
ਲੁਧਿਆਣਾ 29 ਜੁਲਾਈ (ਵਰਲਡ ਪੰਜਾਬੀ ਟਾਈਮਜ਼)
ਪੀ.ਏ.ਯੂ. ਦੇ ਖੇਤੀ ਪੱਤਰਕਾਰੀ ਭਾਸ਼ਾਵਾਂ ਅਤੇ ਸੱਭਿਆਚਾਰ ਵਿਭਾਗ ਨੇ ਨਵੇਂ ਦਾਖਲ ਹੋਏ ਵਿਦਿਆਰਥੀਆਂ ਨੂੰ ਸਿੱਖਿਅਤ ਅਤੇ ਜਾਣਕਾਰ ਬਨਾਉਣ ਲਈ ਦੋ ਹਫਤਿਆਂ ਦੇ ਵਿਸ਼ੇਸ਼ ਸਮਾਰੋਹ ਦੀਕਸ਼ਾਰੰਭ-2026 ਦੀ ਅੱਜ ਸ਼ੁਰੂਆਤ ਕੀਤੀ| ਇਸ ਪ੍ਰੋਗਰਾਮ ਦਾ ਉਦੇਸ਼ ਵਿਦਿਆਰਥੀਆਂ ਨੂੰ ਯੂਨੀਵਰਸਿਟੀ ਦੀ ਜ਼ਿੰਦਗੀ ਨਾਲ ਜੋੜ ਕੇ ਉਹਨਾਂ ਦੇ ਅਕਾਦਮਿਕ, ਗੈਰ ਅਕਾਦਮਿਕ ਅਤੇ ਸੱਭਿਆਚਾਰਕ ਗਤੀਵਿਧੀਆਂ ਰਾਹੀਂ ਹੋਣ ਵਾਲੇ ਸ਼ਖਸੀ ਵਿਕਾਸ ਦਾ ਮਾਹੌਲ ਉਸਾਰਨਾ ਹੈ|
ਇਸ ਸਮਾਰੋਹ ਵਿਚ ਮੁੱਖ ਮਹਿਮਾਨ ਵਜੋਂ ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਸ਼ਾਮਿਲ ਹੋਏ| ਉਹਨਾਂ ਨਾਲ ਯੂਨੀਵਰਸਿਟੀ ਦੇ ਤਮਾਮ ਉੱਚ ਅਧਿਕਾਰੀ, ਕਾਲਜਾਂ ਦੇ ਡੀਨ, ਡਾਇਰੈਕਟਰ, ਵੱਖ-ਵੱਖ ਵਿਭਾਗਾਂ ਦੇ ਮੁਖੀ ਅਤੇ ਅਧਿਆਪਕ ਸ਼ਾਮਿਲ ਸਨ|
ਡਾ. ਗੋਸਲ ਨੇ ਨਵੇਂ ਦਾਖਲ ਹੋਏ ਵਿਦਿਆਰਥੀਆਂ ਨੂੰ ਯੂਨੀਵਰਸਿਟੀ ਦੀ ਗੌਰਵਸ਼ਾਲੀ ਰਵਾਇਤ ਦਾ ਹਿੱਸਾ ਬਣਨ ਤੇ ਵਧਾਈ ਦਿੱਤੀ| ਉਹਨਾਂ ਕਿਹਾ ਕਿ ਇਸ ਸੰਸਥਾ ਨੇ ਵਿਸ਼ਵ ਪੱਧਰ ਤੇ ਖੇਤੀ ਵਿਗਿਆਨ ਨੂੰ ਸਮਾਜ ਦੀ ਭਲਾਈ ਅਤੇ ਉਸਾਰੀ ਨਾਲ ਜੋੜ ਕੇ ਇਤਿਹਾਸ ਵਿਚ ਜੋ ਭੂਮਿਕਾ ਨਿਭਾਈ ਹੈ ਨਵੇਂ ਵਿਦਿਆਰਥੀਆਂ ਨੇ ਉਸ ਪਰੰਪਰਾ ਨੂੰ ਅਗਾਂਹ ਤੋਰਨ ਦੀ ਜ਼ਿੰਮੇਵਾਰੀ ਉਠਾਉਣੀ ਹੈ| ਉਹਨਾਂ ਕਿਹਾ ਕਿ ਇਸ ਸੰਸਥਾ ਨੇ ਨਾ ਸਿਰਫ ਦੇਸ਼ ਨੂੰ ਅਨਾਜ ਦੀ ਤੰਗੀ ਦੀ ਸ਼ਰਮਿੰਦਗੀ ਤੋਂ ਬਾਹਰ ਕਰ ਕੇ ਵਾਧੂ ਅਨਾਜ ਵਾਲਾ ਖਿੱਤਾ ਬਣਾਇਆ ਬਲਕਿ ਪੂਰੀ ਦੁਨੀਆਂ ਨੂੰ ਖੇਤੀ ਨੀਤੀਆਂ ਬਨਾਉਣ ਵਾਲੇ ਉੱਘੇ ਪ੍ਰਸ਼ਾਸਕ ਵੀ ਦਿੱਤੇ| ਇਸੇ ਦਾ ਸਿੱਟਾ ਹੈ ਕਿ ਇਹ ਸੰਸਥਾ ਖੇਤੀ ਯੂਨੀਵਰਸਿਟੀਆਂ ਦੀ ਦਰਜਾਬੰਦੀ ਵਿਚ ਸਿਖਰਲਾ ਸਥਾਨ ਹਾਸਲ ਕਰਨ ਦੇ ਨਾਲ-ਨਾਲ ਵਿਸ਼ਵ ਦੀਆਂ ਚੋਣਵੀਆਂ ਖੇਤੀ ਯੂਨੀਵਰਸਿਟੀਆਂ ਵਿਚ ਸ਼ੁਮਾਰ ਹੁੰਦੀ ਹੈ|
ਯੂਨੀਵਰਸਿਟੀ ਦੇ ਰਜਿਸਟਰਾਰ ਡਾ. ਰਿਸ਼ੀਪਾਲ ਸਿੰਘ ਆਈ ਏ ਐੱਸ ਨੇ ਵਿਦਿਆਰਥੀਆਂ ਨੂੰ ਬਿਹਤਰ ਇਨਸਾਨ ਬਣਨ ਲਈ ਪ੍ਰੇਰਿਤ ਕੀਤਾ| ਉਹਨਾਂ ਕਿਹਾ ਕਿ ਵਿਦਿਆਰਥੀ ਜੀਵਨ ਵਿਚ ਕੀਤੀ ਗਈ ਮਿਹਨਤ, ਲਗਨ, ਸਮਰਪਣ ਅਤੇ ਅਨੁਸ਼ਾਸਨ ਭਵਿੱਖ ਦੀ ਬੁਨਿਆਦ ਹੁੰਦੇ ਹਨ| ਉਹਨਾਂ ਆਸ ਪ੍ਰਗਟਾਈ ਕਿ ਵਿਦਿਆਰਥੀ ਜੀਵਨ ਦਾ ਇਹ ਪੜਾਅ ਸਾਰੇ ਪਾੜਿਆਂ ਲਈ ਯਾਦਗਾਰ ਸਾਬਿਤ ਹੋਵੇਗਾ|
ਯੂਨੀਵਰਸਿਟੀ ਦਾ ਹਿੱਸਾ ਬਣਨ ਤੇ ਵਧਾਈ ਦਿੰਦਿਆਂ ਡੀਨ ਪੋਸਟ ਗ੍ਰੈਜੂਏਟ ਸਟੱਡੀਜ਼ ਡਾ. ਵਿਸ਼ਵਜੀਤ ਸਿੰਘ ਹਾਂਸ ਨੇ ਯੂਨੀਵਰਸਿਟੀ ਦੇ ਅਕਾਦਮਿਕ ਢਾਂਚੇ ਬਾਰੇ ਚਾਨਣਾ ਪਾਇਆ| ਉਹਨਾਂ ਕਿਹਾ ਕਿ ਸਿਖਰਲੇ ਵਿਦਿਆਰਥੀਆਂ ਲਈ ਸਕਾਲਰਸ਼ਿਪ ਦੇ ਮੌਕੇ ਅਤੇ ਭਵਿੱਖ ਨਿਰਮਾਣ ਦੇ ਅਨੇਕ ਵਸੀਲੇ ਇਸ ਸੰਸਥਾ ਦੀ ਖਾਸੀਅਤ ਹਨ| ਉਹਨਾਂ ਵਿਦਿਆਰਥੀਆਂ ਨੂੰ ਦ੍ਰਿੜ ਕਰਵਾਇਆ ਕਿ ਉਹ ਆਪਣਾ ਧਿਆਨ ਮਿੱਥੇ ਹੋਏ ਨਿਸ਼ਾਨੇ ਵੱਲ ਸੇਧਿਤ ਰੱਖਣ|
ਅਪਰ ਨਿਰਦੇਸ਼ਕ ਸੰਚਾਰ ਡਾ. ਤੇਜਿੰਦਰ ਸਿੰਘ ਰਿਆੜ ਨੇ ਯੂਨੀਵਰਸਿਟੀ ਨੂੰ ਜਾਣੋ ਸੈਸ਼ਨ ਰਾਹੀਂ ਵਿਦਿਆਰਥੀਆਂ ਨੂੰ ਵੱਖ-ਵੱਖ ਗਤੀਵਿਧੀਆਂ ਅਤੇ ਕੇਂਦਰਾਂ ਦੇ ਨਾਲ-ਨਾਲ ਯੂਨੀਵਰਸਿਟੀ ਦੇ ਮੁੱਖ ਸਮਾਰਕਾਂ ਤੋਂ ਜਾਣੂੰ ਕਰਵਾਇਆ|
ਸਵਾਗਤ ਦੇ ਸ਼ਬਦ ਬੇਸਿਕ ਸਾਇੰਸਜ਼ ਕਾਲਜ ਦੇ ਡੀਨ ਡਾ. ਕਿਰਨ ਬੈਂਸ ਨੇ ਉਚਾਰੇ| ਉਹਨਾਂ ਨੇ ਅਕਾਦਮਿਕ ਸਫਰ ਦੀ ਨਵੀਂ ਸ਼ੁਰੂਆਤ ਲਈ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਮੌਜੂਦਾ ਯੁੱਗ ਮੁਹਾਰਤ ਅਤੇ ਅਕਾਦਮਿਕ ਯੋਗਤਾ ਵਿਚਕਾਰ ਸੁਮੇਲ ਬਨਾਉਣ ਦਾ ਹੈ| ਇਸਲਈ ਵਿਦਿਆਰਥੀਆਂ ਨੂੰ ਯੂਨੀਵਰਸਿਟੀ ਵਿਚ ਆਪਣੇ ਆਪ ਨੂੰ ਉਸਾਰੂ ਕਾਰਜਾਂ ਨਾਲ ਜੋੜਨਾ ਚਾਹੀਦਾ ਹੈ|
ਖੇਤੀ ਪੱਤਰਕਾਰੀ ਭਾਸ਼ਾਵਾਂ ਅਤੇ ਸੱਭਿਆਚਾਰ ਵਿਭਾਗ ਦੇ ਮੁਖੀ ਡਾ. ਸ਼ੀਤਲ ਥਾਪਰ ਨੇ ਦੀਕਸ਼ਾਰੰਭ ਪ੍ਰੋਗਰਾਮ ਦੇ ਆਸ਼ਿਆਂ ਉੱਪਰ ਚਾਨਣਾ ਪਾਉਂਦਿਆਂ ਵਿਦਿਆਰਥੀਆਂ ਨੂੰ ਅਧਿਆਪਕਾਂ ਨਾਲ ਮਜ਼ਬੂਤ ਸੰਬੰਧਾਂ ਵਿਚ ਜੁੜਨ ਅਤੇ ਭਵਿੱਖ ਦੇ ਨਿਰਮਾਣ ਲਈ ਯਤਨਸ਼ੀਲ ਰਹਿਣ ਦਾ ਸੱਦਾ ਦਿੱਤਾ|
ਤਕਨੀਕੀ ਸ਼ੈਸਨ ਦੌਰਾਨ ਡਾ. ਵੀ ਪੀ ਸੇਠੀ, ਡਾ. ਜਸਵਿੰਦਰ ਸਿੰਘ, ਕੁਮਾਰੀ ਕਸ਼ਿਸ਼ ਅਰੋੜਾ ਆਦਿ ਵਿਦਵਾਨਾਂ ਨੇ ਵਿਦਿਆਰਥੀਆਂ ਨੂੰ ਵੱਖ-ਵੱਖ ਵਿਸ਼ਿਆਂ ਸੰਬੰਧੀ ਵਿਚਾਰਾਂ ਤੋਂ ਜਾਣੂੰ ਕਰਵਾਇਆ| ਇਹ ਸਮਾਰੋਹ ਅਗਲੇ ਦੋ ਹਫ਼ਤਿਆਂ ਤੱਕ ਵਿਦਿਆਰਥੀਆਂ ਨੂੰ ਪ੍ਰੇਰਿਤ ਅਤੇ ਉਤਸ਼ਾਹਿਤ ਕਰਨ ਲਈ ਕਈ ਸ਼ੈਸਨਾਂ ਵਿੱਚੋਂ ਹੋ ਕੇ ਗੁਜ਼ਰੇਗਾ|

