ਲੁਧਿਆਣਾ 20 ਜੂਨ (ਵਰਲਡ ਪੰਜਾਬੀ ਟਾਈਮਜ਼)
ਪੀ.ਏ.ਯੂ. ਦੇ ਪਲਾਂਟ ਬਰੀਡਿੰਗ ਅਤੇ ਜੈਨੇਟਿਕਸ ਵਿਭਾਗ ਦੇ ਮੱਕੀ ਸੈਕਸ਼ਨ ਨੇ ਜ਼ਿਲ੍ਹਾ ਲੁਧਿਆਣਾ ਵਿਚ ਸਾਉਣੀ ਮੱਕੀ ਦੀ ਬਿਜਾਈ ਨੂੰ ਹੁਲਾਰਾ ਦੇਣ ਲਈ ਵਿਸ਼ੇਸ਼ ਯਤਨਾਂ ਤਹਿਤ ਪਸਾਰ ਮਾਹਿਰਾਂ ਦੀ ਸਿਖਲਾਈ ਆਯੋਜਿਤ ਕੀਤੀ| ਇਸ ਵਿਚ ਸਾਉਣੀ ਰੁੱਤ ਦੌਰਾਨ ਮੱਕੀ ਦੀ ਕਾਸ਼ਤ ਵਾਸਤੇ ਵਿਕਸਿਤ ਉਤਪਾਦਨ ਤਕਨੀਕਾਂ ਦੀ ਜਾਣਕਾਰੀ ਪਸਾਰ ਮਾਹਿਰਾਂ ਤੱਕ ਪਹੁੰਚਾਈ ਗਈ| ਇਸ ਸਿਖਲਾਈ ਵਿਚ 11 ਜ਼ਿਲ੍ਹਿਆਂ ਦੇ ਵੱਖ-ਵੱਖ ਬਲਾਕਾਂ ਤੋਂ 47 ਦੇ ਕਰੀਬ ਪਸਾਰ ਅਧਿਕਾਰੀ ਸ਼ਾਮਿਲ ਹੋਏ ਜਿਨ੍ਹਾਂ ਵਿਚ ਖੇਤੀ ਅਧਿਕਾਰੀ, ਖੇਤ ਵਿਕਾਸ ਅਧਿਕਾਰੀ, ਖੇਤੀ ਪਸਾਰ ਅਧਿਕਾਰੀ ਅਤੇ ਖੇਤੀਬਾੜੀ ਸਬ ਇੰਸਪੈਕਟਰ ਸ਼ਾਮਿਲ ਸਨ|
ਇਸ ਸਿਖਲਾਈ ਪ੍ਰੋਗਰਾਮ ਦਾ ਆਯੋਜਨ ਪ੍ਰਮੁੱਖ ਮੱਕੀ ਮਾਹਿਰ ਡਾ. ਸੁਰਿੰਦਰ ਸੰਧੂ ਅਤੇ ਮੱਕੀ ਸੈਕਸ਼ਨ ਦੀ ਸਮੁੱਚੀ ਟੀਮ ਨੇ ਕੀਤਾ| ਵੱਖ-ਵੱਖ ਖੇਤਰਾਂ ਦੇ ਮਾਹਿਰਾਂ ਨੇ ਕਈ ਵਿਸ਼ਿਆਂ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ ਜਿਨ੍ਹਾਂ ਵਿੱਚੋਂ ਫਾਲ ਆਰਮੀਵਰਮ ਦੀ ਰੋਕਥਾਮ, ਬਿਮਾਰੀਆਂ ਦੀ ਰੋਕਥਾਮ, ਵਿਕਸਿਤ ਖੇਤੀ ਵਿਗਿਆਨਕ ਤਕਨੀਕਾਂ, ਮੱਕੀ ਦੀਆਂ ਉੱਨਤ ਕਿਸਮਾਂ ਅਤੇ ਹਾੲਬ੍ਰਿਡ ਦੇ ਨਾਲ ਖੇਤੀ ਮਸ਼ੀਨਰੀ ਸ਼ਾਮਿਲ ਹੈ| ਡਾ. ਜਵਾਲਾ ਜਿੰਦਲ, ਡਾ. ਹਰਲੀਨ ਕੌਰ, ਡਾ. ਮਹੇਸ਼ ਕੁਮਾਰ, ਡਾ. ਤੋਸ਼ ਗਰਗ ਅਤੇ ਡਾ. ਮਹੇਸ਼ ਨਾਰੰਗ ਨੇ ਮੁੱਖ ਵਕਤਾਵਾਂ ਦੇ ਤੌਰ ਤੇ ਆਪਣੇ ਵਿਚਾਰ ਸਾਂਝੇ ਕੀਤੇ|
