
ਲੁਧਿਆਣਾ 29 ਜੁਲਾਈ (ਵਰਲਡ ਪੰਜਾਬੀ ਟਾਈਮਜ਼)
ਅੱਜ ਪੰਜਾਬ ਮੰਡੀ ਬੋਰਡ ਅਤੇ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਤੋਂ ਇਲਾਵਾ ਕੁਝ ਹੋਰ ਭਾਈਵਾਲਾਂ ਸਾਹਮਣੇ ਪੀ.ਏ.ਯੂ. ਵੱਲੋਂ ਵਿਕਸਿਤ ਕੀਤਾ ਮੱਕੀ ਡਰਾਇਅਰ ਪ੍ਰਦਰਸ਼ਿਤ ਕੀਤਾ ਗਿਆ| ਇਸ ਮੌਕੇ ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਅਤੇ ਖੇਤੀ ਇੰਜਨੀਅਰਿੰਗ ਕਾਲਜ ਦੇ ਡੀਨ ਡਾ. ਮਨਜੀਤ ਸਿੰਘ ਤੋਂ ਇਲਾਵਾ ਵਧੀਕ ਨਿਰਦੇਸ਼ਕ ਖੋਜ ਡਾ. ਮਹੇਸ਼ ਕੁਮਾਰ ਅਤੇ ਡਾ. ਤਰਸੇਮ ਚੰਦ ਮਿੱਤਲ ਵੀ ਮੌਜੂਦ ਸਨ|
ਪ੍ਰਦਰਸ਼ਨ ਦੌਰਾਨ ਮੱਕੀ ਡਰਾਇਅਰ ਰਾਹੀਂ ਮੱਕੀ ਸੁਕਾਉਣ ਦੀ ਪ੍ਰਕਿਰਿਆ ਦਿਖਾਈ ਗਈ| ਨਾਲ ਹੀ ਤਮਾਮ ਵਿਸ਼ੇਸ਼ਤਾਵਾਂ ਬਾਰੇ ਜਾਣਕਾਰੀ ਵੀ ਮੁਹੱਈਆ ਕਰਾਈ ਗਈ| ਪੰਜਾਬ ਮੰਡੀ ਬੋਰਡ ਦੇ ਅਧਿਕਾਰੀਆਂ ਨੇ ਪੰਜਾਬ ਦੀਆਂ ਮੰਡੀਆਂ ਵਿਚ ਇਸ ਡਰਾਇਅਰ ਦੀ ਮੌਜੂਦਗੀ ਮਹਿਸੂਸ ਕੀਤੀ| ਨਾਲ ਹੀ ਉਹਨਾਂ ਨੇ ਇਸ ਮਸ਼ੀਨ ਵੱਲੋਂ ਸੁਕਾਈ ਗਈ ਮੱਕੀ ਦੇ ਮਿਆਰ ਨੂੰ ਵੀ ਮਾਪਦੰਡਾਂ ਅਨੁਸਾਰ ਸਹੀ ਪਾਇਆ|
ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਇਸ ਡਰਾਇਅਰ ਨੂੰ ਵਿਕਸਿਤ ਕਰਨ ਲਈ ਵਿਭਾਗ ਦੀ ਸ਼ਲਾਘਾ ਕੀਤੀ| ਉਹਨਾਂ ਕਿਹਾ ਕਿ ਵਢਾਈ ਉਪਰੰਤ ਫਸਲਾਂ ਦੀ ਸਾਂਭ-ਸੰਭਾਲ ਦੀਆਂ ਤਕਨਾਲੋਜੀਆਂ ਕਿਫ਼ਾਇਤੀ ਅਤੇ ਕਿਸਾਨ ਪੱਖੀ ਹੋਣੀ ਚਾਹੀਦੀਆਂ ਹਨ ਅਤੇ ਇਹ ਮਸ਼ੀਨ ਅਨਾਜ ਦੇ ਮਿਆਰ ਨੂੰ ਬਰਕਰਾਰ ਰੱਖਦੀ ਹੋਈ ਭੰਡਾਰਨ ਦੇ ਨੁਕਸਾਨ ਘੱਟ ਕਰਦੀ ਹੈ| ਇਸ ਨਾਲ ਮੱਕੀ ਉਤਪਾਦਕਾਂ ਨੂੰ ਲਾਭ ਹੋਣ ਦੀ ਆਸ ਵੀ ਡਾ. ਗੋਸਲ ਨੇ ਪ੍ਰਗਟ ਕੀਤੀ|
ਪੰਜਾਬ ਮੰਡੀ ਬੋਰਡ ਅਤੇ ਖੇਤੀਬਾੜੀ ਵਿਭਾਗ ਦੇ ਅਧਿਕਾਰੀ ਡਰਾਇਅਰ ਦੇ ਪ੍ਰਦਰਸ਼ਨ ਤੋਂ ਖੁਸ਼ ਨਜ਼ਰ ਆਏ ਅਤੇ ਉਹਨਾਂ ਨੇ ਪੀ.ਏ.ਯੂ. ਵੱਲੋਂ ਵਿਕਸਿਤ ਤਕਨਾਲੋਜੀਆਂ ਬਾਰੇ ਤਸੱਲੀ ਪ੍ਰਗਟਾਈ|

