
ਲੁਧਿਆਣਾ 30 ਅਕਤੂਬਰ (ਵਰਲਡ ਪੰਜਾਬੀ ਟਾਈਮਜ਼)
ਜੁਲਾਈ 2026 ਤੋਂ ਲਾਗੂ ਭਾਰਤ- ਬਰਤਾਨੀਆ ਵਪਾਰ ਸਮਝੌਤੇ ਦੇ ਮੱਦੇਨਜ਼ਰ ਬਰਤਾਨੀਆ ਆਪਣੀਆਂ ਅਗਲੇਰੀ ਭਾਈਵਾਲੀ ਲਈ ਪੰਜਾਬ ਨੂੰ ਵਿਸ਼ੇਸ਼ ਖੇਤਰ ਵਜੋਂ ਦੇਖ ਰਿਹਾ ਹੈ। ਇਸੇ ਸਿਲਸਿਲੇ ਵਿਚ ਤਿੰਨ ਮੈਂਬਰੀ ਬਰਤਾਨਵੀ ਵਫ਼ਦ ਨੇ ਖੇਤੀਬਾੜੀ, ਵਪਾਰ ਅਤੇ ਖੇਤੀ ਕਾਰੋਬਾਰ ਵਿੱਚ ਸਹਿਯੋਗ ਬਾਰੇ ਵਿਚਾਰ ਲਈ ਅੱਜ ਪੀ ਏ ਯੂ ਦਾ ਦੌਰਾ ਕੀਤਾ। ਇਸ ਵਿੱਚ ਸ਼੍ਰੀ ਅਨੂਪ ਨਾਰਾਇਣਨ, ਸੀਨੀਅਰ ਵਪਾਰ ਸਲਾਹਕਾਰ, ਸ਼੍ਰੀ ਰਾਜੀਵ ਬਾਲਾਮੁਰਗਨ, ਸੀਨੀਅਰ ਨਿਵੇਸ਼ ਸਲਾਹਕਾਰ ਅਤੇ ਸ਼੍ਰੀ ਲਤੀਫ ਅਹਿਮਦ, ਆਈ ਏ ਐਸ, ਵਧੀਕ ਸਕੱਤਰ, ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਸ਼ਾਮਲ ਸਨ।
ਇਸ ਮੌਕੇ ਗੱਲ ਕਰਦਿਆਂ ਪੀ ਏ ਯੂ ਦੇ ਵਾਈਸ ਚਾਂਸਲਰ ਡਾ. ਹਰਵਿੰਦਰ ਸਿੰਘ ਧਾਲੀਵਾਲ ਨੇ ਯੂਨੀਵਰਸਿਟੀ ਨੂੰ ਹਰੀ ਕ੍ਰਾਂਤੀ ਦੀ ਜਨਮਦਾਤੀ ਸੰਸਥਾ ਕਿਹਾ। ਉਨ੍ਹਾਂ ਦੱਸਿਆ ਕਿ ਇਸ ਯੂਨੀਵਰਸਿਟੀ ਨੂੰ ਓਹੀਓ ਸਟੇਟ ਯੂਨੀਵਰਸਿਟੀ ਦੇ ਲੈਂਡ ਗ੍ਰਾਂਟ ਪੈਟਰਨ ‘ਤੇ ਸਥਾਪਿਤ ਕੀਤਾ ਗਿਆ ਸੀ। ਪਿਛਲੇ ਛੇ ਦਹਾਕਿਆਂ ਵਿਚ ਪੀ ਏ ਯੂ ਨੇ ਪੰਜਾਬ ਹੀ ਨਹੀਂ ਸਮੁੱਚੇ ਭਾਰਤ ਦੇ ਕਿਸਾਨਾਂ ਨੂੰ ਵਿਗਿਆਨਕ ਖੇਤੀ ਨਾਲ ਜੋੜਿਆ ਹੈ। ਇਹ ਸੰਸਥਾ ਇਸੇ ਯੋਗਦਾਨ ਸਦਕਾ ਪਿਛਲੇ ਲਗਾਤਾਰ ਤਿੰਨ ਸਾਲਾਂ ਤੋਂ ਐਨ ਆਈ ਆਰ ਐਫ ਵਿੱਚ ਦੇਸ਼ ਦੀਆਂ 75 ਰਾਜ ਖੇਤੀਬਾੜੀ ਯੂਨੀਵਰਸਿਟੀਆਂ ਵਿੱਚੋਂ ਪਹਿਲੇ ਸਥਾਨ ‘ਤੇ ਰਹੀ। ਮੌਜੂਦਾ ਵਪਾਰ ਸਮਝੌਤੇ ਬਾਰੇ ਗੱਲ ਕਰਦਿਆਂ ਉਨ੍ਹਾਂ ਪੀ ਏ ਯੂ ਦੀਆਂ ਖੇਤੀ ਤਰਜੀਹਾਂ ਬਾਰੇ ਵਿਸਥਾਰ ਦਿੱਤਾ। ਉਨ੍ਹਾਂ ਯੂਨੀਵਰਸਿਟੀ ਵਲੋਂ ਕਣਕ ਨਾਈਟ੍ਰੋਜਨ-ਵਰਤੋਂ ਕੁਸ਼ਲਤਾ, ਪਾਣੀ-ਬਚਤ ਤਕਨਾਲੋਜੀਆਂ, ਮਿੱਟੀ ਅਤੇ ਜਲਵਾਯੂ ਖੋਜ, ਖੇਤੀ ਮਸ਼ੀਨਰੀ, ਫਸਲ ਵਿਭਿੰਨਤਾ, ਭੋਜਨ ਪ੍ਰੋਸੈਸਿੰਗ ਅਤੇ ਜੈਵਿਕ ਊਰਜਾ ‘ਤੇ ਸਾਂਝੇ ਕੰਮ ਦਾ ਪ੍ਰਸਤਾਵ ਰੱਖਿਆ। ਉਨ੍ਹਾਂ ਨੇ ਸਾਂਝੇ ਖੋਜ ਪ੍ਰੋਗਰਾਮਾਂ, ਫੈਕਲਟੀ ਵਟਾਂਦਰੇ ਅਤੇ ਵਿਦਿਆਰਥੀਆਂ ਦੇ ਆਦਾਨ-ਪ੍ਰਦਾਨ ਲਈ ਵੀ ਸੱਦਾ ਦਿੱਤਾ ਅਤੇ ਬ੍ਰਿਟਿਸ਼ ਨਿਵੇਸ਼ਕਾਂ ਅਤੇ ਖੇਤੀਬਾੜੀ ਫਰਮਾਂ ਨੂੰ ਪੀਏਯੂ ਨਾਲ ਭਾਈਵਾਲੀ ਕਰਨ ਲਈ ਸੱਦਾ ਦਿੱਤਾ। ਡਾ ਧਾਲੀਵਾਲ ਨੇ ਕਿਹਾ ਕਿ ਪੀ ਏ ਯੂ ਦੇ ਖੋਜ ਅਤੇ ਪਸਾਰ ਤਜਰਬੇ ਨਿਵੇਕਲੇ ਹਨ ਅਤੇ ਸੰਸਾਰ ਦੇ ਬਹੁਤ ਖੇਤੀ ਖੇਤਰਾਂ ਨੂੰ ਸਿਖਾਉਣ ਲਈ ਇਸ ਸੰਸਥਾ ਕੋਲ ਬੜਾ ਕੁਝ ਹੈ।
ਸ੍ਰੀ ਨਾਰਾਇਣਨ ਨੇ ਵਪਾਰ ਅਤੇ ਵਪਾਰਕ ਭਾਈਵਾਲੀ ਲਈ ਸਾਂਝੇ ਮੰਚ ਦੀ ਮੰਗ ਕੀਤੀ। ਉਨ੍ਹਾਂ ਡੇਅਰੀ, ਪਸ਼ੂ ਵਿਗਿਆਨ, ਬਾਗਬਾਨੀ ਅਤੇ ਫਸਲ ਸੁਰੱਖਿਆ, ਸੂਖਮ ਖੇਤੀਬਾੜੀ, ਪਰਾਲੀ ਪ੍ਰਬੰਧਨ ਅਤੇ ਮੱਛੀ ਪਾਲਣ ਨੂੰ ਗੁੰਜਾਇਸ਼ ਵਾਲੇ ਖੇਤਰਾਂ ਵਜੋਂ ਸੂਚੀਬੱਧ ਕੀਤਾ। ਉਨ੍ਹਾਂ ਇਹ ਵੀ ਕਿਹਾ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਅਤੇ ਡਿਜੀਟਲ ਟੂਲਜ਼ ਦੀ ਪ੍ਰਸੰਗਿਕਤਾ ਲਗਾਤਾਰ ਵਧ ਰਹੀ ਹੈ। ਇਸ ਲਈ ਇਹ ਸਮਝੌਤਾ ਵਧੇਰੇ ਫਲਦਾਇਕ ਸਾਬਿਤ ਹੋ ਸਕਦਾ ਹੈ।
ਦੁਵੱਲੇ ਕਾਰੋਬਾਰ ਲਈ ਵਪਾਰ ਸਮਝੌਤੇ ਦੀ ਮਹੱਤਤਾ ਬਾਰੇ ਗੱਲ ਕਰਦਿਆਂ ਸ਼੍ਰੀ ਬਾਲਾਮੁਰੂਗਨ ਨੇ ਕਿਹਾ ਰਿਮੋਟ ਸੈਂਸਿੰਗ, ਸੂਚਨਾ ਤਕਨਾਲੋਜੀ, ਰੋਬੋਟਿਕਸ ਅਤੇ ਸਟਾਰਟ-ਅੱਪਸ ਵਿੱਚ ਭਾਈਵਾਲੀ ਲਈ ਗੁੰਜਾਇਸ਼ ਉਲੀਕੀ।
ਪੀ ਏ ਯੂ ਦੇ ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਨੇ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਪੀ ਏ ਯੂ ਦੀਆਂ ਖੋਜ ਪ੍ਰਾਪਤੀਆਂ ਦੀ ਰੂਪਰੇਖਾ ਪੇਸ਼ ਕੀਤੀ। ਯੂਨੀਵਰਸਿਟੀ ਦੇ ਖੋਜ ਢਾਂਚੇ ਬਾਰੇ ਦੱਸਦਿਆਂ ਅੱਠ ਖੇਤਰੀ ਖੋਜ ਸਟੇਸ਼ਨ ਚਲਾਉਂਦੀ ਹੈ, ਜਿਨ੍ਹਾਂ ਵਿੱਚੋਂ ਚਾਰ ਫਲਾਂ ਲਈ, ਦੋ ਸਬਜ਼ੀਆਂ ਲਈ ਅਤੇ ਦੋ ਬੀਜਾਂ ਲਈ ਹਨ। ਇਸ ਸੰਸਥਾ ਨੇ 991 ਕਿਸਮਾਂ ਜਾਰੀ ਕੀਤੀਆਂ ਹਨ, ਜਿਨ੍ਹਾਂ ਵਿੱਚੋਂ 254 ਦੀ ਪਛਾਣ ਰਾਸ਼ਟਰੀ ਪੱਧਰ ‘ਤੇ ਕਾਸ਼ਤ ਲਈ ਕੀਤੀ ਗਈ ਹੈ। ਉਨ੍ਹਾਂ ਨੇ ਧਰਤੀ ਹੇਠਲੇ ਪਾਣੀ ਦੀ ਕਮੀ, ਮਿੱਟੀ ਦੇ ਮਿਆਰ, ਫਸਲੀ ਰਹਿੰਦ-ਖੂੰਹਦ, ਜਲਵਾਯੂ ਤਬਦੀਲੀ ਅਤੇ ਝੋਨੇ-ਕਣਕ ਪ੍ਰਣਾਲੀ ਦੇ ਸਮਾਨੰਤਰ ਖੇਤੀ ਵਿਭਿੰਨਤਾ ਨੂੰ ਪੰਜਾਬ ਦੀਆਂ ਪ੍ਰਮੁੱਖ ਲੋੜਾਂ ਵਜੋਂ ਅੰਕਿਤ ਕੀਤਾ। ਉਨ੍ਹਾਂ ਭਵਿੱਖ ਦੀਆਂ ਤਰਜੀਹਾਂ ਵਿੱਚ ਰਹਿੰਦ-ਖੂੰਹਦ ਪ੍ਰਬੰਧਨ, ਫਸਲ ਸੁਧਾਰ, ਖੇਤੀਬਾੜੀ-ਪ੍ਰੋਸੈਸਿੰਗ, ਸੂਖਮ ਖੇਤੀ, ਵਾਤਾਵਰਨ ਪੱਖੀ ਤਕਨਾਲੋਜੀਆਂ ਅਤੇ ਭੂਮੀਗਤ ਪਾਣੀ ਦੀ ਸੰਭਾਲ ਸ਼ਾਮਲ ਹਨ।
ਪੀ ਏ ਯੂ ਦੇ ਨਿਰਦੇਸ਼ਕ ਪਸਾਰ ਸਿੱਖਿਆ, ਡਾ. ਮੱਖਣ ਸਿੰਘ ਭੁੱਲਰ ਨੇ ਖੋਜ ਨੂੰ ਕਿਸਾਨਾਂ ਤਕ ਪੁਚਾਉਣ ਵਾਲੇ ਪਸਾਰ ਢਾਂਚੇ ਦਾ ਵਰਣਨ ਕਰਦਿਆਂ 18 ਕ੍ਰਿਸ਼ੀ ਵਿਗਿਆਨ ਕੇਂਦਰ, 15 ਕਿਸਾਨ ਸਲਾਹਕਾਰ ਕੇਂਦਰ, ਖੇਤੀਬਾੜੀ ਤਕਨਾਲੋਜੀ ਸੂਚਨਾ ਕੇਂਦਰ, ਸੰਚਾਰ ਕੇਂਦਰ ਅਤੇ ਸਕਿੱਲ ਡਿਵੈਲਪਮੈਂਟ ਸੈਂਟਰ ਬਾਰੇ ਗੱਲ ਕੀਤੀ। ਮਾਰਚ ਅਤੇ ਸਤੰਬਰ ਵਿੱਚ ਕਿਸਾਨ ਮੇਲੇ ਕਿਸਾਨਾਂ ਰਾਹੀਂ ਨਵੀਆਂ ਤਕਨਾਲੋਜੀਆਂ ਦੇ ਰੂਪਾਂਤਰਨ ਦੇ ਨਾਲ ਨਾਲ ਯੂਟਿਊਬ, ਫੇਸਬੁੱਕ ਅਤੇ ਮਾਸਿਕ ਰਸਾਲਿਆਂ ਬਾਰੇ ਵਿਸਥਾਰ ਨਾਲ ਗੱਲ ਕੀਤੀ।
ਡਾ. ਹਰਮਿੰਦਰ ਸਿੰਘ, ਡੀਨ, ਪੋਸਟ ਗ੍ਰੈਜੂਏਟ ਸਟੱਡੀਜ਼, ਨੇ 2026 ਵਿੱਚ ਸਰਵੋਤਮ ਇਨਕਿਊਬੇਟਰ ਪੁਰਸਕਾਰ ਅਤੇ ਅਕਾਦਮਿਕ ਲੀਡਰਸ਼ਿਪ ਪੁਰਸਕਾਰ ਦਾ ਹਵਾਲਾ ਦਿੰਦੇ ਹੋਏ, ਯੂਨੀਵਰਸਿਟੀ ਦੇ ਵਿਦਿਆਰਥੀਆਂ, ਫੈਕਲਟੀ ਅਤੇ ਪ੍ਰੋਗਰਾਮਾਂ ਦਾ ਵੇਰਵਾ ਦਿੱਤਾ। ਉਨ੍ਹਾਂ ਪੀਏਯੂ ਦੇ ਸਾਬਕਾ ਵਿਦਿਆਰਥੀਆਂ ਦੀਆਂ ਪ੍ਰਾਪਤੀਆਂ ਅਤੇ ਬਦਲਦੇ ਖੇਤਰ ਲਈ ਖੋਜ-ਅਧਾਰਤ ਸਿੱਖਿਆ ‘ਤੇ ਧਿਆਨ ਕੇਂਦਰਿਤ ਕਰਨ ਦਾ ਵੀ ਜ਼ਿਕਰ ਕੀਤਾ।
ਧੰਨਵਾਦ ਡਾ. ਚਰਨਜੀਤ ਸਿੰਘ ਔਲਖ, ਡੀਨ, ਖੇਤੀਬਾੜੀ ਕਾਲਜ ਵਲੋਂ ਕੀਤਾ ਗਿਆ ਸੀ। ਡਾ. ਕਮਲਦੀਪ ਸਿੰਘ ਸੰਘਾ, ਪ੍ਰਿੰਸੀਪਲ ਕੀਟ ਵਿਗਿਆਨੀ, ਨੇ ਪ੍ਰੋਗਰਾਮ ਦਾ ਸੰਚਾਲਨ ਕੀਤਾ।

