ਲੁਧਿਆਣਾ 10 ਜੁਲਾਈ (ਵਰਲਡ ਪੰਜਾਬੀ ਟਾਈਮਜ਼)
ਪੀ.ਏ.ਯੂ. ਦੇ ਖੇਤੀ ਇੰਜਨੀਅਰਿੰਗ ਅਤੇ ਤਕਨਾਲੋਜੀ ਕਾਲਜ ਵਿਚ ਬੀ ਟੈੱਕ (ਖੇਤੀ ਇੰਜਨੀਅਰਿੰਗ) ਦੇ ਵਿਦਿਆਰਥੀ ਸ਼੍ਰੀ ਵਿਸ਼ਾਲ ਸੂਦ ਨੂੰ ਐਮਾਜ਼ੋਨ ਕੰਪਨੀ ਵਿਚ ਕੰਮ ਕਰਨ ਬਦਲੇ 20 ਲੱਖ ਸਲਾਨਾ ਦਾ ਤਨਖਾਹ ਪੈਕੇਜ ਹਾਸਲ ਹੋਇਆ ਹੈ| ਜ਼ਿਕਰਯੋਗ ਹੈ ਕਿ ਬੀ ਟੈੱਕ ਦੇ ਗ੍ਰੈਜੂਏਟਾਂ ਨੂੰ ਇਸ ਤੋਂ ਇਲਾਵਾ ਵੀ ਉੱਚ ਪੱਧਰੀ ਕੰਪਨੀਆਂ ਦੇ ਕਰਾਰਨਾਮੇ ਹਾਸਲ ਹੋਏ ਹਨ| ਇਹ ਵੀ ਧਿਆਨਦੇਣ ਯੋਗ ਹੈ ਕਿ ਵਿਸ਼ਾਲ ਮੁੱਢਲੇ ਰੂਪ ਵਿਚ ਐਮਾਜ਼ੋਨ ਨਾਲ ਇਕ ਲੱਖ 10 ਹਜ਼ਾਰ ਰੁਪਏ ਮਹੀਨੇ ਉੱਪਰ ਸਿਖਿਆਰਥੀ ਵਜੋਂ ਆਪਣਾ ਕੰਮ ਸ਼ੁਰੂ ਕਰੇਗਾ| ਉਸਦੀ ਤਨਖਾਹ ਕੰਮ ਅਤੇ ਪ੍ਰਦਰਸ਼ਨ ਦੇ ਹਿਸਾਬ ਨਾਲ ਇਜ਼ਾਫਾ ਹਾਸਲ ਕਰਦੀ ਜਾਏਗੀ|
ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ, ਖੇਤੀ ਇੰਜਨੀਅਰਿੰਗ ਕਾਲਜ ਦੇ ਡੀਨ ਡਾ. ਮਨਜੀਤ ਸਿੰਘ ਅਤੇ ਕਾਲਜ ਦੇ ਪਲੇਸਮੈਂਟ ਸੈੱਲ ਦੇ ਇੰਚਾਰਜ ਡਾ. ਸਤੀਸ਼ ਕੁਮਾਰ ਗੁਪਤਾ ਨੇ ਸ਼੍ਰੀ ਵਿਸ਼ਾਲ ਸੂਦ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੰਦਿਆਂ ਹੋਰ ਵਿਦਿਆਰਥੀਆਂ ਲਈ ਪ੍ਰੇਰਨਾਦਾਇਕ ਮੌਕਾ ਕਿਹਾ|

