ਚੀਨੀ ਲੜੀਆਂ ਨਾਲੋਂ ਮਿੱਟੀ ਦੇ ਦੀਵੇ ਅਤੇ ਪਰਜਾਪਤ ਬਰਾਦਰੀ ਦਾ ਸਤਿਕਾਰ ਜ਼ਰੂਰੀ : ਪ੍ਰਦੀਪ ਮਿੱਤਲ
ਕੋਟਕਪੂਰਾ, 31 ਅਕਤੂਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਦੀਵਾਲੀ ਦਾ ਪਵਿੱਤਰ ਤਿਉਹਾਰ ਸਾਡੇ ਸਮਾਜ ਦਾ ਇੱਕ ਸਾਂਝਾ ਅਤੇ ਖੁਸ਼ੀਆਂ ਭਰਿਆ ਤਿਉਹਾਰ ਹੈ, ਪ੍ਰੰਤੂ ਇਹ ਤਿਉਹਾਰ ਪਰਜਾਪਤ (ਘੁਮਿਆਰ) ਬਰਾਦਰੀ ਦੇ ਲੋਕਾਂ ਲਈ ਵਿਸ਼ੇਸ਼ ਅਹਿਮੀਅਤ ਰੱਖਦਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ‘ਜੈ ਭੋਲੇ ਪੈਸਟੀਸਾਈਜ਼’ ਕੋਟਕਪੂਰਾ ਦੇ ਮਾਲਕ ਪ੍ਰਦੀਪ ਮਿੱਤਲ ਨੇ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਪੁਰਾਤਨ ਸਮੇਂ ਤੋਂ ਹੀ ਦੀਵਾਲੀ ਦੇ ਸ਼ੁਭ ਅਵਸਰ ‘ਤੇ ਮਿੱਟੀ ਦੇ ਦੀਵੇ ਬਾਲਣ ਦੀ ਪਰੰਪਰਾ ਚੱਲੀ ਆ ਰਹੀ ਹੈ, ਜਿਸ ਨਾਲ ਲੋੜਵੰਦ ਦੀਵਾ ਬਣਾਉਣ ਵਾਲੇ ਪਰਿਵਾਰਾਂ ਦਾ ਗੁਜ਼ਾਰਾ ਚੱਲਦਾ ਸੀ। ਪ੍ਰੰਤੂ ਅੱਜ-ਕੱਲ੍ਹ ਸਰਸੋਂ ਦੇ ਤੇਲ ਦੀਆਂ ਵਧਦੀਆਂ ਕੀਮਤਾਂ ਕਰਕੇ ਲੋਕਾਂ ਵੱਲੋਂ ਦੀਵੇ ਬਾਲਣ ਦਾ ਰੁਝਾਨ ਘਟਦਾ ਜਾ ਰਿਹਾ ਹੈ। ਤੇਲ ਮਹਿੰਗਾ ਹੋਣ ਕਾਰਨ ਲੋਕ ਬਾਜ਼ਾਰ ਵਿੱਚੋਂ ਸਸਤੀਆਂ ਚਾਈਨਾ ਲੜੀਆਂ (ਲਾਈਟਾਂ) ਨੂੰ ਤਰਜੀਹ ਦੇ ਰਹੇ ਹਨ, ਜਿਸ ਨਾਲ ਸਾਡੀ ਪਰੰਪਰਾਗਤ ਕਲਾ ਅਤੇ ਗਰੀਬ ਕਾਰੀਗਰਾਂ ਦੀ ਰੋਜ਼ੀ-ਰੋਟੀ ‘ਤੇ ਡਾਢਾ ਅਸਰ ਪੈ ਰਿਹਾ ਹੈ। ਪ੍ਰਦੀਪ ਮਿੱਤਲ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਚੀਨੀ ਸਾਮਾਨ ਅਤੇ ਲੜੀਆਂ ਦਾ ਤਿਆਗ ਕਰਕੇ ਮਿੱਟੀ ਦੇ ਦੀਵੇ ਬਾਲ ਕੇ ਦੀਵਾਲੀ ਮਨਾਈ ਜਾਵੇ। ਇਸ ਨਾਲ ਨਾ ਕੇਵਲ ਸਾਡੇ ਵਾਤਾਵਰਨ ਅਤੇ ਪਰੰਪਰਾ ਦੀ ਸੰਭਾਲ ਹੋਵੇਗੀ, ਬਲਕਿ ਪਰਜਾਪਤ ਬਰਾਦਰੀ ਦੇ ਗਰੀਬ ਪਰਿਵਾਰਾਂ ਦੇ ਘਰਾਂ ਵਿੱਚ ਵੀ ਖੁਸ਼ੀਆਂ ਦੀ ਰੋਸ਼ਨੀ ਫੈਲੇਗੀ।

