ਭਾਈ ਘਨੱਈਆ ਕੈਂਸਰ ਰੋਕੋ ਸੁਸਾਇਟੀ ਦਾ ਉਪਰਾਲਾ ਸ਼ਲਾਘਾਯੋਗ : ਪੋ੍ਰ ਹਰਪ੍ਰੀਤ ਸਿੰਘ

ਕੋਟਕਪੂਰਾ, 23 ਮਈ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਜਦੋਂ ਪੰਜਾਬ ਵਿੱਚ ਹਰਿਆਵਲ ਹੀ ਹਰਿਆਵਲ ਅਰਥਾਤ ਸੰਘਣੇ ਜੰਗਲ ਸਨ, ਉਸ ਸਮੇਂ ਅਸੀਂ ਬਹੁਤ ਪਟਾਕੇ/ਆਤਿਸ਼ਬਾਜੀ ਚਲਾ ਲਈ ਪਰ ਹੁਣ ਜੇਕਰ ਅੰਨੇਵਾਹ ਜੰਗਲਾਂ ਦੀ ਕਟਾਈ ਦੇ ਬਾਵਜੂਦ ਵੀ ਅਸੀਂ ਵਾਤਾਵਰਣ ਦੀ ਸੰਭਾਲ ਨਾ ਕੀਤੀ ਤਾਂ ਉਹ ਦਿਨ ਦੂਰ ਨਹੀਂ, ਜਿਸ ਦਿਨ ਹਰ ਬੱਚਾ ਜਨਮ ਮੌਕੇ ਬਿਮਾਰ ਪੈਦਾ ਹੋਵੇਗਾ ਅਤੇ ਪੰਜਾਬ ਬੰਜਰ ਹੋ ਜਾਵੇਗਾ। ‘ਭਾਈ ਘਨੱਈਆ ਕੈਂਸਰ ਰੋਕੋ ਸੇਵਾ ਸੁਸਾਇਟੀ’ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਚੰਦਬਾਜਾ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਿਕ ਕੋਟਕਪੂਰਾ ਗਰੁੱਪ ਆਫ ਫੈਮਿਲੀਜ਼ ਬਰੈਂਪਟਨ (ਕੈਨੇਡਾ) ਦੇ ਸਹਿਯੋਗ ਨਾਲ ਸਥਾਨਕ ਸਿੱਖਾਂਵਾਲਾ ਰੋਡ ’ਤੇ ਸਥਿੱਤ ਪ੍ਰਾਈਸਟਾਈਨ ਵਾਈਬ ਸਕੂਲ ਵਿਖੇ ਕਰਵਾਏ ਗਏ ਵਾਤਾਵਰਣ ਜਾਗਰੂਕਤਾ ਸੈਮੀਨਾਰ ਦੌਰਾਨ ਮੁੱਖ ਵਕਤਾ ਵਜੋਂ ਪੁੱਜੇ ਸੁਸਾਇਟੀ ਦੇ ਪੈ੍ਰਸ ਸਕੱਤਰ ਅਤੇ ਸਮਾਜਸੇਵੀ ਗੁਰਿੰਦਰ ਸਿੰਘ ਕੋਟਕਪੂਰਾ ਨੇ ਉਕਤ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਆਖਿਆ ਕਿ ਅੱਜ ਘਰ ਘਰ ਲੱਗੇ ਦਵਾਈਆਂ ਵਾਲੇ ਡੱਬੇ ਇਸ ਗੱਲ ਦਾ ਸੰਕੇਤ ਹਨ ਕਿ ਵਾਤਾਵਰਣ ਦੇ ਵਿਗਾੜ ਕਰਕੇ ਹੀ ਭਿਆਨਕ ਬਿਮਾਰੀਆਂ ਪੈਦਾ ਹੋ ਰਹੀਆਂ ਹਨ ਤੇ ਜੇਕਰ ਅਸੀਂ ਵਾਤਾਵਰਣ ਦੀ ਸੰਭਾਲ ਕਰਨੀ ਸ਼ੁਰੂ ਕਰ ਦਿੱਤੀ ਤਾਂ ਤੰਦਰੁਸਤ ਸਮਾਜ ਅਤੇ ਸਿਹਤਮੰਦ ਪੰਜਾਬ ਦੀ ਸਿਰਜਣਾ ਹੋਣੀ ਸੁਭਾਵਿਕ ਹੈ। ਉਹਨਾਂ ਅੰਕੜਿਆਂ ਸਹਿਤ ਦਲੀਲਾਂ ਦੇ ਕੇ ਪਾਣੀ ਦੀ ਬੱਚਤ, ਸਦਵਰਤੋਂ, ਵੱਧ ਤੋਂ ਵੱਧ ਬੂਟੇ ਲਾਉਣ, ਉਹਨਾ ਦੀ ਸੰਭਾਲ ਕਰਨ, ਕੁਦਰਤੀ ਸਰੋਤਾਂ ਨੂੰ ਬਚਾਉਣ ਬਾਰੇ ਵਿਸਥਾਰ ’ਚ ਸਮਝਾਇਆ ਕਿ ਅੱਜ ਤੋਂ ਦੋ ਦਹਾਕੇ ਅਰਥਾਤ 20 ਸਾਲ ਪਹਿਲਾਂ ਅਤੇ ਵਰਤਮਾਨ ਸਮੇਂ ਵਿੱਚ ਵਾਤਾਵਰਣ ਦੀ ਸੰਭਾਲ ਪੱਖੋਂ ਅਸੀਂ ਬਹੁਤ ਪੱਛੜ ਗਏ ਹਾਂ। ਉਹਨਾ ਦੱਸਿਆ ਕਿ ਦੁਬਈ ਵਰਗੀ ਮਾਰੂਥਲ ਵਾਲੀ ਧਰਤੀ ਨੂੰ ਉੱਥੋਂ ਦੇ ਵਸਨੀਕਾਂ ਨੇ ਹਰਿਆ ਭਰਿਆ ਕਰ ਦਿੱਤਾ ਪਰ ਸਾਡੀਆਂ ਗਲਤ ਨੀਤੀਆਂ ਅਤੇ ਮਾੜੀਆਂ ਆਦਤਾਂ ਨਾਲ ਖੁਸ਼ਹਾਲ ਤੇ ਰੰਗਲਾ ਅਰਥਾਤ ਹਰਿਆਵਲ ਵਾਲਾ ਪੰਜਾਬ ਬੰਜਰ ਹੋਣ ਵਾਲੀ ਸਥਿੱਤੀ ਵੱਲ ਵੱਧ ਰਿਹਾ ਹੈ ਤੇ ਅਸੀਂ ਕੋਈ ਚਿੰਤਾ ਤੱਕ ਪ੍ਰਗਟਾ ਨਹੀਂ ਰਹੇ। ਪ੍ਰੋ. ਹਰਪ੍ਰੀਤ ਸਿੰਘ ਨੇ ਮੁੱਖ ਵਕਤਾ ਗੁਰਿੰਦਰ ਸਿੰਘ ਅਤੇ ਸੁਸਾਇਟੀ ਦੇ ਸੀਨੀਅਰ ਮੈਂਬਰ ਵਰਿੰਦਰਪਾਲ ਸਿੰਘ ਅਰਨੇਜਾ ਐਲ.ਆਈ.ਸੀ. ਐਡਵਾਈਜਰ ਨੂੰ ਜੀ ਆਇਆਂ ਆਖਦਿਆਂ ਕਿਹਾ ਕਿ ਬੱਚਿਆਂ ਉਪਰ ਇਸ ਸੈਮੀਨਾਰ ਦਾ ਚੰਗਾ ਪ੍ਰਭਾਵ ਪੈਣਾ ਸੁਭਾਵਿਕ ਹੈ। ਉਹਨਾ ਦੱਸਿਆ ਕਿ ਮੈਡਮ ਰੀਮਾ ਬਾਂਸਲ, ਮੈਡਮ ਸਪਨਾ ਕਮਲ ਅਤੇ ਪ੍ਰੋ ਸੁਖਪ੍ਰੀਤ ਕੌਰ ਸਮੇਤ ਸਮੁੱਚੇ ਸਟਾਫ ਨੇ ਵੀ ਵਾਤਾਵਰਣ ਦੀ ਸੰਭਾਲ ਲਈ ਕੀਤੀ ਇਕ ਇਕ ਗੱਲ ਨੂੰ ਪ੍ਰਵਾਨ ਕਰਦਿਆਂ ਸੰਤੁਸ਼ਟੀ ਅਤੇ ਸਹਿਮਤੀ ਪ੍ਰਗਟਾਈ ਹੈ। ਉਹਨਾ ਦੱਸਿਆ ਕਿ ਸਕੂਲ ਦਾ ਚੌਗਿਰਦਾ ਹਰਿਆ ਭਰਿਆ ਹੋਣ ਦਾ ਇਕ ਕਾਰਨ ਇਹ ਵੀ ਹੈ ਕਿ ਹਰ ਇਕ ਵਿਦਿਆਰਥੀ/ਵਿਦਿਆਰਥਣ ਆਪਣੇ ਜਨਮਦਿਨ ਮੌਕੇ ਇਕ ਇਕ ਬੂਟਾ ਲਾ ਕੇ ਉਸ ਦੀ ਸੰਭਾਲ ਯਕੀਨੀ ਬਣਾਉਂਦਾ ਹੈ। ਅੰਤ ਵਿੱਚ ਬੱਚਿਆਂ ਨੂੰ ਜਾਗਰੂਕਤਾ ਵਾਲੀਆਂ ਕਾਪੀਆਂ ਵੀ ਮੁਫਤ ਵੰਡੀਆਂ ਗਈਆਂ। ਬੱਚਿਆਂ ਨੇ ਸਾਰੀ ਉਮਰ ਪਟਾਕੇ ਨਾ ਚਲਾਉਣ ਅਤੇ ਵਾਤਾਵਰਣ ਦੀ ਸੰਭਾਲ ਕਰਨ ਦਾ ਪ੍ਰਣ ਕੀਤਾ। ਇਸ ਮੌਕੇ ਬੱਚਿਆਂ ਨੇ ‘ਜਾਗਾਂਗੇ-ਜਗਾਵਾਂਗੇ-ਵਾਤਾਵਰਣ ਬਚਾਵਾਂਗੇ’ ਦੇ ਨਾਹਰਿਆਂ ਨਾਲ ਸਕੂਲ ਦਾ ਕੰਪਲੈਕਸ ਗੂੰਜ਼ਣ ਲਾ ਦਿੱਤਾ।

