੀ| ਡਾ. ਵਜਿੰਦਰ ਪਾਲ ਨੇ ਮਸਾਲੇ ਵਾਲੀਆਂ ਫਸਲਾਂ ਦੀ ਕਾਸ਼ਤ ਅਤੇ ਮਹੱਤਤਾ ਬਾਰੇ, ਡਾ. ਗੁਰਨਾਜ਼ ਗਿੱਲ ਨੇ ਪ੍ਰੋਸੈਸਿੰਗ ਦੀਆਂ ਆਧੁਨਿਕ ਤਕਨੀਕਾਂ ਬਾਰੇ, ਡਾ. ਖੁਸ਼ਦੀਪ ਧਰਨੀ ਨੇ ਮੰਡੀਕਰਨ ਦੇ ਤਰੀਕਿਆਂ ਬਾਰੇ ਗੱਲਬਾਤ ਕੀਤੀ| ਮਸਾਲਿਆਂ ਦੀ ਪ੍ਰੋਸੈਸਿੰਗ ਲਈ ਐਗਰੋ ਪ੍ਰੋਸੈਸਿੰਗ ਯੂਨਿਟ ਦਾ ਦੌਰਾ ਕਿਸਾਨਾਂ ਨੂੰ ਕਰਵਾਇਆ ਗਿਆ| ਇਸ ਦੌਰੇ ਦੇ ਸੰਯੋਜਕ ਡਾ. ਗੁਰਵੀਰ ਕੌਰ ਸਨ| ਕਿਸਾਨਾਂ ਨੇ ਮਾਹਿਰਾਂ ਕੋਲੋਂ ਆਪਣੇ ਸਵਾਲਾਂ ਦੇ ਜਵਾਬ ਲਏ ਅਤੇ ਹਲਦੀ ਅਤੇ ਹੋਰ ਮਸਾਲੇ ਵਾਲੀਆਂ ਕਿਸਮਾਂ ਦੀ ਕਾਸ਼ਤ ਲਈ ਵਿਸ਼ੇਸ਼ ਦਿਲਚਸਪੀ ਦਿਖਾਈ|

