ਲੁਧਿਆਣਾ 15 ਜੁਲਾਈ (ਵਰਲਡ ਪੰਜਾਬੀ ਟਾਈਮਜ਼)
ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਸਾਇੰਸਦਾਨਾਂ ਵਲੋ ਨਰਮੇ ਪੱਟੀ ਦਾ ਲਗਾਤਾਰ ਸਰਵੇਖਣ ਕੀਤਾ ਜਾ ਰਿਹਾ ਹੈ| ਸਰਵੇਖਣ ਦੌਰਾਨ ਪਤਾ ਲੱਗਾ ਹੈ ਕਿ ਨਰਮੇ ਦੇ ਕੁਝ ਖੇਤਾਂ ਵਿੱਚ ਚਿੱਟੀ ਮੱਖੀ ਦਾ ਹਮਲਾ ਘੱਟੋ-ਘੱਟ ਪੱਧਰ (6 ਮੱਖੀ ਪ੍ਰਤੀ ਪੱਤਾ) ਤੋਂ ਉੱਪਰ ਪਾਇਆ ਗਿਆ| ਹਾਲਾਂਕਿ ਜ਼ਿਆਦਾਤਾਰ ਖੇਤਾਂ ਵਿੱਚ ਚਿੱਟੀ ਮੱਖੀ ਦੀ ਜਨਸੰਖਿਆ ਘੱਟ ਹੈ ਪਰ ਅੱਜ ਕੱਲ ਦੇ ਮੌਸਮ ਦੇ ਅਨੁਕੁਲ ਹੋਣ ਕਰਕੇ ਇਨ੍ਹਾਂ ਦੀ ਜਨਸੰਖਿਆ ਵਿੱਚ ਤੇਜੀ ਨਾਲ ਵਾਧਾ ਹੋ ਰਿਹਾ ਹੈ| ਨਰਮੇ ਬਾਰੇ ਕੀਟ ਵਿਗਿਆਨ ਮਾਹਿਰ ਡਾ. ਵਿਜੇ ਕੁਮਾਰ ਨੇ ਕਿਸਾਨਾਂ ਨੂੰ ਸੁਝਾਅ ਦਿੱਤਾ ਕਿ ਉਹ ਆਪਣੇ ਖੇਤਾਂ ਦਾ ਲਗਾਤਾਰ ਸਰਵੇਖਣ ਕਰਦੇ ਰਹਿਣ| ਚਿੱਟੀ ਮੱਖੀ ਦੇ ਬੱਚੇ ਅਤੇ ਬਾਲਗ ਦੋਵੇਂ ਪੱਤਿਆਂ ਤੋਂ ਰਸ ਚੂਸਦੇ ਹਨ, ਜਿਸ ਦੇ ਸਿੱਟੇ ਵਜੋਂ ਪੱਤੇ ਪੀਲੇ ਪੇ ਜਾਂਦੇ ਹੈ ਅਤੇ ਪੱਤੇ ਦੇ ਉੱਪਰਲੇ ਹਿੱਸੇ ਤੇ ਆਪਣਾ ਮੱਲ ਤਿਆਗ (ਚਿਪਚਿਪਾ) ਕਰਦੇ ਹਨ ਜਿਸ ਉੱਪਰ ਬਾਅਦ ਵਿੱਚ ਕਾਲੀ ਉੱਲੀ ਲੱਗ ਜਾਂਦੀ ਹੈ| ਇਹ ਮੱਖੀ ਨਰਮੇ ਵਿੱਚ ਪੱਤਾ ਮਰੋੜ ਬਿਮਾਰੀ (ਲੀਫ ਕਰਲ) ਵੀ ਫੈਲਾਉਂਦੀ ਹੈ| ਚਿੱਟੀ ਮੱਖੀ ਦੀ ਸਰਵਪੱਖੀ ਰੋਕਥਾਮ ਲਈ ਛਿੜਕਾਅ ਉਸ ਸਮਂੇ ਸ਼ੁਰੂ ਕਰੋ ਜਦੋਂ ਬੂਟੇ ਦੇ ਉੱਪਰਲੇ ਹਿੱਸੇ ਵਿੱਚ ਸਵੇਰ ਨੂੰ 10 ਵਜੇ ਤੋਂ ਪਹਿਲਾਂ ਇਸ ਦੀ ਗਿਣਤੀ ਪ੍ਰਤੀ ਪੱਤਾ 6 ਹੋ ਜਾਵੇ| ਇਸ ਦੇ ਸਰਵੇਖਣ ਲਈ ਇੱਕ ਏਕੜ ਖੇਤ ਵਿੱਚੋਂ 10 ਬੂਟਿਆਂ ਦੀ ਚੋਣ ਕਰੋ ਅਤੇ ਇੱਕ ਬੂਟੇ ਦੇ ਉੱਪਰਲੀ ਛੱਤਰੀ ਦੇ ਤਿੰਨ ਪੱਤਿਆਂ ਤੋਂ ਚਿੱਟੀ ਮੱਖੀ ਦੀ ਗਿਣਤੀ ਕਰੋ| ਜੇਕਰ 6 ਚਿੱਟੀ ਮੱਖੀ ਪ੍ਰਤੀ ਪੱਤਾ ਨਜ਼ਰ ਆਵੇ ਤਾਂ ਹੇਠਾ ਦੱਸੀਆਂ ਕੀਟਨਾਸ਼ਕਾਂ ਦਾ ਛਿੜਕਾਅ ਕਰੋ|
ਚਿੱਟੀ ਮੱਖੀ ਦੇ ਹਮਲੇ ਹੋਣ ਤੇ ਸ਼ੁਰੂਆਤੀ ਅਵਸਥਾ ਵਿੱਚ ਇੱਕ ਲਿਟਰ ਨਿੰਬੀਸੀਡੀਨ ਜਾਂ ਅਚੂਕ ਜਾਂ 1200 ਮਿਲੀਲਿਟਰ ਪ੍ਰਤੀ ਏਕੜ ਦੇ ਹਿਸਾਬ ਨਾਲ ਪੀ.ਏ.ਯੂ. ਦੁਆਰਾ ਤਿਆਰ ਗਿਆ ਨਿੰਮ ਦਾ ਘੋਲ ਦਾ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਕਰੋ ਕਿਉਂਕਿ ਇਹ ਮਿੱਤਰ ਕੀੜਿਆਂ ਲਈ ਸੁਰੱਖਿਅਤ ਹਨ| ਚਿੱਟੀ ਮੱਖੀ ਦੇ ਬਾਲਗਾਂ ਦੀ ਰੋਕਥਾਮ ਲਈ 200 ਮਿਲੀਲਿਟਰ ਕਲਾਸਟੋ 20 ਡਬਲਯੂ ਜੀ (ਪਾਇਰੀਫਲੂਕੀਨਾਜ਼ੋਨ) ਜਾਂ 400 ਮਿਲੀਲਿਟਰ ਸਫੀਨਾ 50 ਡੀ ਸੀ (ਅਫਿਡੋਪਾਇਰੋਪਿਨ) ਜਾਂ 60 ਗ੍ਰਾਮ ਓਸ਼ੀਨ 20 ਐਸ ਜੀ (ਡਾਇਨੋਟੈਫ਼ੂਰਾਨ) ਜਾਂ 80 ਗ੍ਰਾਮ ਉਲਾਲਾ 50 ਡਬਲਯੂ ਜੀ (ਫਲੋਨਿਕਾਮਿਡ) ਜਾਂ 800 ਮਿਲੀਲਿਟਰ ਫੋਸਮਾਈਟ/ਈ-ਮਾਈਟ/ਵਾਲਥੀਆਨ/ਗੋਲਡ ਮਿਟ 50 ਈ ਸੀ (ਈਥੀਆਨ) ਦਾ ਛਿੜਕਾਅ ਕਰੋ| ਚਿੱਟੀ ਮੱਖੀ ਦੇ ਬੱਚਿਆਂ (ਨਿੰਫ) ਦੀ ਰੋਕਥਾਮ ਲਈ 500 ਮਿਲੀਲਿਟਰ ਲੈਨੋ 10 ਈ ਸੀ (ਪਾਈਰੀਪਰੋਕਸੀਫਿਨ) ਜਾਂ 200 ਮਿਲੀਲਿਟਰ ਓਬਰੇਨ/ਵੋਲਟੇਜ਼ 22.9 ਐਸ ਸੀ (ਸਪੈਰੋਮੈਸੀਫਿਨ) ਦਾ ਛਿੜਕਾਅ ਕਰੋ|
ਇਸ ਸੰਬੰਧੀ ਕੁਝ ਹੋਰ ਜ਼ਰੂਰੀ ਸੁਝਾਅ ਦਿੰਦਿਆਂ ਮਾਹਿਰਾਂ ਨੇ ਕਿਹਾ ਕਿ ਨਰਮੇ ਦੀ ਫਸਲ ਨੂੰ ਸੋਕਾ ਨਾ ਲਗੱਣ ਦਿਓ, ਕਿਉਕਿ ਸੋਕੇ ਵਿੱਚ ਫਸਲ ਤੇ ਵੀ ਇਸ ਕੀੜੇ ਦਾ ਹਮਲਾ ਵਧੇਰੇ ਹੰੁਦਾ ਹੈ|ਨਾਈਟ੍ਰੋਜਨ ਖਾਦ ਸਿਫਾਰਸ਼ ਕੀਤੀ ਮਾਤਰਾ ਤੋਂ ਵੱਧ ਨਾ ਪਾਓ ਕਿਉਂਕਿ ਜ਼ਿਆਦਾ ਖਾਦ ਪਾਉਣ ਨਾਲ ਚਿੱਟੀ ਮੱਖੀ ਦੇ ਹਮਲੇ ਵਿੱਚ ਵਾਧਾ ਹੰੁਦਾ ਹੈ| ਨਰਮੇ ਤੋ ਇਲਾਵਾ ਚਿੱਟੀ ਮੱਖੀ ਦਾ ਹਮਲਾ ਹੋਰ ਫਸਲਾਂ ਜਿਵੇਂ ਕਿ ਬੈਂਗਣ, ਖੀਰਾ, ਚੱਪਣ ਕੱਦੂ, ਤਰ, ਆਲੂ, ਟਮਾਟਰ, ਮਿਰਚਾਂ, ਮੰੂਗੀ ਆਦਿ ’ਤੇ ਵੀ ਪਾਇਆ ਜਾਂਦਾ ਹੈ ਇਸ ਲਈ ਇਨ੍ਹਾਂ ਫਸਲਾਂ ਉੱਪਰ ਅਤੇ ਨਰਮੇ ਉੱਪਰ ਲਗਾਤਾਰ ਸਰਵੇਖਣ ਕਰਦੇ ਰਹੋ ਅਤੇ ਲੌੜ ਮੁਤਾਬਿਕ ਰੋਕਥਾਮ ਕਰੋ| ਘੱਟ ਲਾਗਤ ਵਾਲੇ ਪੀਲੇ ਕਾਰਡ 40 ਪ੍ਰਤੀ ਏਕੜ ਦੇ ਹਿਸਾਬ ਨਾਲ ਖੇਤਾਂ ਵਿੱਚ ਲਗਾਓ ਜੋ ਕਿ ਸ਼ੁਰੂਆਤੀ ਅਵਸਥਾ ਵਿੱਚ ਚਿੱਟੀ ਮੱਖੀ ਦੇ ਵਾਧੇ ਨੂੰ ਰੋਕਣ ਵਿੱਚ ਸਹਾਇਕ ਹਨ

