ਵਾਈਸ ਚਾਂਸਲਰ ਨੇ ਭੂਮੀ ਅਤੇ ਪਾਣੀ ਸਾਂਭਣ ਲਈ ਯੂਨੀਵਰਸਿਟੀ ਦੀਆਂ ਸਿਫਾਰਿਸ਼ਾਂ ਅਪਣਾਉਣ ਦਾ ਸੱਦਾ ਦਿੱਤਾ

ਲੁਧਿਆਣਾ 10 ਜੁਲਾਈ (ਵਰਲਡ ਪੰਜਾਬੀ ਟਾਈਮਜ਼)
ਅੱਜ ਪੀ ਏ ਯੂ ਦੇ ਡਾਇਰੈਕਟੋਰੇਟ ਪਸਾਰ ਸਿੱਖਿਆ ਵਲੋਂ ਭੂਮੀ ਅਤੇ ਪਾਣੀ ਸੰਭਾਲ ਲਈ ਇੱਕ ਰੋਜ਼ਾ ਖੋਜ ਅਤੇ ਪਸਾਰ ਮਾਹਿਰਾਂ ਦੀ ਗੋਸ਼ਟੀ ਆਯੋਜਿਤ ਕੀਤੀ ਗਈ। ਇਸ ਵਿੱਚ ਕੁੱਲ 265 ਖੋਜ ਅਤੇ ਪਸਾਰ ਵਿਗਿਆਨੀਆਂ ਤੋਂ ਇਲਾਵਾ ਰਾਜ ਦੇ ਭੂਮੀ ਅਤੇ ਪਾਣੀ ਸੰਭਾਲ ਅਧਿਕਾਰੀਆਂ ਨੇ ਹਿੱਸਾ ਲੈ ਕੇ ਚਲੰਤ ਮੁੱਦਿਆਂ ਬਾਰੇ ਚਰਚਾ ਨੂੰ ਅਗਾਂਹ ਤੋਰਿਆ।
ਉਦਘਾਟਨੀ ਭਾਸ਼ਣ ਵਿੱਚ ਮੁੱਖ ਮਹਿਮਾਨ ਅਤੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਪਾਣੀ, ਭੂਮੀ, ਜਲਵਾਯੂ ਅਤੇ ਵਾਤਾਵਰਣ ਦੇ ਵਿਗਾੜ ਨਾਲ ਸਬੰਧਤ ਸਮੱਸਿਆਵਾਂ ‘ਤੇ ਡੂੰਘੀ ਚਿੰਤਾ ਪ੍ਰਗਟਾਈ। ਉਨ੍ਹਾਂ ਨੇ ਭਾਰਤੀ ਆਬਾਦੀ ਦੇ ਲਗਾਤਾਰ ਵਾਧੇ ਦੇ ਮੱਦੇਨਜ਼ਰ ਭੋਜਨ ਅਤੇ ਪੌਸ਼ਟਿਕ ਸੁਰੱਖਿਆ ਵੱਲ ਧਿਆਨ ਕੇਂਦਰਿਤ ਕਰਨ ਲਈ ਵਿਗਿਆਨੀਆਂ ਨੂੰ ਪ੍ਰੇਰਿਆ। ਪਾਣੀ ਸੰਭਾਲ ਤਕਨਾਲੋਜੀਆਂ ਦਾ ਹਵਾਲਾ ਦਿੰਦੇ ਹੋਏ ਡਾ ਗੋਸਲ ਨੇ ਲੇਜ਼ਰ ਲੈਂਡ ਲੈਵਲਰ ਕਰਾਹਾ, ਬੈੱਡਾਂ ਉੱਪਰ ਬਿਜਾਈ, ਜਲਦ ਪੱਕਣ ਵਾਲੀਆਂ ਝੋਨੇ ਦੀਆਂ ਕਿਸਮਾਂ , ਝੋਨੇ ਦੀ ਸਿੱਧੀ ਬਿਜਾਈ ਦੀ ਤਕਨੀਕ, ਮੀਂਹ ਦੇ ਪਾਣੀ ਦੀ ਸੰਭਾਲ, ਨੀਮ ਪਹਾੜੀ ਖੇਤਰ ਵਿੱਚ ਮੀਂਹ ਦੇ ਪਾਣੀ ਨੂੰ ਇੱਕਤਰ ਕਰਨ ਦੇ ਨਾਲ ਨਾਲ ਸੈਂਸਰ-ਅਧਾਰਤ ਸਿੰਚਾਈ ਪ੍ਰਣਾਲੀ ਦਾ ਜ਼ਿਕਰ ਕੀਤਾ। ਇਸ ਤੋਂ ਇਲਾਵਾ, ਉਨ੍ਹਾਂ ਨੇ ਪੰਜਾਬ ਵਿੱਚ ਸੂਖਮ ਸਿੰਚਾਈ ਵਿਧੀਆਂ ਲਈ ਯੂਨੀਵਰਸਿਟੀ ਵਲੋਂ ਕੀਤੇ ਜਾ ਰਹੇ ਯਤਨਾਂ ਬਾਰੇ ਆਸਵੰਦੀ ਪ੍ਰਗਟ ਕੀਤੀ। ਵਾਈਸ ਚਾਂਸਲਰ ਨੇ ਦੱਸਿਆ ਕਿ ਪੀ ਏ ਯੂ ਨੇ 990 ਫਸਲਾਂ ਦੀਆਂ ਕਿਸਮਾਂ ਦਾ ਵਿਕਾਸ ਕੀਤਾ ਹੈ ਜਿਨ੍ਹਾਂ ਵਿਚੋਂ ਢਾਈ ਸੌ ਤੋਂ ਵੱਧ ਰਾਸ਼ਟਰੀ ਪੱਧਰ ਤੇ ਕਾਸ਼ਤ ਲਈ ਪ੍ਰਵਾਨ ਹੋਈਆਂ। ਉਨ੍ਹਾਂ ਕਿਹਾ ਕਿ ਆਪਣੀ ਸਥਾਪਨਾ ਦੇ 63 ਸਾਲ ਪੂਰੇ ਕਰਨ ਵਾਲੀ ਸੰਸਥਾ ਨੇ ਖੇਤੀ ਖੋਜ, ਪਸਾਰ ਅਤੇ ਸਿੱਖਿਆ ਦੇ ਖੇਤਰ ਵਿਚ ਲਾਮਿਸਾਲ ਕਾਰਜ ਨੂੰ ਅੰਜਾਮ ਦਿੱਤਾ ਹੈ। ਉਨ੍ਹਾਂ ਕਿਹਾ ਕਿ ਭਵਿੱਖ ਨੂੰ ਸੁਹਣਾ ਬਣਾਉਣ ਲਈ ਕੁਦਰਤੀ ਸਰੋਤਾਂ ਦੀ ਸੰਭਾਲ ਅੱਜ ਦੀ ਚੁਣੌਤੀ ਹੈ ਤੇ ਇਸ ਸਿਲਸਿਲੇ ਵਿਚ ਪੀ ਏ ਯੂ ਦੀਆਂ ਸਿਫਾਰਿਸ਼ਾਂ ਉੱਪਰ ਅਮਲ ਕਰਨ ਬੜਾ ਕਾਰਗਰ ਰਸਤਾ ਹੈ।
ਭੂਮੀ ਅਤੇ ਪਾਣੀ ਦੀ ਮਹੱਤਤਾ ‘ਤੇ ਜ਼ੋਰ ਦਿੰਦਿਆਂ ਪੰਜਾਬ ਦੇ ਮੁੱਖ ਭੂਮੀ ਸੰਭਾਲ ਅਧਿਕਾਰੀ ਸ੍ਰੀ ਮਹਿੰਦਰ ਸਿੰਘ ਨੇ ਸਿੰਚਾਈ ਲਈ ਨਹਿਰੀ ਪਾਣੀ ਅਤੇ ਤਲਾਬਾਂ ਦੇ ਪਾਣੀ ਦੀ ਵਧਦੀ ਵਰਤੋਂ ‘ਤੇ ਚਾਨਣਾ ਪਾਇਆ। ਫਸਲੀ ਵਿਭਿੰਨਤਾ ਦੀ ਵਕਾਲਤ ਕਰਦੇ ਹੋਏ, ਉਨ੍ਹਾਂ ਨੇ ਮੌਜੂਦਾ ਜਲ ਸੰਕਟ ਦੇ ਹੱਲ ਵਜੋਂ ਸੂਖਮ-ਸਿੰਚਾਈ ਤਕਨੀਕ ਅਤੇ ਮੀਂਹ ਦੇ ਪਾਣੀ ਨੂੰ ਸੰਭਾਲਣ ਦੀ ਸਲਾਹ ਦਿੱਤੀ। ਸ੍ਰੀ ਮਹਿੰਦਰ ਸਿੰਘ ਨੇ ਪਾਣੀ ਪ੍ਰਬੰਧਨ ਲਈ ਸਰਕਾਰ ਦੁਆਰਾ ਦਿੱਤੀਆਂ ਜਾ ਰਹੀਆਂ ਸਬਸਿਡੀ ਯੋਜਨਾਵਾਂ ‘ਤੇ ਵੀ ਚਾਨਣਾ ਪਾਇਆ।
ਨਿਰਦੇਸ਼ਕ ਖੋਜ ਡਾ.ਅਜਮੇਰ ਸਿੰਘ ਢੱਟ ਨੇ ਵੱਖ-ਵੱਖ ਫਸਲਾਂ ਲਈ ਪਿਛਲੇ ਇਕ ਸਾਲ ਦੌਰਾਨ ਵਿਕਸਿਤ ਅਤੇ ਪ੍ਰਮਾਣਿਤ ਹੋਈਆਂ ਉਤਪਾਦਨ ਅਤੇ ਸੁਰੱਖਿਆ ਤਕਨਾਲੋਜੀਆਂ ਉੱਪਰ ਚਾਨਣਾ ਪਾਇਆ। ਕੁਦਰਤੀ ਸਰੋਤਾਂ ਦੀ ਸਮਝਦਾਰੀ ਨਾਲ ਵਰਤੋਂ ਨੂੰ ਉਤਸ਼ਾਹਿਤ ਕਰਦੇ ਹੋਏ ਉਨ੍ਹਾਂ ਨੇ ਨਵੀਆਂ ਸਿਫ਼ਾਰਸ਼ਾਂ ਜਿਵੇਂ ਕਿ ਖੁੱਲ੍ਹੇ ਸ਼ਹਿਰੀ ਖੇਤਰਾਂ ਅਤੇ ਸੜਕਾਂ ਦੇ ਕਿਨਾਰਿਆਂ ‘ਤੇ ਜ਼ਮੀਨਦੋਜ਼ ਰੀਚਾਰਜ ਅਤੇ ਹੜ੍ਹ ਦੇ ਪਾਣੀ ਪ੍ਰਬੰਧਨ ਲਈ ਬਾਇਓਰੀਟੈਂਸ਼ਨ ਸੈੱਲਾਂ ਦੀ ਸਥਾਪਨਾ, ਝੋਨੇ ਦੀ ਸਿੱਧੀ ਬਿਜਾਈ ਲਈ ਢੁਕਵੀਆਂ ਕਿਸਮਾਂ ਦੀ ਬਿਜਾਈ, ਬਦਲਵੇਂ ਫ਼ਸਲੀ ਚੱਕਰ ਫਸਲੀ ਪੈਟਰਨ (ਮੱਕੀ/ਅਰਹਰ-ਕਣਕ, ਝੋਨਾ-ਕਣਕ-ਗਰਮੀਆਂ ਦੀ ਮੂੰਗੀ ਅਤੇ ਮੱਕੀ/ਸੋਇਆਬੀਨ-ਕਣਕ-ਗਰਮੀਆਂ ਦੀ ਮੂੰਗੀ), ਕੁਦਰਤੀ ਖੇਤੀ ਵਾਲੇ ਖੇਤਾਂ ਵਿਚ ਗਰਮੀਆਂ ਦੀ ਮੂੰਗੀ ਦੀ ਕਾਸ਼ਤ ਆਦਿ ‘ਤੇ ਚਾਨਣਾ ਪਾਇਆ। ਡਾ. ਢੱਟ ਨੇ ਤੁਪਕਾ ਸਿੰਚਾਈ ਅਤੇ ਸੈਂਸਰ-ਅਧਾਰਤ ਸਿੰਚਾਈ ਨੂੰ ਬਹੁਤ ਪ੍ਰਭਾਵਸ਼ਾਲੀ ਪਾਣੀ ਸੰਭਾਲ ਤਕਨਾਲੋਜੀਆਂ ਕਿਹਾ।
ਆਪਣੇ ਸਵਾਗਤੀ ਭਾਸ਼ਣ ਵਿੱਚ, ਪੀ ਏ ਯੂ ਦੇ ਨਿਰਦੇਸ਼ਕ ਪਸਾਰ ਸਿੱਖਿਆ ਡਾ ਮੱਖਣ ਸਿੰਘ ਭੁੱਲਰ ਨੇ ਪਾਣੀ ਦੀ ਸੰਭਾਲ ਲਈ ਝੋਨੇ ਦੀਆਂ ਢੁਕਵੀਆਂ ਕਿਸਮਾਂ ਦੇ ਵਿਕਾਸ ਲਈ ਜ਼ਰੂਰੀ ਜਰਮਪਲਾਜ਼ਮ ਦੀ ਪਛਾਣ ਕਰਨ ‘ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਸਿੱਧੀ ਬਿਜਾਈ, ਭੂਮੀ ਹੇਠਲੇ ਪਾਣੀ ਦੇ ਰੀਚਾਰਜ, ਜਲਦੀ ਪੱਕਣ ਵਾਲੀਆਂ ‘ਪੀਆਰ’ ਕਿਸਮਾਂ ਦੀ ਵਰਤੋਂ ਅਤੇ ਪਾਣੀ ਨਾਲ ਸਬੰਧਤ ਸਮੱਸਿਆਵਾਂ ਨਾਲ ਨਜਿੱਠਣ ਲਈ ਮੀਂਹ ਦੇ ਪਾਣੀ ਦੀ ਸੰਭਾਲ ਦੀ ਵਕਾਲਤ ਕੀਤੀ।
ਖੇਤੀਬਾੜੀ ਕਾਲਜ, ਬੱਲੋਵਾਲ ਸੌਂਖੜੀ ਦੇ ਡੀਨ ਡਾ. ਮਨਮੋਹਨਜੀਤ ਸਿੰਘ ਨੇ ਗੋਸ਼ਟੀ ਵਿਚ ਸ਼ਾਮਿਲ ਹੋਏ ਵਿਦਵਾਨਾਂ ਦਾ ਸਵਾਗਤ ਕੀਤਾ।
ਅਪਰ ਨਿਰਦੇਸ਼ਕ ਸੰਚਾਰ ਡਾ ਤੇਜਿੰਦਰ ਸਿੰਘ ਰਿਆੜ ਨੇ ਸਮਾਗਮ ਦਾ ਸੰਚਾਲਨ ਕਰਦਿਆਂ ਯੂਨੀਵਰਸਿਟੀ ਵਲੋਂ ਸਰੋਤ ਸੰਭਾਲ ਲਈ ਫੈਲਾਈ ਜਾ ਰਹੀ ਜਾਗਰੂਕਤਾ ਦੇ ਹਵਾਲੇ ਨਾਲ ਸੋਸ਼ਲ ਮੀਡੀਆ ਪ੍ਰੋਗਰਾਮਾਂ ਅਤੇ ਖੇਤੀ ਸਾਹਿਤ ਦੀ ਗੱਲ ਕੀਤੀ। ਉਨ੍ਹਾਂ ਕਿਹਾ ਕਿ ਕਾਮਯਾਬ ਕਿਸਾਨਾਂ ਦੀਆਂ ਕਹਾਣੀਆਂ ਹੋਰ ਲੋਕਾਂ ਤਕ ਪੁਚਾ ਕੇ ਉਨ੍ਹਾਂ ਨੂੰ ਪ੍ਰੇਰਿਤ ਕਰਨਾ ਸਮੇਂ ਦੀ ਲੋੜ ਹੈ।
ਵਰਕਸ਼ਾਪ ਦੌਰਾਨ ਦੋ ਤਕਨੀਕੀ ਸੈਸ਼ਨ ਆਯੋਜਿਤ ਕੀਤੇ ਗਏ। ਮਾਹਿਰਾਂ ਨੇ ਪੰਜਾਬ ਦੇ ਕੰਢੀ ਖੇਤਰਾਂ ਲਈ ਮਿੱਟੀ ਅਤੇ ਪਾਣੀ ਦੀ ਸੰਭਾਲ ਤਕਨਾਲੋਜੀਆਂ, ਮਿੱਟੀ ਅਤੇ ਪਾਣੀ ਦੀ ਸੰਭਾਲ ਲਈ ਭੂ-ਸਥਾਨਕ ਤਕਨੀਕਾਂ, ਪਾਣੀ ਦੀ ਬੱਚਤ ਲਈ ਏਆਈ-ਅਧਾਰਤ ਭਵਿੱਖਮੁਖੀ ਪਹੁੰਚਾਂ, ਕੰਢੀ ਖੇਤਰ ਲਈ ਮੌਸਮ ਸੂਚਨਾ ਪ੍ਰਣਾਲੀ ਦੇ ਵਿਕਾਸ, ਮਿੱਟੀ ਅਤੇ ਪਾਣੀ ਦੀ ਸੰਭਾਲ ਲਈ ਮਸ਼ੀਨਰੀ ਆਦਿ ਵਿਸ਼ਿਆਂ ‘ਤੇ ਵਿਚਾਰ-ਵਟਾਂਦਰਾ ਕੀਤਾ। ਇਸ ਮੌਕੇ ਇੱਕ ਪ੍ਰਦਰਸ਼ਨੀ ਵੀ ਲਗਾਈ ਗਈ ਅਤੇ ਬਾਅਦ ਵਿੱਚ ਭਾਗੀਦਾਰਾਂ ਨੇ ਪ੍ਰਯੋਗਾਤਮਕ ਖੇਤਰਾਂ ਦਾ ਦੌਰਾ ਕੀਤਾ।

