ਲੁਧਿਆਣਾ 18 ਜੁਲਾਈ (ਵਰਲਡ ਪੰਜਾਬੀ ਟਾਈਮਜ਼)
ਪੀ.ਏ.ਯੂ. ਦੇ ਸਕਿੱਲ ਡਿਵੈਲਪਮੈਂਟ ਸੈਂਟਰ ਵਿਖੇ ਐੱਨ ਸੀ ਸੀ ਕੈਡਿਟਾਂ ਦੀ 19ਵੀਂ ਪੰਜਾਬ ਬਟਾਲੀਅਨ ਨੇ ਵਿਸ਼ਵ ਯੁਵਾ ਮੁਹਾਰਤ ਦਿਵਸ ਮਨਾਇਆ। ਇਸ ਦੌਰਾਨ ਐੱਨ ਸੀ ਸੀ ਕੈਡਿਟ ਸਕਿੱਲ ਡਿਵੈਲਪਮੈਂਟ ਸੈਂਟਰ ਦਾ ਦੌਰਾ ਕਰਕੇ ਵਿਦਿਆਰਥੀਆਂ ਦੇ ਮੁਹਾਰਤ ਵਿਕਾਸ ਲਈ ਕਾਰਜਾਂ ਦਾ ਜਾਇਜ਼ਾ ਲੈਣ ਪੁੱਜੇ।
ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਐੱਨ ਸੀ ਸੀ ਯੂਨਿਟ ਵੱਲੋਂ ਕੀਤੇ ਜਾ ਰਹੇ ਕਾਰਜਾਂ ਦੀ ਸ਼ਲਾਘਾ ਕਰਦਿਆਂ ਵਿਦਿਆਰਥੀਆਂ ਨੂੰ ਅੱਜ ਦੇ ਯੁੱਗ ਦੀਆਂ ਲੋੜਾਂ ਨਾਲ ਜੋੜਨ ਲਈ ਹੋਰ ਸੰਜੀਦਾ ਕਾਰਜਾਂ ਉੱਪਰ ਜ਼ੋਰ ਦਿੱਤਾ।
ਨਿਰਦੇਸ਼ਕ ਵਿਦਿਆਰਥੀ ਭਲਾਈ ਡਾ. ਕਮਲਜੀਤ ਸਿੰਘ ਸੂਰੀ ਨੇ ਕਿਹਾ ਕਿ ਅੱਜ ਦਾ ਯੁੱਗ ਗਿਆਨ ਦੇ ਨਾਲ-ਨਾਲ ਮੁਹਾਰਤ ਦਾ ਯੁੱਗ ਵੀ ਹੈ। ਵਿਦਿਆਰਥੀਆਂ ਨੂੰ ਪੇਸ਼ੇਵਰ ਵਿਕਾਸ ਲਈ ਆਪਣੀ ਸਮਰਥਾ ਵਿਚ ਵਾਧਾ ਕਰਨ ਦੀ ਲੋੜ ਹੈ।
ਸਕਿੱਲ ਡਿਵੈਲਪਮੈਂਟ ਦੇ ਸਹਿਯੋਗੀ ਨਿਰਦੇਸ਼ਕ ਡਾ. ਰੁਪਿੰਦਰ ਕੌਰ ਨੇ ਮੁਹਾਰਤ ਵਿਕਾਸ ਲਈ ਪੀ.ਏ.ਯੂ. ਵੱਲੋਂ ਕੀਤੇ ਜਾ ਰਹੇ ਕਾਰਜਾਂ ਦੀ ਜਾਣਕਾਰੀ ਦਿੱਤੀ। ਪਾਬੀ ਦੇ ਮੁੱਖ ਕਾਰਜਕਾਰੀ ਅਧਿਕਾਰੀ ਇੰਜ. ਕਰਨਬੀਰ ਸਿੰਘ ਗਿੱਲ ਨੇ ਪਾਬੀ ਦੀ ਕਾਰਜ ਵਿਧੀ ਬਾਰੇ ਵੀ ਚਾਨਣਾ ਪਾਇਆ। ਇਸ ਮੌਕੇ ਐੱਨ ਸੀ ਸੀ ਦੇ ਡਾ. ਗੁਰਲਾਲ ਸਿੰਘ ਨੇ ਕਿਹਾ ਕਿ ਇਸ ਦੌਰੇ ਨੇ ਵਿਦਿਆਰਥੀਆਂ ਨੂੰ ਬੇਹੱਦ ਗਿਆਨ ਭਰਪੂਰ ਤਜਰਬਿਆਂ ਨਾਲ ਜੋੜਿਆ ਹੈ।

