ਲੁਧਿਆਣਾ 18 ਜੁਲਾਈ (ਵਰਲਡ ਪੰਜਾਬੀ ਟਾਈਮਜ਼)
ਪੀ.ਏ.ਯੂ. ਦੇ ਖੇਤੀ ਪੱਤਰਕਾਰੀ, ਭਾਸ਼ਾਵਾਂ ਅਤੇ ਸੱਭਿਆਚਾਰ ਵਿਭਾਗ ਨੇ ਭਾਰਤ ਸਰਕਾਰ ਦੇ ਸਿੱਖਿਆ ਮੰਤਰਾਲੇ ਦੀ ਭਾਰਤੀ ਭਾਸ਼ਾ ਸਮਿਤੀ ਦੇ ਸਹਿਯੋਗ ਨਾਲ ਰਾਜ ਪੱਧਰੀ ਭਾਰਤੀ ਭਾਸ਼ਾ ਪੁਸਤਕ ਯੋਜਨਾ ਵਰਕਸ਼ਾਪ ਆਯੋਜਿਤ ਕੀਤੀ। ਇਸ ਵਿਚ 200 ਤੋਂ ਵਧੇਰੇ ਡੈਲੀਗੇਟ ਸਮੁੱਚੇ ਰਾਜ ਤੋਂ ਸ਼ਾਮਿਲ ਹੋਏ। ਇਸ ਵਰਕਸ਼ਾਪ ਦਾ ਆਯੋਜਨ ਰਾਸ਼ਟਰੀ ਸਿੱਖਿਆ ਨੀਤੀ ਨੂੰ ਵਿਚਾਰਨ ਅਤੇ ਉਸ ਬਾਰੇ ਜਾਗਰੂਕਤਾ ਦੇ ਪਸਾਰ ਦੇ ਉਦੇਸ਼ ਨਾਲ ਕੀਤਾ ਗਿਆ। ਵੱਖ-ਵੱਖ ਯੂਨੀਵਰਸਿਟੀਆਂ ਵਿਚ ਹੋਣ ਵਾਲੇ ਰਾਜ ਪੱਧਰੀ ਪ੍ਰੋਗਰਾਮਾਂ ਦਾ ਸਮਾਪਨ ਵੀ ਇਸ ਵਰਕਸ਼ਾਪ ਨਾਲ ਹੋਇਆ।
ਵਰਕਸ਼ਾਪ ਦੌਰਾਨ ਭਾਰਤੀ ਭਾਸ਼ਾ ਪੁਸਤਕ ਯੋਜਨਾ ਤਹਿਤ ਰਾਸ਼ਟਰੀ ਸਿੱਖਿਆ ਨੀਤੀ ਬਾਰੇ ਵਿਚਾਰ-ਚਰਚਾ ਦਾ ਹਿੱਸਾ ਬਣਨ ਲਈ ਵੱਖ-ਵੱਖ ਧਿਰਾਂ ਦੇ ਲੋਕ ਸ਼ਾਮਿਲ ਹੋਏ।
ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਹਿਮਾਚਲ ਯੂਨੀਵਰਸਿਟੀ ਸ਼ਿਮਲਾ ਦੇ ਖੇਤੀ ਵਿਗਿਆਨ ਖੋਜ ਕੇਂਦਰ ਦੇ ਨਿਰਦੇਸ਼ਕ ਪ੍ਰੋ. ਸੁਰੇਂਦਰ ਕੁਮਾਰ ਨੇ ਰਾਸ਼ਟਰੀ ਸਿੱਖਿਆ ਨੀਤੀ 2020 ਦੇ ਮੁੱਖ ਨੁਕਤਿਆਂ ਉੱਪਰ ਚਾਨਣਾ ਪਾਇਆ। ਇਸ ਦੌਰਾਨ ਉਹਨਾਂ ਨੇ ਨੀਤੀ ਦੀ ਬਹੁਭਾਸ਼ਾਵਾਦੀ ਪਹੁੰਚ ਬਾਰੇ ਗੱਲ ਕਰਦਿਆਂ ਕਿਹਾ ਕਿ ਇਸ ਨਾਲ ਭਾਰਤੀ ਭਾਸ਼ਾਵਾਂ ਦੇ ਅਕਾਦਮਿਕ ਵਿਕਾਸ ਦਾ ਰਾਹ ਪੱਧਰਾ ਹੋਵੇਗਾ ਅਤੇ ਵਿਦਿਆਰਥੀ ਦੀ ਸਰਵਪੱਖੀ ਤਰੱਕੀ ਸੰਭਵ ਹੋ ਸਕੇਗੀ। ਨਾਲ ਹੀ ਉਹਨਾਂ ਨੇ ਅਧਿਆਪਕਾਂ ਅਤੇ ਖੋਜੀਆਂ ਲਈ ਇਸ ਨੀਤੀ ਦੇ ਲਾਭ ਗਿਣਾਏ।
ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਕਿਹਾ ਕਿ ਵਿਗਿਆਨ ਦੇ ਵਿਦਿਆਰਥੀਆਂ ਲਈ ਵੀ ਭਾਸ਼ਾ ਦੀ ਜਾਣਕਾਰੀ ਲਾਜ਼ਮੀ ਹੈ। ਪਰ ਨਾਲ ਹੀ ਉਹਨਾਂ ਨੇ ਭਾਸ਼ਾਵਾਂ ਨੂੰ ਅਕਾਦਮਿਕ ਸਿਖਲਾਈ ਵਜੋਂ ਰੁਜ਼ਗਾਰ ਅਤੇ ਮੁਹਾਰਤ ਵਿਕਾਸ ਦਾ ਹਿੱਸਾ ਬਨਾਉਣ ਦੀ ਵਕਾਲਤ ਕੀਤੀ। ਡਾ. ਗੋਸਲ ਨੇ ਕਿਹਾ ਕਿ ਨਵੀਂ ਸਿੱਖਿਆ ਨੀਤੀ ਵਿਚ ਇਸ ਪੱਖ ਤੋਂ ਜ਼ਿਕਰਯੋਗ ਕਾਰਜ ਕੀਤਾ ਗਿਆ ਹੈ। ਇਸ ਦੌਰਾਨ ਉਨ੍ਹਾਂ ਨੇ ਪਾਠ ਪੁਸਤਕਾਂ ਦੇ ਮਿਆਰੀ ਸੰਪਾਦਨ ਦੀ ਲੋੜ ਤੇ ਜ਼ੋਰ ਦਿੱਤਾ ਅਤੇ ਕਿਹਾ ਕਿ ਅੰਤਰ-ਅਨੁਸ਼ਾਸਨੀ ਪਹੁੰਚ ਨਾਲ ਦੇਸ਼ ਦੀਆਂ ਯੁਵਾ ਪੀੜੀਆਂ ਨੂੰ ਤਰੱਕੀ ਵੱਲ ਤੋਰਿਆ ਜਾ ਸਕੇਗਾ।
ਭਾਰਤੀ ਭਾਸ਼ਾ ਪੁਸਤਕ ਯੋਜਨਾ ਦੇ ਨੋਡਲ ਸੰਚਾਲਕ ਡਾ. ਵਿਸ਼ਾਲ ਸ਼ਰਮਾ ਨੇ ਵੀ ਇਸ ਯੋਜਨਾ ਦੀ ਵਿਉਂਤਬੰਦੀ ਅਤੇ ਆਸ਼ਿਆਂ ਸੰਬੰਧੀ ਚਾਨਣਾ ਪਾਇਆ।
ਬੇਸਿਕ ਸਾਇੰਸਜ਼ ਕਾਲਜ ਤੋਂ ਡਾ. ਨੀਨਾ ਸਿੰਗਲਾ ਨੇ ਸਵਾਗਤ ਦੇ ਸ਼ਬਦ ਬੋਲਦਿਆਂ ਵਿਦਿਆਰਥੀਆਂ ਦੇ ਬੌਧਿਕ ਵਿਕਾਸ ਲਈ ਭਾਰਤੀ ਭਾਸ਼ਾ ਪੁਸਤਕ ਯੋਜਨਾ ਦੇ ਨੈਤਿਕ ਮੁੱਲ ਵਿਧਾਨ ਦੀ ਸ਼ਲਾਘਾ ਕੀਤੀ। ਉਹਨਾਂ ਇਸ ਗੱਲ ਲਈ ਦੇਸ਼ ਦੇ ਸਿੱਖਿਆ ਮੰਤਰਾਲੇ ਦਾ ਧੰਨਵਾਦ ਕੀਤਾ ਕਿ ਪੀ.ਏ.ਯੂ. ਨੂੰ ਇਸ ਸਮਾਰੋਹ ਦੀ ਮੇਜ਼ਬਾਨੀ ਦਿੱਤੀ ਗਈ ਹੈ।
ਇਸ ਤੋਂ ਪਹਿਲਾਂ ਖੇਤੀ ਪੱਤਰਕਾਰੀ, ਭਾਸ਼ਾਵਾਂ ਅਤੇ ਸੱਭਿਆਚਾਰ ਵਿਭਾਗ ਦੇ ਮੁਖੀ ਡਾ. ਸ਼ੀਤਲ ਥਾਪਰ ਨੇ ਇਸ ਸਮਾਰੋਹ ਦੇ ਮੰਤਵ ਉਘਾੜੇ। ਉਹਨਾਂ ਕਿਹਾ ਕਿ ਇਸ ਨਾਲ ਵਿਦਿਆਰਥੀਆਂ ਵਿਚ ਨਾ ਸਿਰਫ ਅਕਾਦਮਿਕ ਬਲਕਿ ਵੱਖ-ਵੱਖ ਵਿਸ਼ਿਆਂ ਦੀ ਪੁਸਤਕਾਂ ਪੜ੍ਹਨ ਅਤੇ ਸ਼ਬਦ ਗਿਆਨ ਨਾਲ ਜੁੜਨ ਦਾ ਉਤਸ਼ਾਹ ਪੈਦਾ ਹੋਵੇਗਾ।
ਵਿਚਾਰ-ਚਰਚਾ ਸ਼ੈਸਨ ਦੌਰਾਨ ਵੱਖ-ਵੱਖ ਧਿਰਾਂ ਨੇ ਨਵੀਂ ਸਿੱਖਿਆ ਨੀਤੀ ਅਤੇ ਅਜੋਕੇ ਸਮਾਰੋਹ ਦੀ ਸਾਰਥਕਤਾ ਬਾਰੇ ਵਿਚਾਰ-ਚਰਚਾ ਕੀਤੀ। ਯੂਨੀਵਰਸਿਟੀ ਦੇ ਵੱਖ-ਵੱਖ ਵਿਭਾਗਾਂ ਦੇ ਮਾਹਿਰ ਇਸ ਸਮਾਰੋਹ ਦੌਰਾਨ ਹਾਜ਼ਰ ਰਹੇ।
ਅੰਤ ਵਿਚ ਧੰਨਵਾਦ ਦੇ ਸ਼ਬਦ ਰਾਮਗੜੀਆਂ ਕਾਲਜ ਆਫ ਐਜੂਕੇਸ਼ਨ ਦੇ ਡਾ. ਯੋਗੇਸ਼ ਸ਼ਰਮਾ ਨੇ ਕਹੇ।

