ਲੁਧਿਆਣਾ 20 ਜੂਨ (ਵਰਲਡ ਪੰਜਾਬੀ ਟਾਈਮਜ਼)
ਪੀ.ਏ.ਯੂ. ਦੇ ਪੰਜ ਵਿਦਿਆਰਥੀਆਂ ਕੈਂਪਸ ਇੰਟਰਵਿਊ ਰਾਹੀਂ ਟਰਾਈਡੈਂਟ ਗਰੁੱਪ ਵਿਚ ਨੌਕਰੀ ਲਈ ਚੁਣੇ ਗਏ ਹਨ| ਇਹ ਇੰਟਰਵਿਊ ਯੂਨੀਵਰਸਿਟੀ ਦੇ ਕਾਊਂਸਲਿੰਗ ਅਤੇ ਪਲੇਸਮੈਂਟ ਗਾਈਡੈਂਸ ਸੈੱਲ ਵੱਲੋਂ ਆਯੋਜਿਤ ਕੀਤੀ ਗਈ|
ਇਹਨਾਂ ਵਿਦਿਆਰਥੀਆਂ ਵਿਚ ਜਸਨੂਰ ਸਿੰਘ, ਹਰਮਨਪ੍ਰੀਤ ਕੌਰ, ਸੁਨੈਨਾ ਅਤੇ ਗੁਰਵਿੰਦਰ ਸਿੰਘ ਯੂਨੀਵਰਸਿਟੀ ਦੇ ਬੀ ਐੱਸ ਸੀ ਐਗਰੀਕਲਚਰ 4 ਸਾਲਾ ਪ੍ਰੋਗਰਾਮ ਨਾਲ ਸੰਬੰਧਿਤ ਹਨ| ਇਕ ਹੋਰ ਵਿਦਿਆਰਥੀ ਲਖਵਿੰਦਰ ਸਿੰਘ ਬੀ ਐੱਸ ਸੀ ਐਗਰੀਕਲਚਰ 6 ਸਾਲਾ ਪ੍ਰੋਗਰਾਮ ਤਹਿਤ ਸਿੱਖਿਆ ਹਾਸਲ ਕਰ ਰਿਹਾ ਹੈ| ਇਹ ਜਾਣਕਾਰੀ ਪਲੇਸਮੈਂਟ ਗਾਈਡੈਂਸ ਸੈੱਲ ਦੇ ਇੰਚਾਰਜ ਡਾ. ਸੰਦੀਪ ਜੈਨ ਨੇ ਦਿੱਤੀ|
ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਇਹਨਾਂ ਵਿਦਿਆਰਥੀਆਂ ਨੂੰ ਸ਼ੁਭ ਕਾਮਨਾਵਾਂ ਦਿੰਦਿਆਂ ਪੀ.ਏ.ਯੂ. ਦੇ ਵਿਦਿਆਰਥੀਆਂ ਵੱਲੋਂ ਵੱਖ-ਵੱਖ ਖੇਤਰਾਂ ਵਿਚ ਪਾਏ ਜਾ ਰਹੇ ਯੋਗਦਾਨ ਦੀ ਸ਼ਲਾਘਾ ਕੀਤੀ| ਰਜਿਸਟਰਾਰ ਡਾ. ਰਿਸ਼ੀਪਾਲ ਸਿੰਘ ਆਈ ਏ ਐੱਸ ਨੇ ਕਿਹਾ ਕਿ ਇਹਨਾਂ ਵਿਦਿਆਰਥੀਆਂ ਨੂੰ ਰੁਜ਼ਗਾਰ ਦਾ ਮੌਕਾ ਪ੍ਰਸਿੱਧ ਸੰਸਥਾਨ ਨਾਲ ਜੁੜ ਕੇ ਮਿਲਿਆ ਹੈ ਅਤੇ ਇਹ ਇਹਨਾਂ ਦੇ ਭਵਿੱਖ ਲਈ ਸ਼ੁਭ ਸ਼ਗਨ ਹੈ| ਖੇਤੀਬਾੜੀ ਕਾਲਜ ਦੇ ਡੀਨ ਡਾ. ਚਰਨਜੀਤ ਸਿੰਘ ਔਲਖ ਅਤੇ ਨਿਰਦੇਸ਼ਕ ਵਿਦਿਆਰਥੀ ਭਲਾਈ ਡਾ. ਕਮਲਜੀਤ ਸਿੰਘ ਸੂਰੀ ਨੇ ਵੀ ਚੁਣੇ ਗਏ ਵਿਦਿਆਰਥੀਆਂ ਨੂੰ ਵਧਾਈ ਦਿੱਤੀ|

