19 ਲੱਖ 62 ਹਜਾਰ ਰੁਪਏ ਦੀ ਆਮਦਨ ਸਰਕਾਰੀ ਖ਼ਜ਼ਾਨੇ ਵਿੱਚ ਜੋੜੀ ਗਈ : ਐਸ.ਐਸ.ਪੀ
ਕੋਟਕਪੂਰਾ, 23 ਮਈ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਡਾ. ਪ੍ਰਗਿਆ ਜੈਨ ਐਸ.ਐਸ.ਪੀ. ਫਰੀਦਕੋਟ ਵੱਲੋਂ ਪ੍ਰਸ਼ਾਸਨਿਕ ਪਾਰਦਰਸ਼ਤਾ ਅਤੇ ਸੁਚੱਜੇ ਪ੍ਰਬੰਧਨ ਵੱਲ ਦਿਨ–ਪ੍ਰਤੀ ਦਿਨ ਨਵੇਂ ਕਦਮ ਚੁੱਕੇ ਜਾ ਰਹੇ ਹਨ, ਇਸੇ ਦੀ ਲੜੀ ਵਿੱਚ ਫਰੀਦਕੋਟ ਪੁਲਿਸ ਵਿਭਾਗ ਵੱਲੋ ਐਨ.ਡੀ.ਪੀ.ਐਸ ਮਾਮਲਿਆ, ਹੋਰ ਵੱਖ-ਵੱਖ ਮੁਕੱਦਮਿਆ ਅਤੇ ਲਾਵਾਰਿਸ ਮਿਲੇ ਵੱਖ-ਵੱਖ ਥਾਣਿਆ ਦੇ ਕੁੱਲ 123 ਵਹੀਕਲਾਂ ਨੂੰ ਯੋਗ ਪ੍ਰਣਾਲੀ ਰਾਹੀ ਪੁਲਿਸ ਲਾਈਨ ਫਰੀਦਕੋਟ ਵਿਖੇ ਖੁੱਲ੍ਹੀ ਬੋਲੀ ਕਰਵਾ ਕੇ ਨਿਲਾਮ ਕਰਵਾਇਆ ਗਿਆ। ਇਹਨਾ ਵਾਹਨਾਂ ਦੀ ਨਿਲਾਮੀ ਕਰਕੇ ਸਰਕਾਰੀ ਖ਼ਜ਼ਾਨੇ ਵਿੱਚ 19 ਲੱਖ 62 ਹਜਾਰ ਰੁਪਏ ਦੀ ਮਹੱਤਵਪੂਰਨ ਆਮਦਨ ਦਾ ਵਾਧਾ ਹੋਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸ਼੍ਰੀ ਨਵੀਨ ਕੁਮਾਰ ਡੀ.ਐਸ.ਪੀ. (ਸਥਾਨਿਕ) ਫਰੀਦਕੋਟ ਨੇ ਦੱਸਿਆ ਕਿ ਇਹਨਾ ਵਿਚੋ ਕੁੱਲ 123 ਵਹੀਕਲਾਂ ਵਿੱਚੋ 29 ਚਾਰ ਪਹੀਆਂ ਵਾਹਨ ਅਤੇ 94 ਦੋ ਪਹੀਆ ਵਹੀਕਲ ਸ਼ਾਮਿਲ ਸਨ। ਜਿਹਨਾ ਦੀ ਨਿਲਾਮੀ ਲਈ 34 ਦੇ ਕਰੀਬ ਬੋਲੀਕਾਰਾ ਵੱਲੋਂ ਇਸ ਵਿੱਚ ਭਾਗ ਲਿਆ ਗਿਆ, ਜਿਸ ਦੌਰਾਨ ਇਹ ਬੋਲੀ 19 ਲੱਖ 62 ਹਜਾਰ ਰੁਪਏ ਪਰ ਖਤਮ ਹੋਈ। ਡੀ.ਐਸ.ਪੀ. ਨਵੀਨ ਕੁਮਾਰ ਨੇ ਕਿਹਾ ਕਿ ਇਹਨਾ ਵਾਹਨਾ ਵਿੱਚ ਮੋਟਰਸਾਈਕਲਾ ਦੀ ਸੰਖਿਆ ਜਿਆਦਾ ਸੀ, ਜਿੰਨਾ ਨੂੰ ਕਿ ਜਿਲਾ ਪੁਲਿਸ ਵੱਲੋ ਜਬਤ ਕੀਤਾ ਗਿਆ ਸੀ ਪਰ ਇਹਨਾ ਨੂੰ ਕਿਸੇ ਵੱਲੋ ਵੀ ਛੁਡਵਾਉਣ ਲਈ ਕੋਈ ਵੀ ਚਿੰਰਾਜੋਈ ਨਹੀ ਕੀਤੀ ਗਈ ਸੀ ਅਤੇ ਜਿਹਨਾ ਦੀ ਹਾਲਤ ਹੁਣ ਖਸਤਾ ਹੋ ਚੁੱਕੀ ਸੀ। ਡਾ. ਪ੍ਰਗਿਆ ਜੈਨ ਨੇ ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਾਹਨ ਡਿਸਪੋਜ਼ਲ ਕਮੇਟੀ ਮੈਂਬਰਾਂ ਦੀ ਮੌਜੂਦਗੀ ਵਿਚ ਕਾਨੂੰਨੀ ਪ੍ਰਕਿਰਿਆ ਅਪਣਾਉਦੇ ਹੋਏ ਜਿਲ੍ਹਾ ਫਰੀਦਕੋਟ ਦੇ ਥਾਣਾ ਸਿਟੀ ਫਰੀਦਕੋਟ ਦੇ 95 ਮੁਕੱਦਮਿਆਂ ਨਾਲ ਸਬੰਧਤ ਵਹੀਕਲਾ ਦੀ ਨਿਲਾਮੀ ਕੀਤੀ ਗਈ ਹੈ। ਜਿੰਨਾ ਵਿੱਚੋ 24 ਐਨ.ਡੀ.ਪੀ.ਐਸ ਐਕਟ ਨਾਲ ਸਬੰਧਤ ਮੁਕੱਦਮਿਆ ਦੇ 24 ਵਹੀਕਲ ਅਤੇ ਹੋਰ ਮਾਮਲਿਆ ਨਾਲ ਸਬੰਧਤ 71 ਮੁਕੱਦਮਿਆ ਦੇ 99 ਵਹੀਕਲ ਸ਼ਾਮਿਲ ਸਨ। ਨਸ਼ਿਆਂ ਸਮੇਤ ਹੋਰ ਮੁਕੱਦਮਿਆਂ ਵਿਚ ਬਰਾਮਦਸ਼ੁਦਾ ਵਹੀਕਲ ਬਿਨਾਂ ਕਾਗ਼ਜ਼ਾਤ ਤੇ ਦੁਬਾਰਾ ਨਾ ਵਰਤੋਂਯੋਗ ਸਕਰੈਪ ਦੀ ਨਿਲਾਮੀ (ਖੁੱਲੀ ਬੋਲੀ) ਕਰਵਾਈ ਗਈ। ਉਹਨਾ ਕਿਹਾ ਕਿ ਨਿਲਾਮੀ ਦੀ ਕੁੱਲ ਰਕਮ 19,62,000/- ਰੁਪਏ ਸਰਕਾਰੀ ਖ਼ਜ਼ਾਨੇ ਵਿੱਚ ਜਮਾਂ ਕਰਵਾਈ ਗਈ ਹੈ। ਉਹਨਾ ਦੱਸਿਆ ਕਿ ਇਨਾਂ ਵਾਹਨਾਂ ਨਾਲ ਸਬੰਧਤ ਮੁਕੱਦਮਿਆਂ ਦਾ ਫੈਸਲਾ ਹੋ ਚੁੱਕਾ ਹੈ ਪਰ ਕਿਸੇ ਵਿਅਕਤੀ ਵੱਲੋਂ ਇਹ ਵਹੀਕਲ ਕਲੇਮ ਨਹੀ ਕੀਤੇ ਗਏ ਅਤੇ ਇਨ੍ਹਾਂ ਵਹੀਕਲਾਂ ਕਰਕੇ ਥਾਣਿਆਂ ਵਿਚ ਕਾਫੀ ਜਗਾ ਘੇਰੀ ਹੋਈ ਸੀ। ਇਸ ਦੇ ਵਾਲ ਹੀ ਇਹ ਵੀ ਦੱਸਣਯੋਗ ਹੈ ਕਿ ਅਪ੍ਰੈਲ ਮਹੀਨੇ ਦੌਰਾਨ ਵੀ 161 ਵਹੀਕਲਾਂ ਦੀ ਨਿਲਾਮੀ ਕਰਵਾਈ ਗਈ ਸੀ। ਡਾ. ਪ੍ਰਗਿਆ ਜੈਨ ਨੇ ਕਿਹਾ ਕਿ ਵਹੀਕਲਾ ਦੀ ਨਿਲਾਮੀ ਹੋਣ ਨਾਲ ਥਾਣਿਆ ਅਤੇ ਪੁਲਿਸ ਲਾਈਨ ਵਿੱਚ ਕਾਫੀ ਜਗਾ ਖਾਲੀ ਹੋ ਜਾਵੇਗੀ। ਜਿਸਨੂੰ ਵਰਤੋਯੋਗ ਬਣਾਇਆ ਜਾ ਸਕੇਗਾ। ਇਸ ਦੇ ਨਾਲ ਹੀ ਬਾਕੀ ਰਹਿੰਦੇ ਵਾਹਨਾਂ ਸਬੰਧੀ ਵੀ ਰਿਕਾਰਡ ਤਿਆਰ ਕਰਵਾਇਆ ਜਾ ਰਿਹਾ ਹੈ ਅਤੇ ਇਹ ਵਾਹਨ ਵੀ ਜਲਦੀ ਨਿਲਾਮ ਕੀਤੇ ਜਾਣਗੇ।

