ਪੇਂਟਿੰਗ ਮੁਕਾਬਲੇ ਵਿੱਚ ਅਵਤਾਰ ਸਿੰਘ ਨੇ ਹਾਸਲ ਕੀਤਾ ਪਹਿਲਾ ਸਥਾਨ : ਪ੍ਰਿੰਸੀਪਲ ਪ੍ਰਿਅੰਕਾ ਮਹਿਤਾ
ਜੈਤੋ, 31 ਅਕਤੂਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ (ਫਰੀਦਕੋਟ-ਮੁਕਤਸਰ-ਬਠਿੰਡਾ ਜ਼ੋਨ, ਜ਼ੋਨ ਜੈਤੋ) ਵੱਲੋਂ ਬਾਬਾ ਨਾਮਦੇਵ ਭਵਨ, ਬਠਿੰਡਾ ਰੋਡ, ਜੈਤੋ ਵਿਖੇ ‘ਅੰਤਰ ਸਕੂਲ ਯੁਵਕ ਮੇਲਾ-2026’ ਬਹੁਤ ਉਤਸ਼ਾਹ ਨਾਲ ਕਰਵਾਇਆ ਗਿਆ। ਇਸ ’ਅੰਤਰ ਸਕੂਲ ਯੁਵਕ ਮੇਲਾ-2026’ ਵਿੱਚ ਬੱਚਿਆਂ ਅਤੇ ਨੌਜਵਾਨਾਂ ਦੇ ਨੈਤਿਕ, ਧਾਰਮਿਕ ਅਤੇ ਸ਼ਖ਼ਸੀਅਤ ਦੇ ਵਿਕਾਸ ਲਈ ਵੱਖ-ਵੱਖ ਪੱਧਰਾਂ ’ਤੇ ਵਿਦਿਅਕ ਅਤੇ ਲਿਖਤੀ ਮੁਕਾਬਲੇ, ਸਾਹਿਤਕ ਅਤੇ ਉਚਾਰਨ ਮੁਕਾਬਲੇ, ਕਲਾ ਅਤੇ ਰਚਨਾਤਮਕ ਮੁਕਾਬਲੇ, ਸੱਭਿਆਚਾਰਕ ਅਤੇ ਹੋਰ ਮੁਕਾਬਲੇ ਕਰਵਾਏ ਗਏ। ਇਸ ਵਿੱਚ ਸਿਲਵਰ ਓਕਸ ਸਕੂਲ, ਸੇਵੇਵਾਲਾ ਦੇ ਵਿਦਿਆਰਥੀਆਂ ਨੇ ਵੱਖ-ਵੱਖ ਮੁਕਾਬਲਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਸਕੂਲ ਅਤੇ ਮਾਪਿਆਂ ਦਾ ਨਾਂ ਰੋਸ਼ਨ ਕੀਤਾ। ਸਕੂਲ ਦੀ ਪ੍ਰਿੰਸੀਪਲ ਸ਼੍ਰੀਮਤੀ ਪ੍ਰਿਅੰਕਾ ਮਹਿਤਾ ਨੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਦੱਸਿਆ ਕਿ ਪੇਂਟਿੰਗ ਮੁਕਾਬਲੇ ਵਿੱਚ ਅਵਤਾਰ ਸਿੰਘ ਨੇ ਪਹਿਲਾ ਸਥਾਨ, ਸਲੋਗਨ ਲਿਖਣ ਮੁਕਾਬਲੇ ਵਿੱਚ ਮਨਸੀਰਤ ਕੌਰ ਨੇ ਪਹਿਲਾ ਅਤੇ ਰੀਤਇੰਦਰ ਕੌਰ ਨੇ ਕੰਸੋਲੇਸ਼ਨ ਇਨਾਮ ਪ੍ਰਾਪਤ ਕੀਤਾ। ਇਸੇ ਤਰ੍ਹਾਂ ਕਵਿਤਾ ਉਚਾਰਨ ਵਿੱਚ ਗੁਰਵੀਰ ਕੌਰ ਨੇ ਦੂਜਾ, ਇਤਿਹਾਸਕ ਪ੍ਰਸ਼ਨੋਤਰੀ (ਕੁਇਜ਼) ਵਿੱਚ ਪ੍ਰਭਜੋਤ ਕੌਰ ਅਤੇ ਸਾਨਵੀ ਗੋਇਲ ਦੇ ਗਰੁੱਪ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਇਸ ਸ਼ਾਨਦਾਰ ਪ੍ਰਾਪਤੀ ’ਤੇ ਸਕੂਲ ਦੀ ਪ੍ਰਿੰਸੀਪਲ ਸ੍ਰੀਮਤੀ ਪ੍ਰਿਅੰਕਾ ਮਹਿਤਾ ਜੀ ਨੇ ਜੇਤੂ ਵਿਦਿਆਰਥੀਆਂ, ਉਨ੍ਹਾਂ ਦੇ ਮਾਪਿਆਂ ਅਤੇ ਮਿਹਨਤੀ ਅਧਿਆਪਕਾਂ ਨੂੰ ਹਾਰਦਿਕ ਵਧਾਈ ਦਿੱਤੀ ਅਤੇ ਬੱਚਿਆਂ ਦੇ ਉੱਜਵਲ ਭਵਿੱਖ ਦੀ ਕਾਮਨਾ ਕਰਦਿਆਂ ਉਨ੍ਹਾਂ ਨੂੰ ਅਜਿਹੇ ਮੁਕਾਬਲਿਆਂ ਵਿੱਚ ਵੱਧ-ਚੜ੍ਹ ਕੇ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ।

